ਚੋਰੀ ਦੇ ਪੰਜ ਮੋਟਰਸਾਈਕਲਾਂ ਸਣੇ ਗ੍ਰਿਫਤਾਰ
ਟ੍ਰਿਬਿਊਨ ਨਿਊਜ਼ ਸਰਵਿਸ
ਅੰਮ੍ਰਿਤਸਰ, 3 ਅਪਰੈਲ
ਪੁਲੀਸ ਨੇ ਇੱਕ ਵਿਅਕਤੀ ਨੂੰ ਕਾਬੂ ਕਰ ਕੇ ਉਸ ਕੋਲੋਂ ਚੋਰੀ ਦੇ ਪੰਜ ਮੋਟਰਸਾਈਕਲ ਬਰਾਮਦ ਕੀਤੇ ਹਨ। ਇਸ ਤੋਂ ਇਲਾਵਾ ਮੋਟਰਸਾਈਕਲ ਦੀ ਜਾਅਲੀ ਆਰਸੀ ਅਤੇ ਜਾਅਲੀ ਨੰਬਰ ਪਲੇਟ ਵੀ ਬਰਾਮਦ ਕੀਤੇ ਗਏ ਹਨ।
ਇਸ ਸਬੰਧੀ ਗ੍ਰਿਫ਼ਤਾਰ ਕੀਤੇ ਗਏ ਵਿਅਕਤੀ ਦੀ ਸ਼ਨਾਖਤ ਗੁਰਪ੍ਰੀਤ ਸਿੰਘ ਉਰਫ ਗੋਪੀ ਵਾਸੀ ਪਿੰਡ ਕਾਜੀਕੋਟ ਜ਼ਿਲ੍ਹਾ ਤਰਨ ਤਾਰਨ ਵਜੋਂ ਹੋਈ ਹੈ।
ਇਸੇ ਦੌਰਾਨ ਸੀਆਈਏ ਸਟਾਫ ਦੀ ਪੁਲੀਸ ਨੇ ਅੰਮ੍ਰਿਤਸਰ ਦੇ ਇੱਕ ਘਰ ਵਿੱਚੋਂ ਚੋਰੀ ਕਰਨ ਵਾਲੇ ਮੁਲਜ਼ਮ ਨੂੰ ਕਾਬੂ ਕੀਤਾ ਹੈ ਅਤੇ ਉਸ ਕੋਲੋਂ 130 ਗ੍ਰਾਮ ਸੋਨੇ ਦੇ ਗਹਿਣੇ ਬਰਾਮਦ ਕੀਤੇ ਹਨ। ਮੁਲਜ਼ਮ ਦੀ ਸ਼ਨਾਖਤ ਲੁਕਸ ਮਸੀਹ ਵਜੋਂ ਹੋਈ ਹੈ। ਉਸ ਦੇ ਖ਼ਿਲਾਫ਼ ਪਹਿਲਾਂ ਵੀ 9 ਕੇਸ ਦਰਜ ਹਨ। ਵੱਖਰੇ ਮਾਮਲੇ ਵਿੱਚ ਸਿਵਲ ਲਾਈਨ ਦੀ ਪੁਲੀਸ ਨੇ ਰਾਹਗੀਰਾਂ ਕੋਲੋਂ ਲੁੱਟ ਖੋਹ ਕਰਨ ਦੇ ਦੋਸ਼ ਹੇਠ ਇੱਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਹੈ ਜਿਸ ਦੀ ਸ਼ਨਾਖਤ ਸਾਹਿਲ ਗਿੱਲ ਉਰਫ ਰਾਜਨ ਵਜੋਂ ਹੋਈ ਹੈ। ਪੁਲੀਸ ਨੇ ਉਸ ਕੋਲੋਂ ਇੱਕ ਬਿਨਾਂ ਨੰਬਰ ਵਾਲਾ ਸਕੂਟਰ ਅਤੇ ਦੋ ਮੋਬਾਈਲ ਫੋਨ ਬਰਾਮਦ ਕੀਤੇ ਹਨ। ਇਸ ਸੰਬੰਧ ਵਿੱਚ ਸਿਮਰਨਜੀਤ ਕੌਰ ਨਾਂ ਦੀ ਔਰਤ ਵੱਲੋਂ ਸ਼ਿਕਾਇਤ ਕੀਤੀ ਗਈ ਸੀ ਕਿ ਉਹ ਸਵੇਰੇ ਪੈਦਲ ਜਾ ਰਹੀ ਸੀ ਤਾਂ ਪਿੱਛੋਂ ਆਏ ਇੱਕ ਅਨਪਛਾਤੇ ਵਿਅਕਤੀ ਨੇ ਉਸ ਦਾ ਮੋਬਾਈਲ ਖੋਹ ਲਿਆ ਅਤੇ ਫਰਾਰ ਹੋ ਗਿਆ।