ਚੋਰੀ ਦੇ ਦੋ ਮੋਟਰਸਾਈਕਲਾਂ ਸਣੇ ਕਾਬੂ
ਥਾਣਾ ਕਾਦੀਆਂ ਦੀ ਪੁਲੀਸ ਨੇ ਚੋਰੀ ਦੇ ਦੋ ਮੋਟਰਸਾਈਕਲਾਂ ਸਮੇਤ ਇੱਕ ਨੌਜਵਾਨ ਨੂੰ ਗ੍ਰਿਫ਼ਤਾਰ ਕਰ ਕੇ ਉਸ ਵਿਰੁੱਧ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਹੈ। ਮੁਲਜ਼ਮ ਦੀ ਪਛਾਣ ਲਵਪ੍ਰੀਤ ਸਿੰਘ ਵਾਸੀ ਪਿੰਡ ਤੱਤਲਾ ਵਜੋਂ ਹੋਈ ਹੈ। ਇਸ ਸਬੰਧੀ ਥਾਣਾ ਕਾਦੀਆਂ ਦੇ ਮੁਖੀ ਨਿਰਮਲ ਸਿੰਘ ਨੇ ਦੱਸਿਆ ਕਿ ਨਵਜੀਵਨ ਸਿੰਘ ਨੇ ਪੁਲੀਸ ਨੂੰ ਸ਼ਿਕਾਇਤ ਕੀਤੀ ਸੀ ਕਿ ਉਹ 4 ਮਾਰਚ ਸ਼ਾਮ ਨੂੰ ਕਰੀਬ 5.30 ਵਜੇ ਆਪਣਾ ਕਾਲੇ ਰੰਗ ਦਾ ਸਪਲੈਂਡਰ ਮੋਟਰਸਾਈਕਲ ਨੰਬਰ ਪੀਬੀ 35 ਏਏ 7121 ਆਪਣੇ ਮਾਮਾ ਬਲਦੇਵ ਸਿੰਘ ਦੇ ਘਰ ਦੇ ਬਾਹਰ ਗਲੀ ਵਿੱਚ ਖੜ੍ਹਾ ਕਰ ਕੇ ਘਰ ਅੰਦਰ ਚਲਾ ਗਿਆ ਸੀ। ਸਾਮ ਕਰੀਬ 6.15 ਵਜੇ ਜਦੋਂ ਉਹ ਘਰ ਦੇ ਬਾਹਰ ਨਿਕਲਿਆ ਤਾਂ ਮੋਟਰਸਾਈਕਲ ਗਾਇਬ ਸੀ। ਉਸ ਨੇ ਆਪਣੇ ਮਾਮਾ ਜੀ ਦੇ ਘਰ ਲੱਗੇ ਸੀਸੀਟੀਵੀ ਕੈਮਰੇ ਚੈੱਕ ਕੀਤੇ ਤਾਂ ਇੱਕ ਅਣਪਛਾਤਾ ਨੌਜਵਾਨ ਮੋਟਰਸਾਈਕਲ ਚੋਰੀ ਕਰ ਕੇ ਲਿਜਾਂਦਾ ਦਿਖਾਈ ਦਿੱਤਾ। ਇਸ ਦੌਰਾਨ ਮੁੱਦਈ (ਨਵਜੀਵਨ ਸਿੰਘ) ਨੂੰ ਪਤਾ ਲੱਗਾ ਕਿ ਉਸ ਦਾ ਮੋਟਰਸਾਈਕਲ ਲਵਪ੍ਰੀਤ ਸਿੰਘ ਨੇ ਚੋਰੀ ਕੀਤਾ ਹੈ। ਉਸ ਦੀ ਸ਼ਿਕਾਇਤ ’ਤੇ ਲਵਪ੍ਰੀਤ ਸਿੰਘ ਨੂੰ ਮੋਟਰਸਾਈਕਲ ਸਣੇ ਕਾਬੂ ਕਰਕੇ ਜਦੋਂ ਉਸ ਕੋਲੋਂ ਸਖਤੀ ਨਾਲ ਪੁੱਛਗਿੱਛ ਕੀਤੀ ਗਈ ਤਾਂ ਉਸ ਕੋਲੋਂ ਚੋਰੀ ਦਾ ਇੱਕ ਹੋਰ ਮੋਟਰਸਾਈਕਲ ਬਰਾਮਦ ਕੀਤਾ ਗਿਆ।