ਚਾਉਕੇ ਦੇ ਆਦਰਸ਼ ਸਕੂਲ ਅੱਗੇ ਧਰਨੇ ’ਤੇ ਬੈਠੇ ਅਧਿਆਪਕ ਖਦੇੜੇ
ਰਮਨਦੀਪ ਸਿੰਘ
ਰਾਮਪੁਰਾ ਫੂਲ, 26 ਮਾਰਚ
ਪੰਜਾਬ ਪੁਲੀਸ ਵੱਲੋਂ ਅੱਜ ਪਿੰਡ ਚਾਉਕੇ ਦੇ ਆਦਰਸ਼ ਸਕੂਲ ਦੇ ਮੁੱਖ ਗੇਟ ਅੱਗੇ ਕਰੀਬ 63 ਦਿਨਾਂ ਤੋਂ ਧਰਨੇ ’ਤੇ ਬੈਠੇ ਸਕੂਲ ਦੇ ਅਧਿਆਪਕਾਂ ਖ਼ਿਲਾਫ਼ ਕਾਰਵਾਈ ਕਰਦਿਆਂ ਸਕੂਲ ਨੂੰ ਲਾਇਆ ਜਿੰਦਾ ਖੁੱਲ੍ਹਵਾ ਦਿੱਤਾ ਹੈ। ਅੱਜ ਸ਼ਾਮ ਨੂੰ ਵੱਡੀ ਗਿਣਤੀ ਵਿੱਚ ਆਈ ਪੁਲੀਸ ਨੇ ਧਰਨਾਕਾਰੀਆਂ ਨੂੰ ਜਬਰੀ ਹਟਾ ਕੇ ਉਨ੍ਹਾਂ ਦਾ ਟੈਂਟ ਪੁੱਟ ਦਿੱਤਾ। ਇਸ ਮਗਰੋਂ ਪੁਲੀਸ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਕੇ ਲੈ ਗਈ। ਪੁਲੀਸ ਕਾਰਵਾਈ ਦੌਰਾਨ ਕੁਝ ਧਰਨਾਕਾਰੀਆਂ ਨੂੰ ਸੱਟਾਂ ਵੀ ਲੱਗੀਆਂ। ਇਹ ਆਦਰਸ਼ ਸਕੂਲ ਸਰਕਾਰ ਵੱਲੋਂ ਪ੍ਰਾਈਵੇਟ ਭਾਈਵਾਲ ਨਾਲ ਮਿਲ ਕੇ ਚਲਾਇਆ ਜਾ ਰਿਹਾ ਸੀ। ਇਸ ਵਿੱਚ ਪੜ੍ਹਾਉਣ ਵਾਲੇ ਅਧਿਆਪਕਾਂ ਨੇ ਸਕੂਲ ਮੈਨੇਜਮੈਂਟ ’ਤੇ ਕੁਝ ਅਧਿਆਪਕਾਂ ਨੂੰ ਜਬਰੀ ਹਟਾਉਣ ਤੇ ਤਨਖ਼ਾਹਾਂ ਨਾ ਦੇਣ ਦੇ ਦੋਸ਼ ਲਗਾਏ ਸਨ। ਮੈਨੇਜਮੈਂਟ ਨੇ ਇਹ ਦੋਸ਼ ਬੇਬੁਨਿਆਦ ਦੱਸਦਿਆਂ ਅਧਿਆਪਕਾਂ ਦੀਆਂ ਮੰਗਾਂ ਮੰਨਣ ਤੋਂ ਇਨਕਾਰ ਕਰ ਦਿੱਤਾ ਸੀ।
ਇਸ ਸਬੰਧ ਵਿੱਚ ਪ੍ਰਸ਼ਾਸਨ ਨੇ ਕਮੇਟੀ ਕਾਇਮ ਕੀਤੀ ਸੀ। ਇਸ ਨੇ ਅਗਲੇ ਦਿਨਾਂ ’ਚ ਆਪਣੀ ਰਿਪੋਰਟ ਸੌਂਪਣੀ ਸੀ। ਅੱਜ ਸ਼ਾਮ ਨੂੰ ਪੁੱਜੀ ਵੱਡੀ ਗਿਣਤੀ ਪੁਲੀਸ ਨੇ ਧਰਨਾਕਾਰੀਆਂ ਨੂੰ ਖਦੇੜ ਕੇ ਸਕੂਲ ਦਾ ਗੇਟ ਖੁੱਲ੍ਹਵਾ ਦਿੱਤਾ। ਸੂਤਰਾਂ ਅਨੁਸਾਰ ਲਗਪਗ ਤਿੰਨ ਦਰਜਨ ਅਧਿਆਪਕਾਂ ਅਤੇ ਕਈ ਕਿਸਾਨ ਆਗੂਆਂ ਨੂੰ ਪੁਲੀਸ ਨੇ ਹਿਰਾਸਤ ’ਚ ਲੈ ਲਿਆ। ਬੀਕੇਯੂ ਏਕਤਾ (ਉਗਰਾਹਾਂ) ਜ਼ਿਲ੍ਹਾ ਬਠਿੰਡਾ ਦੇ ਪ੍ਰਧਾਨ ਸ਼ਿੰਗਾਰਾ ਸਿੰਘ ਮਾਨ ਤੇ ਡੀਟੀਐੱਫ ਬਠਿੰਡਾ ਨੇ ਘਟਨਾ ਦੀ ਨਿਖੇਧੀ ਕੀਤੀ ਗਈ ਹੈ।