ਚਾਲੀ ਖੂਹ ’ਚ ਮੀਆਵਾਕੀ ਜੰਗਲ ਲੋਕਾਂ ਨੂੰ ਸਮਰਪਿਤ
ਜਗਤਾਰ ਸਿੰਘ ਲਾਂਬਾ
ਅੰਮ੍ਰਿਤਸਰ, 2 ਅਪਰੈਲ
ਸਥਾਨਕ ਜੌੜਾ ਫ਼ਾਟਕ ਨੇੜੇ ਸਥਿਤ ਪੁਰਾਤਨ ਚਾਲੀ ਖੂਹ ਪਾਰਕ ਦੇ 2.5 ਏਕੜ ਖੇਤਰ ਵਿੱਚ ਜਪਾਨੀ ਵਿਧੀ ਨਾਲ ਸਥਾਪਿਤ ਮੀਆਵਾਕੀ ਜੰਗਲ ਅੱਜ ਜਨਤਾ ਲਈ ਖੋਲ੍ਹ ਦਿੱਤਾ ਗਿਆ। ਇਹ ਜੰਗਲ ਵਰਧਮਾਨ ਸਟੀਲ ਕੰਪਨੀ ਲਿਮਟੇਡ ਵੱਲੋਂ ਜ਼ਿਲ੍ਹਾ ਪ੍ਰਸਾਸ਼ਨ ਦੇ ਸਹਿਯੋਗ ਨਾਲ ਸਥਾਪਤ ਕੀਤਾ ਗਿਆ। ਜੰਗਲ ਦਾ ਉਦਘਾਟਨ ਵੀਐੱਸਐੱਸਐੱਲ ਦੇ ਵਾਈਸ ਚੇਅਰਮੈਨ ਸਚਿਤ ਜੈਨ, ਵਿਧਾਇਕ ਡਾ. ਜੀਵਨਜੋਤ ਕੌਰ ਅਤੇ ਡੀਸੀ ਸਾਕਸ਼ੀ ਸਾਹਨੀ ਨੇ ਕੀਤਾ।
ਸਚਿਤ ਜੈਨ ਨੇ ਅੰਮ੍ਰਿਤਸਰ ਵਿੱਚ ਹਰਿਆਲੀ ਨੂੰ ਵਧਾਉਣ ਲਈ ਡੀਸੀ ਤੇ ਕਮਿਸ਼ਨਰ ਕਾਰਪੋਰੇਸ਼ਨ ਵੱਲੋਂ ਕੀਤੇ ਜਾ ਰਹੇ ਨਿਰੰਤਰ ਯਤਨਾਂ ਦੀ ਸਰਾਹਨਾ ਕਰਦੇ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਦੀ ਸਹਾਇਤਾ ਨਾਲ ਹੀ ਅੰਮ੍ਰਿਤਸਰ ਵਿੱਚ ਇਹ ਜੰਗਲ ਲਗਾਉਣ ਵਿੱਚ ਕਾਮਯਾਬ ਹੋਏ ਹਨ। ਉਨ੍ਹਾਂ ਦੱਸਿਆ ਕਿ ਮੀਆਵਾਕੀ ਜੰਗਲ ਜਪਾਨੀ ਸਾਇੰਸਦਾਨ ਅਕੀਰਾ ਮੀਆਂ ਵਾਕੀ ਵਲੋਂ ਵਿਕਸਿਤ ਕੀਤੀ ਇੱਕ ਵਿਗਿਆਨਿਕ ਵਿਧੀ ਹੈ, ਜਿਸ ਰਾਹੀ ਸ਼ਹਿਰੀ ਖੇਤਰ ਵਿੱਚ ਘੱਟ ਜ਼ਮੀਨ ਉੱਪਰ ਵੀ ਵਧੀਆ ਕਿਸਮ ਦਾ ਜੰਗਲ ਉਸਾਰਿਆ ਜਾ ਸਕਦਾ ਹੈ। ਵਿਧਾਇਕ ਜੀਵਨਜੋਤ ਕੌਰ ਨੇ ਕਿਹਾ ਕਿ ਪਿਛਲੇ ਕੁਝ ਸਾਲਾਂ ਵਿੱਚ ਪੂਰੀ ਦੁਨੀਆ ਵਿੱਚ ਜੰਗਲਾਂ ਦਾ ਰਕਬਾ ਘੱਟਿਆ ਹੈ ਅਤੇ ਭਵਿੱਖ ਵਿੱਚ ਸ਼ਹਿਰਾਂ ਵਿੱਚ ਹਰੀ ਪੱਟੀ ਨੂੰ ਵਧਾਉਣਾ ਅਤਿ ਜ਼ਰੂਰੀ ਹੈ। ਡੀਸੀ ਸਾਕਸ਼ੀ ਸਾਹਨੀ ਨੇ ਬਰਸਾਤ ਦੇ ਸੀਜ਼ਨ ਵਿੱਚ ਰੁੱਖ ਲਗਾਉਣ ਦੀ ਵਿਸ਼ੇਸ਼ ਮੁਹਿੰਮ ਸ਼ੁਰੂ ਕਰਨ ਦਾ ਐਲਾਨ ਕਰਦੇ ਦੱਸਿਆ ਕਿ ਇਹ ਆਪਣੀ ਤਰ੍ਹਾਂ ਦਾ ਅੰਮ੍ਰਿਤਸਰ ਸ਼ਹਿਰ ਦਾ ਪਹਿਲਾ ਪ੍ਰਾਜੈਕਟ ਹੈ ਅਤੇ ਇਸ ਵਿੱਚ ਦੇਸੀ ਤੇ ਵਿਦੇਸ਼ੀ 45 ਕਿਸਮਾਂ ਦੇ 20 ਹਜ਼ਾਰ ਬੂਟੇ ਲਾਏ ਗਏ ਹਨ।