ਚਾਰ ਬੰਗਲਾਦੇਸ਼ੀ ਨਾਗਰਿਕ ਗ੍ਰਿਫ਼ਤਾਰ
ਨਵੀਂ ਦਿੱਲੀ, 11 ਮਈ
ਪੁਲੀਸ ਨੇ ਦੱਖਣ-ਪੱਛਮੀ ਦਿੱਲੀ ਦੇ ਵਸੰਤ ਵਿਹਾਰ ਖੇਤਰ ਵਿੱਚ ਗੈਰ-ਕਾਨੂੰਨੀ ਢੰਗ ਨਾਲ ਰਹਿ ਰਹੇ ਚਾਰ ਬੰਗਲਾਦੇਸ਼ੀ ਨਾਗਰਿਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲੀਸ ਅਨੁਸਾਰ ਮੁਲਜ਼ਮਾਂ ਦੀ ਪਛਾਣ ਆਰਿਫ਼, ਅਸਦੁਲ, ਆਸੀਆ ਬੇਗਮ ਅਤੇ ਜੁਹੂਰ ਅਲੀ ਵਜੋਂ ਹੋਈ ਹੈ ਤੇ ਇਹ ਬਿਨਾਂ ਕਿਸੇ ਕਾਨੂੰਨ ਦਸਤਾਵੇਜ਼ ਦੇ ਭਾਰਤ ਵਿੱਚ ਰਹਿ ਰਹੇ ਸਨ। ਪੁਲੀਸ ਅਨੁਸਾਰ ਚਾਰਾਂ ਨੂੰ ਦੇਸ਼ ਤੋਂ ਕੱਢਣ ਲਈ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਪੁਲੀਸ ਅਧਿਕਾਰੀਆਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇੱਕ ਟੀਮ ਨੂੰ ਇਲਾਕੇ ਵਿੱਚ ਗੈਰ-ਕਾਨੂੰਨੀ ਪਰਵਾਸੀਆਂ ਦੀ ਪਛਾਣ ਕਰਨ ਲਈ ਗਸ਼ਤ ਵਧਾਉਣ ਲਈ ਕਿਹਾ ਗਿਆ ਸੀ। ਗਸ਼ਤ ਦੌਰਾਨ ਟੀਮ ਨੂੰ ਤਿੰਨ ਵਿਅਕਤੀਆਂ ਅਤੇ ਇੱਕ ਔਰਤ ਬਾਰੇ ਜਾਣਕਾਰੀ ਮਿਲੀ। ਜਦੋਂ ਇਨ੍ਹਾਂ ਨੂੰ ਰੁਕਣ ਲਈ ਕਿਹਾ ਗਿਆ ਤਾਂ ਭੱਜਣ ਦੀ ਕੋਸ਼ਿਸ਼ ਕੀਤੀ ਪਰ ਪੁਲੀਸ ਨੇ ਪਿੱਛਾ ਕਰਕੇ ਇਨ੍ਹਾਂ ਨੂੰ ਕਾਬੂ ਕਰ ਲਿਆ। ਪੁੱਛ-ਪੜਤਾਲ ਕਰਨ ’ਤੇ ਇਨ੍ਹਾਂ ਨੇ ਦੱਸਿਆ ਕਿ ਉਹ ਬੰਗਲਾਦੇਸ਼ ਦੇ ਫੁਲਵਾੜੀ ਪਿੰਡ ਦੇ ਰਹਿਣ ਵਾਲੇ ਹਨ। ਇੱਕ ਅਧਿਕਾਰੀ ਨੇ ਕਿਹਾ ਕਿ ਆਸੀਆ ਬੇਗਮ ਅਤੇ ਜੁਹੂਰ ਅਲੀ ਤੋਂ ਬਰਾਮਦ ਕੀਤੇ ਗਏ ਪਛਾਣ ਦਸਤਾਵੇਜ਼ਾਂ ਨੇ ਉਨ੍ਹਾਂ ਦੀ ਬੰਗਲਾਦੇਸ਼ੀ ਨਾਗਰਿਕਤਾ ਅਤੇ ਵੈਧ ਵੀਜ਼ਾ ਜਾਂ ਪਰਮਿਟ ਤੋਂ ਬਿਨਾਂ ਭਾਰਤ ਵਿੱਚ ਗੈਰ-ਕਾਨੂੰਨੀ ਰਹਿਣ ਦੀ ਪੁਸ਼ਟੀ ਕੀਤੀ ਹੈ। ਚਾਰਾਂ ਨੂੰ ਡਾਕਟਰੀ ਜਾਂਚ ਲਈ ਸਫਦਰਜੰਗ ਹਸਪਤਾਲ ਲਿਜਾਇਆ ਗਿਆ ਅਤੇ ਬਾਅਦ ਵਿੱਚ ਦੇਸ਼ ਨਿਕਾਲੇ ਦੀਆਂ ਪ੍ਰਕਿਰਿਆਵਾਂ ਲਈ ਵਿਦੇਸ਼ੀ ਖੇਤਰੀ ਰਜਿਸਟ੍ਰੇਸ਼ਨ ਦਫ਼ਤਰ ਨੂੰ ਸੌਂਪ ਦਿੱਤਾ ਗਿਆ। ਪੁਲੀਸ ਅਧਿਕਾਰੀ ਅਨੁਸਾਰ ਸ਼ਹਿਰ ਵਿੱਚ ਸ਼ੱਕੀ ਵਿਅਕਤੀਆਂ ਤੇ ਗੈਰ-ਕਾਨੂੰਨੀ ਢੰਗ ਨਾਲ ਦੇਸ਼ ਵਿੱਚ ਰਹਿ ਰਹੇ ਵਿਅਕਤੀਆਂ ਖ਼ਿਲਾਫ਼ ਕਾਰਵਾਈ ਵਿੱਢੀ ਹੋਈ ਹੈ। ਬੀਤੇ ਦਿਨੀਂ ਵੀ ਇਕ ਬੰਗਲਾਦੇਸ਼ੀ ਨਾਗਰਿਕ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ। -ਪੀਟੀਆਈ