ਚਮਕੌਰ ਸਾਹਿਬ ’ਚ ਤਿੰਨ ਰੋਜ਼ਾ ਸ਼ਹੀਦੀ ਜੋੜ ਮੇਲ ਸ਼ੁਰੂ
ਸੰਜੀਵ ਬੱਬੀ
ਚਮਕੌਰ ਸਾਹਿਬ, 20 ਦਸੰਬਰ
ਗੁਰੂ ਗੋਬਿੰਦ ਸਿੰਘ ਦੇ ਵੱਡੇ ਸਾਹਿਬਜ਼ਾਦਿਆਂ ਬਾਬਾ ਅਜੀਤ ਸਿੰਘ ਤੇ ਬਾਬਾ ਜੁਝਾਰ ਸਿੰਘ ਸਣੇ ਚਮਕੌਰ ਦੀ ਗੜ੍ਹੀ ਦੇ ਸ਼ਹੀਦਾਂ ਨੂੰ ਸਮਰਪਿਤ ਸਾਲਾਨਾ ਤਿੰਨ ਰੋਜ਼ਾ ਸ਼ਹੀਦੀ ਜੋੜ ਮੇਲ ਅੱਜ ਸ਼ੁਰੂ ਹੋ ਗਿਆ ਹੈ। ਗੁਰਦੁਆਰਾ ਕਤਲਗੜ੍ਹ ਸਾਹਿਬ ਦੇ ਮੈਨੇਜਰ ਭਾਈ ਗੁਰਮੁੱਖ ਸਿੰਘ ਨੇ ਦੱਸਿਆ ਕਿ ਇੱਥੇ 22 ਦਸੰਬਰ ਦੇਰ ਰਾਤ ਤੱਕ ਦੀਵਾਨ ਸਜਣਗੇ। ਸਮਾਗਮ ਦੇ ਦੂਜੇ ਦਿਨ 21 ਦਸੰਬਰ ਨੂੰ ਸਿਆਸੀ ਕਾਨਫਰੰਸਾਂ ਹੋਣਗੀਆਂ। ਸਮਾਗਮ ਦੇ ਪਹਿਲੇ ਦਿਨ ਅੱਜ ਸ਼ਹਿਰ ਦੇ ਬਾਜ਼ਾਰਾਂ ਵਿੱਚ ਸੰਗਤ ਦੀ ਚਹਿਲ-ਪਹਿਲ ਰਹੀ। ਇਸ ਮੌਕੇ ਵੱਖ-ਵੱਖ ਪਿੰਡਾਂ ਤੋਂ ਨਗਰ ਕੀਰਤਨ ਵੀ ਇੱਥੇ ਪੁੱਜੇ ਜਿਨ੍ਹਾਂ ਦਾ ਪ੍ਰਬੰਧਕਾਂ ਵੱਲੋਂ ਸਵਾਗਤ ਕੀਤਾ ਗਿਆ। ਸੰਗਤ ਵੱਲੋਂ ਥਾਂ-ਥਾਂ ’ਤੇ ਲੰਗਰ ਵੀ ਵਰਤਾਏ ਜਾ ਰਹੇ ਹਨ। ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਗਏ ਹਨ। ਜ਼ਿਲ੍ਹਾ ਪੁਲੀਸ ਮੁਖੀ ਗੁਰਲੀਨ ਸਿੰਘ ਖੁਰਾਣਾ, ਐੱਸਪੀ (ਐੱਚ) ਰਾਜਪਾਲ ਸਿੰਘ ਹੁੰਦਲ, ਡੀਐੱਸਪੀ ਮਨਜੀਤ ਸਿੰਘ ਔਲਖ ਸਿੰਘ ਅਤੇ ਥਾਣਾ ਮੁਖੀ ਰੋਹਿਤ ਸ਼ਰਮਾ ਖ਼ੁਦ ਨਿਗਰਾਨੀ ਕਰ ਰਹੇ ਹਨ।
ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੀ ਕਾਂਗਰਸੀ ਵਰਕਰਾਂ ਸਣੇ ਪੈਦਲ ਯਾਤਰਾ ਕਰ ਕੇ ਅੱਜ ਮੋਰਿੰਡਾ ਤੋਂ ਇੱਥੇ ਪਹੁੰਚੇ। ਇੱਥੇ ਟਿੱਪਰਾਂ ਕਾਰਨ ਜਾਮ ਲੱਗ ਰਹੇ ਹਨ।
ਇਸ ਦੌਰਾਨ ਸੀਨੀਅਰ ਅਕਾਲੀ ਆਗੂ ਅਮਨਦੀਪ ਸਿੰਘ ਮਾਂਗਟ ਦੀ ਅਗਵਾਈ ਹੇਠ ਵਫ਼ਦ ਨੇ ਐੱਸਡੀਐੱਮ ਅਮਰੀਕ ਸਿੰਘ ਸਿੱਧੂ ਨੂੰ ਮੰਗ ਪੱਤਰ ਦੇ ਕੇ ਸਕੂਲਾਂ ਵਿੱਚ ਛੁੱਟੀ ਕਰਨ ਦੀ ਮੰਗ ਕੀਤੀ ਸੀ। ਇਸ ਮਗਰੋਂ ਪ੍ਰਸ਼ਾਸਨ ਨੇ ਸ਼ਹੀਦੀ ਜੋੜ ਮੇਲ ਦੇ ਦਿਨਾਂ ਦੌਰਾਨ ਸਕੂਲਾਂ ਵਿੱਚ ਸਰਕਾਰੀ ਛੁੱਟੀ ਕਰ ਦਿੱਤੀ ਹੈ।
ਟੁੱਟੀਆਂ ਸੜਕਾਂ ਕਾਰਨ ਸੰਗਤ ਪ੍ਰੇਸ਼ਾਨ
ਚਮਕੌਰ ਸਾਹਿਬ-ਮੋਰਿੰਡਾ ਰੋਡ ਅਤੇ ਸਰਹਿੰਦ ਨਹਿਰ ਪੁਲ ਕੋਲ ਉਸਾਰੇ ਜਾ ਰਹੇ ਗੇਟਾਂ ਕਾਰਨ ਬਣਾਏ ਆਰਜ਼ੀ ਰਸਤੇ ਤੰਗ ਹੋਣ ਕਾਰਨ ਸੰਗਤ ਨੂੰ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ। ਇਸ ਤੋਂ ਇਲਾਵਾ ਇਲਾਕੇ ਦੀਆਂ ਟੁੱਟੀਆਂ ਸੜਕਾਂ ਅਤੇ ਭਾਰਤ ਮਾਲਾ ਪ੍ਰਾਜੈਕਟ ਅਧੀਨ ਬਣ ਰਹੇ ਹਾਈਵੇਅ ਕਰ ਕੇ ਵੀ ਦਿੱਕਤ ਆਈ। ਸ਼ਹੀਦੀ ਜੋੜ ਮੇਲ ਮੌਕੇ ਆਰਜ਼ੀ ਦੁਕਾਨਾਂ ਲਗਾਉਣ ਵਾਲੇ ਕੁੱਝ ਕੁ ਦੁਕਾਨਦਾਰ ਖੱਜਲ ਖੁਆਰ ਹੁੰਦੇ ਰਹੇ। ਇਸ ਵਾਰ ਗੁਰਦੁਆਰਾ ਕਤਲਗੜ੍ਹ ਸਾਹਿਬ ਨੂੰ ਜਾਂਦੀ ਮੁੱਖ ਸੜਕ ’ਤੇ ਆਰਜ਼ੀ ਦੁਕਾਨਾਂ ਨਹੀਂ ਲੱਗਣ ਦਿੱਤੀਆਂ ਗਈਆਂ ਜਿਸ ਕਾਰਨ ਬਾਹਰੋਂ ਆਏ ਦੁਕਾਨਦਾਰ ਥਾਂ ਨਾ ਮਿਲਣ ਕਾਰਨ ਵਾਪਸ ਚਲੇ ਗਏ। ਦੂਜੇ ਪਾਸੇ ਪ੍ਰਸ਼ਾਸਨ ਦੇ ਹੁਕਮਾਂ ਦੀ ਪ੍ਰਵਾਹ ਨਾ ਕਰਦਿਆਂ ਮੁੱਖ ਸੜਕ ’ਤੇ ਟਿੱਪਰਾਂ ਦੀ ਆਵਾਜਾਈ ਜਾਰੀ ਰਹੀ। ਇਨ੍ਹਾਂ ਵੱਡੇ ਵਾਹਨਾਂ ਕਾਰਨ ਸੜਕ ’ਤੇ ਥੋੜ੍ਹੀ-ਥੋੜ੍ਹੀ ਦੂਰੀ ’ਤੇ ਜਾਮ ਲੱਗਣ ਦੀ ਸਮੱਸਿਆ ਆਈ।