ਘਰ-ਘਰ ਰਾਸ਼ਨ ਸਕੀਮ ਤਹਿਤ ਵੰਡੇ ਉੁੱਲੀ ਲੱਗੇ ਮੁਰਮਰੇ
ਸ਼ਗਨ ਕਟਾਰੀਆ
ਬਠਿੰਡਾ, 31 ਅਗਸਤ
ਸਰਕਾਰ ਵੱਲੋਂ ਆਂਗਣਵਾੜੀ ਵਰਕਰਾਂ ਰਾਹੀਂ ਘਰੋਂ-ਘਰੀਂ ਪਹੁੰਚਾਏ ਜਾਂਦੇ ਰਾਸ਼ਨ ਦੀ ਗੁਣਵੱਤਾ ਚਿਰਾਂ ਤੋਂ ਸਵਾਲਾਂ ਦੇ ਘੇਰੇ ਵਿੱਚ ਹੈ। ਅਜਿਹਾ ਹੀ ਮਾਮਲਾ ਜ਼ਿਲ੍ਹਾ ਬਠਿੰਡਾ ਦੇ ਬਲਾਕ ਤਲਵੰਡੀ ਦੇ ਸਰਕਲ ਰਾਮਾ ਦਾ ਸਾਹਮਣੇ ਆਇਆ ਹੈ, ਜਿੱਥੇ ਪੈਕਟਾਂ ’ਚੋਂ ਉੱਲੀ ਲੱਗੇ ਮੁਰਮਰੇ ਤੇ ਖਰਾਬ ਦਲੀਆ ਨਿਕਲਿਆ ਹੈ। ਇਹ ਮਾਮਲਾ ਆਲ ਪੰਜਾਬ ਆਂਗਣਵਾੜੀ ਵਰਕਰਜ਼ ਯੂਨੀਅਨ ਦੀ ਸੂਬਾ ਪ੍ਰਧਾਨ ਹਰਗੋਬਿੰਦ ਕੌਰ ਨੇ ਮੀਡੀਆ ਦੇ ਧਿਆਨ ’ਚ ਲਿਆਉਂਦਿਆਂ ਕਿਹਾ ਕਿ ਉਨ੍ਹਾਂ ਦੀ ਜਥੇਬੰਦੀ ਹਰ ਮੰਚ ਤੋਂ ਇਹ ਗੱਲ ਚੁੱਕ ਰਹੀ ਹੈ ਤੇ ਕਈ ਥਾਵਾਂ ’ਤੇ ਤਾਂ ਵਰਕਰਾਂ, ਸੁਪਰਵਾਈਜ਼ਰ, ਸੀਡੀਪੀਓ ਤੱਕ ਨੂੰ ਕਥਿਤ ਤੌਰ ’ਤੇ ਡਰਾ ਕੇ ਚੁੱਪ ਕਰਵਾ ਦਿੱਤਾ ਗਿਆ ਹੈ। ਅਰਸੇ ਤੋਂ ਚੱਲ ਰਹੀ ਸਕੀਮ ਦਾ ਫਾਇਦਾ ਗਰਭਵਤੀ ਔਰਤਾਂ, ਉਨ੍ਹਾਂ ਦੇ ਘਰਾਂ ’ਚ ਰਹਿੰਦੇ 0-3 ਸਾਲ ਦੇ ਬੱਚਿਆਂ ਤੇ ਆਂਗਣਵਾੜੀ ਕੇਂਦਰਾਂ ’ਚ ਦਾਖ਼ਲ 3-6 ਸਾਲ ਦੇ ਬੱਚਿਆਂ ਨੂੰ ਹੀ ਮਿਲਦਾ ਸੀ। ਉਨ੍ਹਾਂ ਕਿਹਾ ਕਿ ਕੋਵਿਡ ਕਾਲ ਸਮੇਂ ਕੈਪਟਨ ਸਰਕਾਰ ਵੱਲੋਂ ਆਂਗਣਵਾੜੀ ਵਰਕਰਾਂ ਰਾਹੀਂ ਖਾਣਾ ਘਰਾਂ ’ਚ ਭੇਜਣਾ ਸ਼ੁਰੂ ਕੀਤਾ ਗਿਆ।
ਕੁਝ ਧਿਰਾਂ ਮਾਮਲੇ ਨੂੰ ਸਿਆਸੀ ਹਵਾ ਦੇ ਰਹੀਆਂ ਨੇ: ਪ੍ਰੋਗਰਾਮ ਅਫ਼ਸਰ
ਜ਼ਿਲ੍ਹਾ ਪ੍ਰੋਗਰਾਮ ਅਫ਼ਸਰ ਬਠਿੰਡਾ ਪੰਕਜ ਕੁਮਾਰ ਨੇ ਦੱਸਿਆ ਕਿ ਪਿੰਡ ਰਾਮਾ ਦਾ ਮਾਮਲਾ ਉਨ੍ਹਾਂ ਦੇ ਧਿਆਨ ’ਚ ਹੈ। ਉਨ੍ਹਾਂ ਕਿਹਾ ਕਿ ਮੁਰਮਰੇ ਦੇ ਦੋ ਪੈਕਟ ਸਲ੍ਹਾਬ ਕਾਰਨ ਖਰਾਬ ਨਿਕਲੇ ਹਨ। ਉਨ੍ਹਾਂ ਕਿਹਾ ਕਿ ਮਸਲਾ ਛੋਟਾ ਹੈ ਪਰ ਕੁਝ ਧਿਰਾਂ ਮਾਮਲੇ ਨੂੰ ਸਿਆਸੀ ਹਵਾ ਦੇ ਰਹੀਆਂ ਹਨ।