ਗੰਨਾ ਕਾਸ਼ਤਕਾਰਾਂ ਵੱਲੋਂ ਓਐੱਸਡੀ ਨੂੰ ਮੰਗ ਪੱਤਰ
ਇਲਾਕੇ ਦੇ ਗੰਨਾ ਕਾਸ਼ਤਕਾਰਾਂ ਦੇ ਵਫ਼ਦ ਨੇ ਪੀ ਏ ਡੀ ਬੀ ਧੂਰੀ ਦੇ ਡਾਇਰੈਕਟਰ ਸਤਵੰਤ ਸਿੰਘ ਗਿੱਲ ਭੱਦਲਵੜ ਦੀ ਅਗਵਾਈ ਹੇਠ ਮੁੱਖ ਮੰਤਰੀ ਦੇ ਓਐੱਸਡੀ ਰਾਜਵੀਰ ਸਿੰਘ ਘੁੰਮਣ ਨੂੰ ਮਿਲਕੇ ਮੁੱਖ ਮੰਤਰੀ ਦੇ ਨਾਮ ਮੰਗ ਪੱਤਰ ਸੌਂਪਕੇ ਲੰਮੇ ਸਮੇਂ ਤੋਂ ਬੰਦ ਪਈ ਧੂਰੀ ਗੰਨਾ ਮਿੱਲ ਚਲਵਾਉਣ ਦੀ ਮੰਗ ਕੀਤੀ। ਇਸ ਮੌਕੇ ਪੰਜਾਬ ਲਘੂ ਉਦਯੋਗ ਦੇ ਚੇਅਰਮੈਨ ਦਲਬੀਰ ਸਿੰਘ ਢਿੱਲੋਂ ਅਤੇ ਕੌਂਸਲਰ ਪੁਸ਼ਿਵੰਦਰ ਸ਼ਰਮਾ ਮੌਜੂਦ ਸਨ।
ਗੰਨਾ ਕਾਸ਼ਤਕਾਰਾਂ ਦੇ ਵਫ਼ਦ ਦੇ ਆਗੂ ਸਾਬਕਾ ਸਰਪੰਚ ਪ੍ਰਗਟ ਸਿੰਘ ਕਹੇਰੂ, ਨੰਬਰਦਾਰ ਸ਼ਰਨਜੀਤ ਸਿੰਘ ਭੱਦਲਵੜ ਅਤੇ ਹਰਿੰਦਰ ਸਿੰਘ ਕਾਹਲੋਂ ਕਹੇਰੂ ਨੇ ਦੱਸਿਆ ਕਿ ਮਿੱਲ ਮਾਲਕਾਂ ਵੱਲੋਂ ਧੂਰੀ ਸ਼ੂਗਰ ਮਿੱਲ ਬੰਦ ਕੀਤੇ ਜਾਣ ਕਾਰਨ ਇਲਾਕੇ ਦੇ ਗੰਨਾ ਕਾਸ਼ਤਕਾਰਾਂ ਨੂੰ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਆਗੂਆਂ ਨੇ ਮੁੱਖ ਮੰਤਰੀ ਭਗਵੰਤ ਮਾਨ ਪਾਸੋਂ ਬੰਦ ਪਈ ਗੰਨਾ ਮਿੱਲ ਚਲਵਾਉਣ ਦੀ ਮੰਗ ਕਰਦਿਆਂ ਕਿਹਾ ਕਿ ਜੇਕਰ ਮਿੱਲ ਮਾਲਕ ਅਗਲੇ ਸਾਲ ਖੰਡ ਮਿੱਲ ਨੂੰ ਚਲਾਉਣ ਦਾ ਭਰੋਸਾ ਦਿੰਦੇ ਹਨ ਤਾਂ ਇਲਾਕੇ ਦੇ ਕਿਸਾਨ ਵੱਡੀ ਗਿਣਤੀ ਵਿੱਚ ਗੰਨਾ ਬੀਜਣ ਲਈ ਤਿਆਰ ਹਨ।
ਆਗੂਆਂ ਨੇ ਦੱਸਿਆ ਕਿ ਓਐੱਸਡੀ ਰਾਜਵੀਰ ਸਿੰਘ ਘੁੰਮਣ ਨੇ ਕਿਸਾਨ ਹਿੱਤਾਂ ਨੂੰ ਧਿਆਨ ’ਚ ਰੱਖਦਿਆਂ ਵਫ਼ਦ ਨੂੰ ਭਰੋਸਾ ਦਿੱਤਾ ਕਿ ਉਹ ਜਲਦੀ ਹੀ ਗੰਨਾ ਕਾਸ਼ਤਕਾਰਾਂ ਦੀ ਖੰਡ ਮਿੱਲ ਚਲਵਾਉਣ ਦੀ ਮੰਗ ਨੂੰ ਮੁੱਖ ਮੰਤਰੀ ਦੇ ਧਿਆਨ ਵਿੱਚ ਲਿਆਉਣਗੇ।