ਟ੍ਰਿਬਿਊਨ ਨਿਊਜ਼ ਸਰਵਿਸਲੁਧਿਆਣਾ, 26 ਦਸੰਬਰਨਗਰ ਨਿਗਮ ਚੋਣਾਂ ਦੌਰਾਨ ਵਾਰਡ ਨੰਬਰ 20 ਤੋਂ ਜਿੱਤਣ ਵਾਲੇ ਸ਼੍ਰੋਮਣੀ ਅਕਾਲੀ ਦਲ ਦੇ ਕੌਂਸਲਰ ਚਤਰਵੀਰ ਸਿੰਘ ਉਰਫ਼ ਕਮਲ ਅਰੋੜਾ ਖ਼ਿਲਾਫ਼ ‘ਆਪ’ ਦੇ ਵਰਕਰ ਰਾਕੇਸ਼ ਕੁਮਾਰ ਦੀ ਸ਼ਿਕਾਇਤ ’ਤੇ ਕੇਸ ਦਰਜ ਕੀਤਾ ਗਿਆ ਹੈ। ਸਿਆਸੀ ਸੂਤਰਾਂ ਅਨੁਸਾਰ ਕੌਂਸਲਰ ਬਣਨ ਤੋਂ ਅਗਲੇ ਦਿਨ ਥਾਣਾ ਡਿਵੀਜ਼ਨ ਨੰਬਰ 7 ਵਿੱਚ ਚਤਰਵੀਰ ਸਿੰਘ ਤੇ ਉਸ ਦੇ ਸਾਥੀਆਂ ਸੰਜੈ ਗਾਂਧੀ ਕਲੋਨੀ ਇਲਾਕੇ ਦੇ ਹਰਨਾ, ਥਾਣਾ ਡਿਵੀਜ਼ਨ 7 ਵਾਲੇ ਹਰਜਿੰਦਰ ਸਿੰਘ ਉਰਫ਼ ਸੰਨੀ ਬਿਜਲੀਵਾਲਾ ਤੇ ਪਰਮਿੰਦਰ ਸਿੰਘ ਉਰਫ਼ ਰਾਜੂ ਸਣੇ ਹੋਰਨਾਂ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਸੀ ਤੇ ਇਸ ਤੋਂ ਕੁਝ ਸਮਾਂ ਬਾਅਦ ਹੀ ਅਕਾਲੀ ਕੌਂਸਲਰ ‘ਆਪ’ ਪਾਰਟੀ ਵਿੱਚ ਸ਼ਾਮਲ ਹੋ ਗਿਆ ਸੀ।ਸੰਜੈ ਗਾਂਧੀ ਕਲੋਨੀ ਵਿੱਚ ਰਹਿੰਦੇ ਸ਼ਿਕਾਇਤਕਰਤਾ ਰਾਕੇਸ਼ ਕੁਮਾਰ ਉਰਫ਼ ਰਿੰਕੂ ਨੇ ਪੁਲੀਸ ਨੂੰ ਦੱਸਿਆ ਸੀ ਕਿ ਉਹ ਆਮ ਆਦਮੀ ਪਾਰਟੀ ਦਾ ਵਰਕਰ ਹੈ ਤੇ ਚੋਣਾਂ ਵਾਲੇ ਦਿਨ ਉਹ ਪਾਰਟੀ ਬੂਥ ’ਤੇ ਬੈਠ ਕੇ ‘ਆਪ’ ਉਮੀਦਵਾਰ ਦੇ ਹੱਕ ’ਚ ਲੋਕਾਂ ਦੀਆਂ ਵੋਟਾਂ ਦੀਆਂ ਪਰਚੀਆਂ ਇਕੱਠੀਆਂ ਕਰ ਰਿਹਾ ਸੀ। ਉਸ ਨੇ ਦੋਸ਼ ਲਾਇਆ ਕਿ ਉਥੇ ਵਾਰਡ 20 ਤੋਂ ਅਕਾਲੀ ਦਲ ਦੇ ਉਮੀਦਵਾਰ ਚਤਰਵੀਰ ਸਿੰਘ ਉਰਫ਼ ਕਮਲ ਅਰੋੜਾ ਨੇ ਆਪਣੇ ਸਾਥੀਆਂ ਨੂੰ ਇਸ਼ਾਰਾ ਕੀਤਾ ਕਿ ਉਸ ਨੂੰ ਉਥੋਂ ਚੁਕਵਾ ਲਿਆ ਜਾਵੇ। ਇਸ ਮਗਰੋਂ ਸੰਨੀ ਨਾਂ ਦੇ ਵਿਅਕਤੀ ਨੇ ਰਾਕੇਸ਼ ਨੂੰ ਫੋਨ ਕਰਕੇ ਦੱਸਿਆ ਕਿ ਉਸ ਦੀ ਕੁੱਟਮਾਰ ਕੀਤੀ ਜਾ ਸਕਦੀ ਹੈ। ਇਸ ਮਗਰੋਂ ਰਾਕੇਸ਼ ਸੈਕਟਰ-32 ਸਥਿਤ ‘ਆਪ’ ਦੇ ਦਫ਼ਤਰ ਪਹੁੰਚਿਆ ਜਿਥੇ ਸੰਨੀ ਪਹਿਲਾਂ ਹੀ ਮੌਜੂਦ ਸੀ। ਸੰਨੀ ਉਸ ਨੂੰ ਆਪਣੇ ਐਕਟਿਵਾ ’ਤੇ ਤ੍ਰਿਕੋਣੀ ਪਾਰਕ ਲੈ ਗਿਆ ਜਿੱਥੇ ਪਰਮਿੰਦਰ ਸਿੰਘ ਉਰਫ਼ ਰਾਜੂ ਸਰਦਾਰ ਮੌਜੂਦ ਸੀ। ਰਾਕੇਸ਼ ਨੇ ਦੋਸ਼ ਲਾਇਆ ਕਿ ਦੋਵਾਂ ਨੇ ਉਸ ਨੂੰ ਜਬਰੀ ਕਾਰ ਵਿੱਚ ਬਿਠਾਇਆ ਤੇ ਭਾਮੀਆਂ ਰੋਡ ਵੱਲ ਲੈ ਗਏ। ਇਸ ਦੌਰਾਨ ਚਤਰਵੀਰ ਸਿੰਘ ਨੇ ਫੋਨ ’ਤੇ ਉਨ੍ਹਾਂ ਨੂੰ ਹਕਾਇਤਾਂ ਵੀ ਦਿੱਤੀਆਂ। ਦੋਵੇਂ ਮੁਲਜ਼ਮਾਂ ਨੇ ਰਾਕੇਸ਼ ਨੂੰ ਜਬਰੀ ਸ਼ਰਾਬ ਪਿਲਾਈ, ਉਸ ਦੀ ਕੁੱਟਮਾਰ ਕੀਤੀ ਤੇ ਅੱਧਮਰਿਆ ਕਰਕੇ ਉਸ ਨੂੰ ਇੱਕ ਖਾਲੀ ਪਲਾਟ ਵਿੱਚ ਛੱਡ ਗਏ। ਰਾਕੇਸ਼ ਕਿਸੇ ਦੀ ਮਦਦ ਲੈ ਕੇ ਦਫ਼ਤਰ ਪਹੁੰਚਿਆ ਤੇ ਵਾਰਡ ਸਕੱਤਰ ਲਖਵਿੰਦਰ ਸਿੰਘ ਲੱਖਾ ਨੂੰ ਫੋਨ ’ਤੇ ਇਸ ਬਾਰੇ ਦੱਸਿਆ। ਲਖਵਿੰਦਰ ਉਸ ਨੂੰ ਹਸਪਤਾਲ ਲੈ ਗਿਆ ਤੇ ਪੁਲੀਸ ਨੂੰ ਵੀ ਸੂਚਿਤ ਕੀਤਾ।ਰਾਕੇਸ਼ ਨੇ ਦੱਸਿਆ ਕਿ ਉਸ ਨੇ ਚੋਣਾਂ ਵਾਲੇ ਦਿਨ ਹੀ ਸ਼ਿਕਾਇਤ ਦਿੱਤੀ ਸੀ ਪਰ ਸ਼ਿਕਾਇਤ ਅਗਲੇ ਦਿਨ ਦਰਜ ਕੀਤੀ ਗਈ। ਜਦੋਂ ਅਕਾਲੀ ਕੌਂਸਲਰ ਨੂੰ ਜਿੱਤ ਮਰਗੋਂ ਸ਼ਿਕਾਇਤ ਬਾਰੇ ਪਤਾ ਲੱਗਿਆ ਤਾਂ ਉਸ ਨੇ ‘ਆਪ’ ਆਗੂਆਂ ਨਾਲ ਸੰਪਰਕ ਕੀਤਾ ਤੇ ਗ੍ਰਿਫ਼ਤਾਰੀ ਦੇ ਡਰੋਂ ਤੁਰੰਤ ‘ਆਪ’ ’ਚ ਸ਼ਾਮਲ ਹੋਣ ਦਾ ਫ਼ੈਸਲਾ ਕੀਤਾ। ਸੂਤਰਾਂ ਦਾ ਕਹਿਣਾ ਹੈ ਕਿ ਮਾਮਲੇ ਦੀ ਜਾਂਚ ਕਰਵਾਉਣ ਦਾ ਭਰੋਸਾ ਮਿਲਣ ਤੋਂ ਬਾਅਦ ਹੀ ਕਮਲ ਅਰੋੜਾ ‘ਆਪ’ ਵਿੱਚ ਸ਼ਾਮਲ ਹੋਏ ਹਨ। ਚਤਰਵੀਰ ਸਿੰਘ ਉਰਫ ਕਮਲ ਅਰੋੜਾ ਦੇ ਪਰਿਵਾਰ ਦਾ ਤਾਜਪੁਰ ਰੋਡ ’ਤੇ ਸਕਰੈਪ ਦਾ ਵੱਡਾ ਕਾਰੋਬਾਰ ਹੈ ਅਤੇ ਪੂਰਾ ਪਰਿਵਾਰ ਕੱਟੜ ਅਕਾਲੀ ਪਰਿਵਾਰ ਹੈ। ਉਹ ਸਾਬਕਾ ਵਿਧਾਇਕ ਅਤੇ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਰਣਜੀਤ ਸਿੰਘ ਢਿੱਲੋਂ ਦੇ ਬਹੁਤ ਨਜ਼ਦੀਕੀ ਸਾਥੀਆਂ ਵਿੱਚੋਂ ਇੱਕ ਰਹੇ ਹਨ। ਰਣਜੀਤ ਢਿੱਲੋਂ ਦੀ ਬਦੌਲਤ ਚਤਰਵੀਰ ਸਿੰਘ ਨੂੰ ਟਿਕਟ ਮਿਲੀ ਸੀ।