ਗੋਲੀਬਾਰੀ ਕਾਰਨ ਸਰਹੱਦੀ ਲੋਕਾਂ ਨੇ ਦਹਿਸ਼ਤ ’ਚ ਗੁਜ਼ਾਰੀ ਰਾਤ
ਜਗਤਾਰ ਸਿੰਘ ਲਾਂਬਾ
ਅੰਮ੍ਰਿਤਸਰ, 10 ਮਈ
ਸਰਹੱਦੀ ਜ਼ਿਲ੍ਹਾ ਅੰਮ੍ਰਿਤਸਰ ਦਾ ਸ਼ਹਿਰੀ ਤੇ ਦਿਹਾਤੀ ਇਲਾਕਾ ਲੰਘੀ ਰਾਤ ਤੋਂ ਲੈ ਕੇ ਹੁਣ ਤੱਕ ਸੰਵੇਦਨਸ਼ੀਲ ਬਣਿਆ ਰਿਹਾ, ਜਿੱਥੇ ਪਾਕਿਸਤਾਨ ਫੌਜ ਵੱਲੋਂ ਕਈ ਥਾਵਾਂ ’ਤੇ ਡਰੋਨ ਅਤੇ ਮਿਜ਼ਾਈਲ ਹਮਲੇ ਕੀਤੇ ਗਏ। ਇਨ੍ਹਾਂ ਹਮਲਿਆਂ ਨੂੰ ਸੁਰੱਖਿਆ ਬਲਾਂ ਨੇ ਨਾਕਾਮ ਕਰ ਦਿੱਤਾ ਅਤੇ ਕਈ ਥਾਵਾਂ ’ਤੇ ਡਰੋਨ ਤੇ ਮਿਜ਼ਾਈਲ ਦੇ ਮਲਬੇ ਡਿੱਗੇ ਹੋਏ ਮਿਲੇ। ਫਿਲਹਾਲ ਪ੍ਰਸ਼ਾਸਨ ਵੱਲੋਂ ਅਜਿਹੀ ਕਿਸੇ ਵੀ ਘਟਨਾ ਦੀ ਪੁਸ਼ਟੀ ਨਹੀਂ ਕੀਤੀ ਗਈ ਹੈ।
ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਲੰਘੀ ਰਾਤ ਤੋਂ ਲੈ ਕੇ ਹੁਣ ਤੱਕ ਚਾਰ ਵਾਰ ਲੋਕਾਂ ਨੂੰ ਰੈੱਡ ਅਲਰਟ ਰਾਹੀਂ ਚੌਕਸ ਕੀਤਾ ਗਿਆ ਜਿਸ ਤਹਿਤ ਪਹਿਲਾਂ ਲੰਘੀ ਰਾਤ ਲਗਪਗ ਸਾਢੇ ਅੱਠ ਵਜੇ, ਫਿਰ ਅੱਧੀ ਰਾਤ ਲਗਪਗ ਦੋ ਵਜੇ, ਮੁੜ ਤੜਕੇ ਪੰਜ ਵਜੇ ਅਤੇ ਅੱਜ ਸਵੇਰੇ ਅੱਠ ਵਜੇ ਮੁੜ ਚੌਕਸ ਕੀਤਾ ਗਿਆ ਹੈ। ਇਸ ਦੌਰਾਨ ਸਾਇਰਨ ਵੱਜੇ ਅਤੇ ਲੋਕਾਂ ਨੂੰ ਆਪਣੇ ਘਰਾਂ ਵਿੱਚ ਰਹਿਣ ਦੀ ਹਦਾਇਤ ਕੀਤੀ ਗਈ। ਸੂਚਨਾ ਮੁਤਾਬਿਕ ਲੰਘੀ ਰਾਤ ਪਾਕਿਸਤਾਨ ਵੱਲੋਂ ਅੰਮ੍ਰਿਤਸਰ ਸਰਹੱਦੀ ਜ਼ਿਲ੍ਹੇ ਦੇ ਵਧੇਰੇ ਫੌਜੀ ਟਿਕਾਣਿਆਂ ਨੂੰ ਨਿਸ਼ਾਨਾ ਬਣਾਉਣ ਦਾ ਯਤਨ ਕੀਤਾ ਗਿਆ।
ਪਿੰਡ ਵਡਾਲਾ ਭਿੱਟੇਵੰਡ ਵਿੱਚ ਇੱਕ ਘਰ ਵਿੱਚ ਡਰੋਨ ਡਿੱਗਿਆ ਜਿੱਥੇ ਡਰੋਨ ਦੇ ਡਿੱਗਣ ਨਾਲ ਅੱਗ ਲੱਗ ਗਈ ਅਤੇ ਬਾਅਦ ਵਿੱਚ ਅੱਗ ’ਤੇ ਕਾਬੂ ਪਾਇਆ ਗਿਆ। ਘਟਨਾ ਦੀ ਸੂਚਨਾ ਮਿਲਣ ਤੋਂ ਬਾਅਦ ਪੁਲੀਸ ਅਤੇ ਫੌਜੀ ਅਧਿਕਾਰੀ ਮੌਕੇ ’ਤੇ ਪੁੱਜੇ ਜੋ ਤਬਾਹ ਹੋਏ ਡਰੋਨ ਨੂੰ ਆਪਣੇ ਨਾਲ ਲੈ ਗਏ। ਇਹ ਡਰੋਨ ਦਿਲਾਵਰ ਸਿੰਘ ਦੇ ਪਸ਼ੂਆਂ ਦੀ ਹਵੇਲੀ ਵਿੱਚ ਡਿੱਗਿਆ ਸੀ।
ਇਸ ਤਰ੍ਹਾਂ ਪਿੰਡ ਰਾਣੇਵਾਲ ਦੇ ਖੇਤਾਂ ਵਿੱਚੋਂ ਵੀ ਡਰੋਨ ਡਿੱਗਿਆ ਹੋਇਆ ਮਿਲਿਆ ਜਿਸ ਨੂੰ ਭਾਰਤੀ ਫੌਜ ਵੱਲੋਂ ਨਾਕਾਰਾ ਕਰ ਦਿੱਤਾ ਗਿਆ। ਪਿੰਡ ਵਾਸੀਆਂ ਨੇ ਦੱਸਿਆ ਕਿ ਇਹ ਡਰੋਨ ਸਵੇਰੇ ਪੰਜ ਵਜੇ ਪਿੰਡ ਦੇ ਉੱਪਰ ਦੇਖਿਆ ਗਿਆ ਸੀ ਅਤੇ ਬਾਅਦ ਵਿੱਚ ਇਹ ਖੇਤਾਂ ਵਿੱਚ ਡਿੱਗਿਆ ਹੋਇਆ ਮਿਲਿਆ। ਇਹ ਜਾਣਕਾਰੀ ਸਰਪੰਚ ਸਾਹਿਬ ਸਿੰਘ ਨੇ ਦਿੱਤੀ। ਸ਼ਹਿਰ ਤੇ ਮੋਹਕਮਪੁਰਾ ਇਲਾਕੇ ਦੇ ਇੱਕ ਘਰ ਵਿੱਚ ਵੀ ਇਸੇ ਤਰ੍ਹਾਂ ਮਲਬਾ ਡਿੱਗਿਆ ਮਿਲਿਆ। ਇਸ ਤਰ੍ਹਾਂ ਪਿੰਡ ਮੁਗਲਾਨੀਕੋਟ ਦੇ ਯਾਦਵਿੰਦਰ ਸਿੰਘ ਨੇ ਸਵੇਰੇ ਪੰਜ ਵਜੇ ਅਸਮਾਨ ਵਿੱਚ ਮਿਜ਼ਾਈਲ ਵਰਗੀ ਚੀਜ਼ ਦੇਖੀ ਜਿਸ ਨੂੰ ਫੌਜ ਦੀ ਰੱਖਿਆ ਪ੍ਰਣਾਲੀ ਨੇ ਬੇਅਸਰ ਕਰ ਦਿੱਤਾ ਸੀ, ਇਸ ਨਾਲ ਧਮਾਕਾ ਹੋਇਆ ਅਤੇ ਮਲਬਾ ਖੇਤਾਂ ਵਿੱਚ ਡਿੱਗ ਪਿਆ। ਬਾਅਦ ਵਿੱਚ ਪੁਲੀਸ ਅਤੇ ਫੌਜ ਦੇ ਜਵਾਨ ਪੁੱਜੇ ਅਤੇ ਮਲਬੇ ਨੂੰ ਨਾਲ ਲੈ ਗਏ। \B
ਭਾਰਤੀ ਫੌਜ ਨੇ ਡਰੋਨ ਹਮਲਿਆਂ ਨੂੰ ਕੀਤਾ ਬੇਅਸਰ
ਸਰਹੱਦੀ ਪਿੰਡਾਂ ਵਿੱਚ ਲੋਕਾਂ ਨੇ ਸਰਹੱਦ ਦੇ ਦੋਵੇਂ ਪਾਸੇ ਗੋਲੀਬਾਰੀ ਦੀਆਂ ਆਵਾਜ਼ਾਂ ਵੀ ਸੁਣੀਆਂ ਜਿਸ ਨਾਲ ਉਹ ਰਾਤ ਭਰ ਦਹਿਸ਼ਤ ਵਿੱਚ ਰਹੇ। ਸਰਹੱਦੀ ਪਿੰਡ ਡਗਤੂਤ ਦੇ ਸੁਰਜੀਤ ਸਿੰਘ ਨੇ ਕਿਹਾ ਕਿ ਗੋਲੀਬਾਰੀ ਸਵੇਰੇ ਛੇ ਵਜੇ ਤੱਕ ਜਾਰੀ ਰਹੀ। ਪਿੰਡ ਭਿੰਡੀ ਔਲਖ ਦੇ ਦੇਸਾ ਸਿੰਘ ਨੇ ਕਿਹਾ ਕਿ ਪਾਕਿਸਤਾਨੀ ਫੌਜਾਂ ਵੱਲੋਂ ਸਾਰੀ ਰਾਤ ਬੰਬਾਰੀ ਕੀਤੀ ਗਈ ਜਿਸ ਕਾਰਨ ਲੋਕ ਸੌਂ ਨਹੀਂ ਸਕੇ ਅਤੇ ਦਹਿਸ਼ਤ ਵਿੱਚ ਰਹੇ। ਇੱਕ ਪੁਲੀਸ ਅਧਿਕਾਰੀ ਨੇ ਪੁਸ਼ਟੀ ਕਰਦਿਆਂ ਦੱਸਿਆ ਕਿ ਛੇਹਰਟਾ ਖੇਤਰ ਵਿੱਚ ਰਾਤ ਅਤੇ ਸਵੇਰੇ ਪੰਜ ਵਜੇ ਕਈ ਥਾਵਾਂ ’ਤੇ ਡਰੋਨ ਹਮਲੇ ਹੋਏ ਹਨ ਜਿਨ੍ਹਾਂ ਨੂੰ ਫੌਜ ਨੇ ਬੇਅਸਰ ਕਰ ਦਿੱਤਾ। ਪੁਲੀਸ ਕਮਿਸ਼ਨਰ ਨੇ ਵੀ ਰਾਤ ਨੂੰ ਡਰੋਨ ਹਮਲਿਆਂ ਦੀ ਪੁਸ਼ਟੀ ਕੀਤੀ ਹੈ।