ਗੈਂਗਸਟਰ ਪੁਨੀਤ ਬੈਂਸ ਦੇ ਘਰ ਦੇ ਬਾਹਰ ਫਾਇਰਿੰਗ
ਨਿੱਜੀ ਪੱਤਰ ਪ੍ਰੇਰਕ
ਲੁਧਿਆਣਾ, 20 ਅਪਰੈਲ
ਗੈਂਗਸਟਰ ਪੁਨੀਤ ਬੈਂਸ ਦੇ ਜਨਕਪੁਰੀ ਸਥਿਤ ਘਰ ’ਤੇ ਬੀਤੀ ਰਾਤ ਤਿੰਨ ਵਜੇ ਦੇ ਕਰੀਬ ਦੋ ਮੋਟਰਸਾਈਕਲਾਂ ’ਤੇ ਸਵਾਰ ਹੋ ਕੇ ਆਏ ਪੰਜ ਮਸ਼ਕੂਕਾਂ ਨੇ ਫਾਇਰਿੰਗ ਕੀਤੀ। ਗੈਂਗਸਟਰ ਪੁਨੀਤ ਬੈਂਸ ਪਿਛਲੇ ਦੋ ਮਹੀਨੇ ਤੋਂ ਜ਼ਮਾਨਤ ’ਤੇ ਬਾਹਰ ਆਇਆ ਹੈ ਅਤੇ ਭਲਕੇ ਉਸ ਦੀ ਕਿਸੇ ਮਾਮਲੇ ਵਿੱਚ ਗਵਾਹੀ ਦੱਸੀ ਜਾ ਰਹੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਦੋ ਮੋਟਰਸਾਈਕਲਾਂ ’ਤੇ ਆਏ ਪੰਜ ਵਿਅਕਤੀਆਂ ਨੇ ਫਾਇਰਿੰਗ ਕਰਨ ਤੋਂ ਪਹਿਲਾਂ ਵੀਡੀਓ ਕਾਲ ਕਰਕੇ ਕਿਸੇ ਨਾਲ ਗੱਲਬਾਤ ਕੀਤੀ ਅਤੇ ਚਲੇ ਗਏ। ਇਸ ਤੋਂ ਤਕਰੀਬਨ ਸੱਤ ਮਿੰਟ ਬਾਅਦ ਉਹ ਵਾਪਸ ਆ ਗਏ ਅਤੇ ਉਨ੍ਹਾਂ ਨੇ ਉਸ ਦੇ ਘਰ ’ਤੇ ਗੋਲੀਆਂ ਚਲਾਈਆਂ। ਫਾਇਰਿੰਗ ਕਰਨ ਤੋਂ ਬਾਅਦ ਉਹ ਫਰਾਰ ਹੋ ਗਏ। ਪੁਨੀਤ ਬੈਂਸ ਦੀ ਮਾਤਾ ਕਮਲੇਸ਼ ਰਾਣੀ ਨੇ ਦੱਸਿਆ ਹੈ ਕਿ ਪੁਰਾਣੀ ਰੰਜਿਸ਼ ਕਾਰਨ ਉਨ੍ਹਾਂ ਦੇ ਘਰ ’ਤੇ ਗੋਲੀਆਂ ਚਲਾਈਆਂ ਗਈਆਂ ਹਨ। ਉਨ੍ਹਾਂ ਦੱਸਿਆ ਕਿ ਕੁਝ ਸਮਾਂ ਪਹਿਲਾਂ ਕੁਝ ਵਿਅਕਤੀਆਂ ਨੇ ਪੁਨੀਤ ਨੂੰ ਗੰਭੀਰ ਜ਼ਖ਼ਮੀ ਕਰ ਦਿੱਤਾ ਸੀ ਅਤੇ ਮਰਿਆ ਸਮਝ ਕੇ ਛੱਡ ਗਏ ਸਨ। ਇਸ ਸਬੰਧੀ ਕੇਸ ਚੱਲ ਰਿਹਾ ਹੈ ਅਤੇ ਉਸ ਵਿੱਚ ਪੁਨੀਤ ਦੀ ਗਵਾਹੀ ਹੋਣੀ ਹੈ, ਜਿਸ ਕਾਰਨ ਮੁਲਜ਼ਮ ਦਹਿਸ਼ਤ ਪੈਦਾ ਕਰਨ ਲਈ ਗੋਲੀਆਂ ਚਲਾ ਕੇ ਗਏ ਹਨ। ਘਟਨਾ ਦੀ ਸੂਚਨਾ ਮਿਲਣ ਤੋਂ ਬਾਅਦ ਪੁਲੀਸ ਨੇ ਮੌਕੇ ’ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲੀਸ ਅਧਿਕਾਰੀ ਨੇ ਦੱਸਿਆ ਹੈ ਕਿ ਮੋਟਰਸਾਈਕਲ ਸਵਾਰਾਂ ਨੇ ਦੋ ਗੋਲੀਆਂ ਚਲਾਈਆਂ ਹਨ, ਜਿਨ੍ਹਾਂ ਦੇ ਖੋਲ਼ ਬਰਾਮਦ ਕੀਤੇ ਗਏ ਹਨ। ਉਨ੍ਹਾਂ ਦੱਸਿਆ ਕਿ ਘਟਨਾ ਸੀਸੀਟੀਵੀ ਕਮਰੇ ਵਿੱਚ ਕੈਦ ਹੋ ਗਈ ਹੈ ਅਤੇ ਪੁਲੀਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਪੁਲੀਸ ਨੇ ਇਸ ਸਬੰਧੀ ਹੋਰ ਕੋਈ ਵੀ ਜਾਣਕਾਰੀ ਦੇਣ ਤੋਂ ਇਨਕਾਰ ਕਰ ਦਿੱਤਾ।