ਗੈਂਗਸਟਰਾਂ ਕੋਲ ਸਰਵਿਸ ਰਿਵਾਲਵਰ ਗਹਿਣੇ ਧਰਨ ਵਾਲਾ ਏਐੱਸਆਈ ਮੁਅੱਤਲ
ਤਰਨ ਤਾਰਨ: ਗੈਂਗਸਟਰਾਂ ਕੋਲ ਆਪਣਾ ਸਰਵਿਸ ਰਿਵਾਲਵਰ ਗਹਿਣੇ ਰੱਖਣ ਵਾਲੇ ਪੰਜਾਬ ਪੁਲੀਸ ਦੇ ਏਐੱਸਆਈ ਪਵਨਦੀਪ ਸਿੰਘ ਦੀਆਂ ਸੇਵਾਵਾਂ ਮੁਅੱਤਲ ਕਰ ਦਿੱਤੀਆਂ ਗਈਆਂ ਹਨ| ਉਹ ਥਾਣਾ ਚੋਹਲਾ ਸਾਹਿਬ ਵਿੱਚ ਮੁਨਸ਼ੀ ਸੀ ਅਤੇ ਉਹ ਨਸ਼ੇ ਆਦੀ ਹੈ। ਉਸ ਨੇ ਆਪਣਾ ਸਰਵਿਸ ਰਿਵਾਲਵਰ ਅਤਿਵਾਦੀ ਐਲਾਨੇ ਗੈਂਗਸਟਰ ਲਖਬੀਰ ਸਿੰਘ ਲੰਡਾ ਦੇ ਸਾਥੀਆਂ ਨੂੰ ਨਸ਼ੇ ਦੀ ਪੂਰਤੀ ਲਈ ਦਸ ਹਜ਼ਾਰ ਰੁਪਏ ਵਿੱਚ ਗਹਿਣੇ ਰੱਖ ਦਿੱਤਾ ਸੀ। ਇਨ੍ਹਾਂ ਗੈਂਗਸਟਰਾਂ ਨੇ ਕੁਝ ਦਿਨ ਪਹਿਲਾਂ ਪਿੰਡ ਰੂੜੀਵਾਲਾ ਦੇ ਵਿਅਕਤੀ ਤੋਂ ਲਖਬੀਰ ਸਿੰਘ ਲੰਡਾ ਦੇ ਨਾਂ ’ਤੇ 50 ਲੱਖ ਰੁਪਏ ਦੀ ਫ਼ਿਰੌਤੀ ਮੰਗੀ ਸੀ ਅਤੇ ਪੈਸੇ ਨਾ ਦੇਣ ’ਤੇ ਉਸ ਦੇ ਘਰ ’ਤੇ ਰਿਵਾਲਵਰ ਨਾਲ ਗੋਲੀਆਂ ਚਲਾਈਆਂ ਸਨ। ਇਹ ਕਾਰਵਾਈ ਕਰਨ ਵਾਲੇ ਗੈਂਗਸਟਰ ਯਾਦਵਿੰਦਰ ਸਿੰਘ ਯਾਦਾ, ਕੁਲਦੀਪ ਸਿੰਘ ਅਤੇ ਪ੍ਰਭਦੀਪ ਸਿੰਘ ਨੂੰ ਮੁਕਾਬਲੇ ਦੌਰਾਨ ਗ੍ਰਿਫ਼ਤਾਰ ਕਰ ਲਿਆ ਗਿਆ ਸੀ, ਜਿਨ੍ਹਾਂ ਤੋਂ ਏਐੱਸਆਈ ਪਵਨਦੀਪ ਸਿੰਘ ਦਾ ਸਰਵਿਸ ਰਿਵਾਲਵਰ ਬਰਾਮਦ ਕਰ ਲਿਆ ਗਿਆ ਸੀ। ਗੈਂਗਸਟਰਾਂ ਨੇ ਪੁੱਛ ਪੜਤਾਲ ਦੌਰਾਨ ਦੱਸਿਆ ਕਿ ਉਨ੍ਹਾਂ ਏਐੱਸਆਈ ਪਵਨਦੀਪ ਸਿੰਘ ਤੋਂ ਉਸ ਦਾ ਸਰਵਿਸ ਰਿਵਾਲਵਰ 10,000 ਰੁਪਏ ਦੇ ਕੇ ਗਹਿਣੇ ਲਿਆ ਸੀ। ਐੱਸਐੱਸਪੀ ਅਭਿਮੰਨਿਊ ਰਾਣਾ ਨੇ ਦੱਸਿਆ ਕਿ ਏਐੱਸਆਈ ਪਵਨਦੀਪ ਸਿੰਘ ਨੂੰ ਕੱਲ੍ਹ ਗ੍ਰਿਫ਼ਤਾਰ ਕਰ ਲਿਆ ਗਿਆ ਸੀ ਅਤੇ ਉਸ ਦੀਆਂ ਸੇਵਾਵਾਂ ਤੁਰੰਤ ਮੁਅੱਤਲ ਕਰ ਦਿੱਤੀਆਂ ਗਈਆਂ ਹਨ। -ਪੱਤਰ ਪ੍ਰੇਰਕ