ਗੁਲਾਬੀ ਸੁੰਡੀ: ਕਿਸਾਨ ਨੇ 15 ਏਕੜ ਕਣਕ ਦੀ ਫ਼ਸਲ ਵਾਹੀ
ਪ੍ਰਮੋਦ ਕੁਮਾਰ ਸਿੰਗਲਾ
ਸ਼ਹਿਣਾ, 30 ਨਵੰਬਰ
ਪਿੰਡ ਮੌੜ ਨਾਭਾ ਵਿੱਚ ਕਿਸਾਨ ਗੁਰਮੇਲ ਸਿੰਘ ਨੇ 15 ਏਕੜ ਕਣਕ ਦੀ ਫ਼ਸਲ ਗੁਲਾਬੀ ਸੁੰਡੀ ਤੋਂ ਪ੍ਰੇਸ਼ਾਨ ਹੋ ਕੇ ਵਾਹ ਦਿੱਤੀ ਹੈ। ਪਿੰਡ ਮੌੜ ਨਾਭਾ ਦੀ ਪੱਤੀ ਦੁੱਲਮਸਰ ਦੇ ਇਸ ਕਿਸਾਨ ਨੇ 15 ਏਕੜ ਜ਼ਮੀਨ 75 ਹਜ਼ਾਰ ਰੁਪਏ ਪ੍ਰਤੀ ਕਿੱਲੇ ਦੇ ਹਿਬਾਸ ਨਾਲ ਠੇਕੇ ’ਤੇ ਲੈਕੇ ਕਣਕ ਬੀਜੀ ਸੀ। ਕਿਸਾਨ ਨੇ ਸਰਕਾਰ ਅਤੇ ਖੇਤੀਬਾੜੀ ਵਿਭਾਗ ਦੀਆਂ ਹਦਾਇਤਾਂ ਅਨੁਸਾਰ ਝੋਨੇ ਦੀ ਪਰਾਲੀ ਨੂੰ ਅੱਗ ਨਾ ਲਾਕੇ ਸੁਪਰਸੀਡਰ ਰਾਹੀ ਕਣਕ ਦੀ ਬਿਜਾਈ ਕੀਤੀ ਪ੍ਰੰਤੂ ਕਣਕ ਹਰੀ ਹੋਣ ਸਾਰ ਹੀ ਸੁੰਡੀ ਪੈ ਗਈ। ਕਿਸਾਨ ਨੇ ਸੁੰਡੀ ਦੀ ਰੋਕਥਾਮ ਲਈ ਦਵਾਈ ਦਾ ਛਿੜਕਾਅ ਵੀ ਕੀਤਾ ਪ੍ਰੰਤੂ ਕੋਈ ਵੀ ਹੱਲ ਨਹੀਂ ਹੋਇਆ। ਕਿਸਾਨ ਨੇ ਬੀਜ, ਖਾਦ ਅਤੇ ਖੇਤ ਦੀ ਵਹਾਈ ’ਤੇ ਕਾਫੀ ਖਰਚ ਕੀਤਾ ਅਤੇ ਹੁਣ ਦੁਬਰਾ ਤੋਂ ਕਰਨਾ ਪਵੇਗਾ। ਇਸੇ ਪ੍ਰਕਾਰ ਪਿੰਡ ਜੋਧਪੁਰ ਵਿੱਚ ਕਿਸਾਨ ਜਗਸੀਰ ਸਿੰਘ ਦੀ ਕਣਕ ਦੀ ਫਸਲ ’ਤੇ ਗੁਲਾਬੀ ਸੁੰਡੀ ਨੇ ਹਮਲਾ ਕਰ ਦਿੱਤਾ। ਇੱਥੇ ਭਾਰਤੀ ਕਿਸਾਨ ਯੂਨੀਅਨ ਕਾਦੀਆਂ ਦੇ ਆਗੂਆਂ ਨੇ ਖੇਤੀਬਾੜੀ ਵਿਭਾਗ ਦੇ ਅਧਿਕਾਰੀਆਂ ਨੂੰ ਮੌਕਾ ਵੀ ਦਿਖਾਇਆ ਹੈ। ਕਿਸਾਨ ਆਗੂਆਂ ਗੁਰਵਿੰਦਰ ਸਿੰਘ, ਅਜਮੇਰ ਸਿੰਘ ਅਤੇ ਬਲਵਿੰਦਰ ਸਿੰਘ ਨੇ ਦੱਸਿਆ ਕਿ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਕਣਕ ਦੀ ਬਿਜਾਈ ਕੀਤੀ। ਕਿਸਾਨ ਲੰਬੇ ਸਮੇਂ ਤੋਂ ਦੁਹਾਈ ਪਾ ਰਹੇ ਹਨ ਕਿ ਖਾਦ ਘਟੀਆਂ ਹੈ, ਦਵਾਈਆਂ ਘਟੀਆਂ ਹਨ ਪ੍ਰੰਤੂ ਕਿਸੇ ਸਰਕਾਰ ਨੇ ਗੱਲ ਨਹੀਂ ਸੁਣੀ। ਹੁਣ ਸੱਚ ਸਭ ਦੇ ਸਾਹਮਣੇ ਹੈ ਕਿ ਕਿਸੇ ਵੀ ਦਵਾਈ ਨਾਲ ਗੁਲਾਰੀ ਸੁੰਡੀ ਨਹੀ ਮਰ ਰਹੀ ਹੈ। ਖੇਤੀਬਾੜੀ ਵਿਭਾਗ ਸ਼ਹਿਣਾ ਦੇ ਡਾ. ਧਰਮਵੀਰ ਸਿੰਘ, ਮੱਖਣ ਸਿੰਘ, ਨਵਨੀਤ ਸਿੰਘ ਅਤੇ ਦੀਪਕ ਗਰਗ ਨੇ ਨੁਕਸਾਨੀ ਫਸਲ ਦਾ ਜਾਇਜ਼ਾ ਲਿਆ ਅਤੇ ਕਿਹਾ ਕਿ ਇਸ ਦੀ ਰਿਪੋਰਟ ਸਰਕਾਰ ਨੂੰ ਭੇਜੀ ਜਾਵੇਗੀ।