ਗੁਰੂ ਨਾਨਕ ਦੇਵ ’ਵਰਸਿਟੀ ਦੇ ਖੇਤੀਬਾੜੀ ਫਾਰਮ ’ਚ ਸੇਬਾਂ ਦੀ ਭਰਪੂਰ ਫਸਲ
ਟ੍ਰਿਬਿਊਨ ਨਿਊਜ਼ ਸਰਵਿਸ
ਅੰਮ੍ਰਿਤਸਰ, 4 ਅਪਰੈਲ
ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਖੇਤੀਬਾੜੀ ਫਾਰਮ ਵੱਲੋਂ ਅੰਮ੍ਰਿਤਸਰ ਦੀ ਧਰਤੀ ’ਤੇ ਸੇਬ ਉਗਾਉਣ ਦੀ ਕੀਤੀ ਜਾ ਰਹੀ ਮਿਹਨਤ ਰੰਗ ਲੈ ਆਈ ਹੈ ਅਤੇ ਹੁਣ ਯੂਨੀਵਰਸਿਟੀ ਦੇ ਖੇਤੀ ਫਾਰਮ ਵਿੱਚ ਸੇਬ ਦੇ ਪੌਦਿਆਂ ਨੂੰ ਭਰਪੂਰ ਮਾਤਰਾ ਵਿੱਚ ਫਲ ਲੱਗ ਗਏ ਹਨ। ਯੂਨੀਵਰਸਿਟੀ ਦੇ ਖੇਤੀਬਾੜੀ ਖੋਜ ਅਤੇ ਨਵੀਨਤਾ ਵਿਭਾਗ ਦੇ ਯਤਨ ਸਦਕਾ ਪੰਜਾਬ ਦੇ ਕਿਸਾਨਾਂ ਲਈ ਹੁਣ ਸੇਬ ਦੀ ਵੀ ਖੇਤੀ ਕਰਨੀ ਸੌਖੀ ਹੋ ਜਾਵੇਗੀ। ਇਹ ਪ੍ਰਾਜੈਕਟ ਪੰਜਾਬ ਵਿੱਚ ਫਸਲਾਂ ਦੀ ਕਾਸ਼ਤ ਨੂੰ ਵਿਭਿੰਨਤਾ ਪ੍ਰਦਾਨ ਕਰਨ ਦੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੀ ਵਚਨਬੱਧਤਾ ਦੇ ਹਿੱਸੇ ਵਜੋਂ ਸ਼ੁਰੂ ਕੀਤਾ ਗਿਆ ਸੀ। ਰਵਾਇਤੀ ਤੌਰ ’ਤੇ ਸੇਬ ਦੀ ਕਾਸ਼ਤ ਹਿਮਾਚਲ ਪ੍ਰਦੇਸ਼ ਅਤੇ ਜੰਮੂ-ਕਸ਼ਮੀਰ ਦੇ ਪਹਾੜੀ ਖੇਤਰਾਂ ਤੱਕ ਸੀਮਤ ਰਹੀ ਹੈ। ਬਾਗਬਾਨੀ ਤਕਨੀਕਾਂ ਵਿੱਚ ਤਰੱਕੀ ਅਤੇ ਘੱਟ-ਠੰਢ ਵਾਲੇ ਕਿਸਮ ਦੇ ਸੇਬਾਂ ਦੀ ਸ਼ੁਰੂਆਤ ਨਾਲ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿੱਚ ਕੀਤੇ ਗਏ ਪ੍ਰਯੋਗ ਨੇ ਸੰਤੋਸ਼ਜਨਕ ਨਤੀਜੇ ਦਿਖਾਏ ਹਨ।
ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਖੇਤੀਬਾੜੀ ਵਿਭਾਗ ਦੇ ਮੁਖੀ ਡਾ. ਪੀ.ਕੇ. ਪਤੀ ਨੇ ਦੱਸਿਆ ਕਿ ਸੇਬ ਦੇ ਪੌਦਿਆਂ ਦੀਆ ਉਹ ਕਿਸਮਾਂ ਲਗਾਈਆਂ ਗਈਆਂ ਸਨ, ਜੋ ਗਰਮ ਸਥਿਤੀਆਂ ਵਿੱਚ ਵੀ ਵੱਧ ਫੁੱਲ ਸਕਣ ਅਤੇ ਫਲ ਵੀ ਦੇ ਸਕਣ। ਇਹ ਪੰਜਾਬ ਦੀਆਂ ਫਸਲਾਂ ਵਿੱਚ ਵਿਭਿੰਨਤਾ ਲਿਆਉਣ ਦੀ ਇੱਛਾ ਰੱਖਣ ਵਾਲੇ ਕਿਸਾਨਾਂ ਲਈ ਉਤਸ਼ਾਹਜਨਕ ਸੰਕੇਤ ਹੈ। ਵਾਈਸ-ਚਾਂਸਲਰ ਪ੍ਰੋ. ਕਰਮਜੀਤ ਸਿੰਘ ਨੇ ਖੋਜ ਟੀਮ ਦੀਆਂ ਕੋਸ਼ਿਸ਼ਾਂ ਦੀ ਸ਼ਲਾਘਾ ਕੀਤੀ ਅਤੇ ਕਿਹਾ ਕਿ ਇਹ ਸਫਲਤਾ ਪੰਜਾਬ ਦੇ ਖੇਤੀਬਾੜੀ ਖੇਤਰ ਲਈ ਨਵੇਂ ਮੌਕੇ ਖੋਲ੍ਹ ਸਕਦੀ ਹੈ। ਜੇ ਸੇਬ ਦੀ ਕਾਸ਼ਤ ਵੱਡੇ ਪੈਮਾਨੇ ’ਤੇ ਸੰਭਵ ਹੁੰਦੀ ਹੈ, ਤਾਂ ਇਹ ਕਿਸਾਨਾਂ ਨੂੰ ਰਵਾਇਤੀ ਫਸਲਾਂ ਦਾ ਵਿਕਲਪ ਪ੍ਰਦਾਨ ਕਰ ਸਕਦੀ ਹੈ।