ਇੰਡੀਅਨ ਅਕੈਡਮੀ ਵਿੱਚ ਕਲਾ ਪ੍ਰਦਰਸ਼ਨੀ ਲਾਈ
ਜਸਬੀਰ ਸਿੰਘ ਸੱਗੂ
ਅੰਮ੍ਰਿਤਸਰ, 7 ਅਪਰੈਲ
ਇੱਥੇ ਆਰਟ ਗੈਲਰੀ ਵਿੱਚ 11ਵੀਂ ਕਲਾ ਪ੍ਰਦਰਸ਼ਨੀ ਲਗਾਈ ਗਈ। ਆਨਰੇਰੀ ਜਨਰਲ ਸਕੱਤਰ ਡਾ. ਪੀ.ਐੱਸ. ਗਰੋਵਰ ਨੇ ਦੱਸਿਆ ਕਿ ਇਹ ਪ੍ਰਦਰਸ਼ਨੀ ਰਾਜ ਪੱਧਰ ’ਤੇ ਲਗਾਈ ਜਾ ਰਹੀ ਹੈ। 168 ਕਲਾਕਾਰਾਂ ਵੱਲੋਂ ਪੇਂਟਿੰਗ, ਡਰਾਇੰਗ, ਡਿਜੀਟਲ ਆਰਟ, ਮੂਰਤੀ ਕਲਾ, ਗ੍ਰਾਫਿਕਸ ਅਤੇ ਫੋਟੋਗ੍ਰਾਫੀ ਪ੍ਰਦਰਸ਼ਿਤ ਕੀਤੀ ਗਈ ਹੈ। ਪ੍ਰਦਰਸ਼ਨੀ ਦਾ ਉਦਘਾਟਨ ਮੁੱਖ ਮਹਿਮਾਨ ਵਜੋਂ ਪਹੁੰਚੇ ਮੇਅਰ (ਅੰਮ੍ਰਿਤਸਰ) ਜਤਿੰਦਰ ਸਿੰਘ ਮੋਤੀ ਭਾਟੀਆ ਨੇ ਕੀਤਾ। ਇੰਡੀਅਨ ਅਕੈਡਮੀ ਆਫ ਫਾਈਨ ਆਰਟਸ ਦੇ ਪ੍ਰਧਾਨ ਰਜਿੰਦਰ ਮੋਹਨ ਸਿੰਘ ਛੀਨਾ ਨੇ ਮੁੱਖ ਮਹਿਮਾਨ ਦਾ ਸਵਾਗਤ ਕੀਤਾ। ਉਨ੍ਹਾਂ ਇਸ ਪ੍ਰਦਰਸ਼ਨੀ ਦਾ ਆਨੰਦ ਮਾਣਿਆ। ਵਿਸ਼ੇਸ਼ ਮਹਿਮਾਨ ਵਜੋਂ ਸ਼ਿਵਦੇਵ ਸਿੰਘ ਪੁੱਜੇ। ਇਸ ਮੌਕੇ ਖਾਲਸਾ ਕਾਲਜ ਵਲੋਂ ਆਈਆਂ ਭੰਗੜੇ ਤੇ ਗਿੱਧੇ ਦੀਆਂ ਟੀਮਾਂ ਨੇ ਖੂਬ ਰੰਗ ਬੰਨ੍ਹਿਆ।
ਕਲਾਕਾਰ ਕੈਟਾਗਰੀ ਗਰੁੱਪ ਏ ਵਿੱਚ 21000 ਦਾ ਪਹਿਲਾ ਨਕਦ ਇਨਾਮ ਖੰਨਾ ਦੇ ਗੁਰਪ੍ਰੀਤ ਸਿੰਘ ਨੂੰ ਮਿਲਿਆ, 11000 ਦਾ ਨਕਦ ਇਨਾਮ ਪਟਿਆਲਾ ਦੇ ਜੀਵਨ ਸਿੰਘ ਨੂੰ ਮਿਲਿਆ। ਸਿਖਿਆਰਥੀ ਕਲਾਕਾਰ ਕੈਟਾਗਰੀ ਗਰੁੱਪ ਬੀ ਵਿੱਚ 11,000 ਦਾ ਨਕਦ ਇਨਾਮ ਚੰਡੀਗੜ੍ਹ ਦੀ ਸੋਨਮ ਸਾਗਰ ਨੂੰ ਮਿਲਿਆ, 7,000 ਦਾ ਨਕਦ ਇਨਾਮ ਚੰਡੀਗੜ੍ਹ ਦੀ ਰਿਮਸ਼ਾ ਨੂੰ ਮਿਲਿਆ। ਇਸ ਤੋਂ ਇਲਾਵਾ 6-6 ਐਵਾਰਡ ਆਫ ਐਕਸੀਲੈਂਸ (ਹਰ ਗਰੁੱਪ ’ਚ) ਵੀ ਦਿੱਤੇ ਗਏ। ਆਨ. ਜਨਰਲ ਸੈਕਟਰੀ ਪੀ.ਐਸ ਗਰੋਵਰ ਅਤੇ ਸੁਖਪਾਲ ਸਿੰਘ, ਸੈਕਟਰੀ ਵਿਜ਼ੁਅਲ ਆਰਟ ਨੇ ਆਏ ਹੋਏ ਮੁੱਖ ਮਹਿਮਾਨ ਦਾ ਧੰਨਵਾਦ ਕੀਤਾ ਅਤੇ ਕਲਾਕਾਰਾਂ ਨੂੰ ਜੀਵਨ ਵਿੱਚ ਅੱਗੇ ਵਧਣ ਦੀ ਪ੍ਰੇਰਨਾ ਦਿੱਤੀ।ਇਸ ਮੌਕੇ ਸੰਸਥਾ ਦੇ ਮੈਂਬਰ ਕੁਲਵੰਤ ਸਿੰਘ ਗਿੱਲ, ਧਰਮਿੰਦਰ ਸ਼ਰਮਾ, ਗੁਲਸ਼ਨ ਸਡਾਨਾ, ਨਰਿੰਦਰ ਨਾਥ ਕਪੂਰ, ਨਰਿੰਦਰ ਸਿੰਘ ਆਰਕੀਟੈਕਟ, ਡਾ. ਏ.ਐਸ ਚਮਕ ਅਤੇ ਨਰਿੰਦਰ ਸਿੰਘ ਮੂਰਤੀ ਕਲਾਕਾਰ ਅਤੇ ਸ਼ਹਿਰ ਦੇ ਪਤਵੰਤੇ ਮੌਜੂਦ ਰਹੇ।