ਗੁਰੂ ਨਾਨਕ ਦੇਵ ਯੂਨੀਵਰਸਿਟੀ ਕਾਲਜ ’ਚ ਖੇਡ ਮੇਲਾ ਸ਼ੁਰੂ
ਹਤਿੰਦਰ ਮਹਿਤਾ
ਜਲੰਧਰ, 28 ਮਾਰਚ
ਇੱਥੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਕਾਲਜ, ਲਾਡੋਵਾਲੀ ਰੋਡ ਵਿੱਚ ਅੱਜ ਸ਼ੁਰੂ ਹੋਏ ਦੋ ਰੋਜ਼ਾ ਖੇਡ ਮੇਲੇ ਨਾਮਵਰ ਹਾਕੀ ਓਲੰਪੀਅਨ ਗੁਨਦੀਪ ਕੁਮਾਰ ਨੇ ਮੁੱਖ ਮਹਿਮਾਨ, ਜਦਕਿ ਸਮਾਜ ਸੇਵੀ ਅਤੇ ਕੌਂਸਲਰ ਹਰਜਿੰਦਰ ਸਿੰਘ ਲਾਡਾ ਨੇ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕੀਤੀ। ਕਾਲਜ ਦੇ ਓਐੱਸਡੀ ਡਾ. ਕਮਲੇਸ਼ ਸਿੰਘ ਦੁੱਗਲ ਨੇ ਮੁੱਖ ਮਹਿਮਾਨ ਦਾ ਸਵਾਗਤ ਕੀਤਾ। ਇਸ ਦੌਰਾਨ ਦੁੱਗਲ ਨੇ ਸੰਬੋਧਨ ਕਰਦਿਆਂ ਕਿਹਾ ਕਿ ਅਜਿਹੇ ਖੇਡ ਮੇਲੇ ਜਿੱਥੇ ਵਿਦਿਆਰਥੀਆਂ ਦੇ ਜੀਵਨ ਅੰਦਰ ਮੁਕਾਬਲਿਆਂ ਦੀ ਭਾਵਨਾ ਪੈਦਾ ਕਰਦੇ ਹਨ, ਉਥੇ ਹੀ ਨਿੱਘਰ ਅਤੇ ਨਿਰੋਏ ਸਮਾਜ ਦੀ ਸਿਰਜਣਾ ਵੀ ਕਰਦੇ ਹਨ। ਸਿਹਤਮੰਦ ਅਤੇ ਤੰਦਰੁਸਤ ਨੌਜਵਾਨ ਹੀ ਸਮਾਜ ਦਾ ਸੁਨਹਿਰੀ ਭਵਿੱਖ ਹਨ।
ਇਸ ਮਗਰੋਂ ਮੁੱਖ ਮਹਿਮਾਨ ਗੁਨਦੀਪ ਕੁਮਾਰ ਨੇ ਕਿਹਾ ਨੇ ਖੇਡਾਂ ਮਨੁੱਖ ਨੂੰ ਸਰੀਰਕ ਅਤੇ ਮਾਨਸਿਕ ਤੌਰ ’ਤੇ ਮਜ਼ਬੂਤ ਕਰਦੀਆਂ ਹਨ। ਉਨ੍ਹਾਂ ਕਿਹਾ ਕਿ ਖੇਡਾਂ ਦੇ ਖੇਤਰ ਵਿਚ ਫੇਲ੍ਹ ਸ਼ਬਦ ਦਾ ਕੋਈ ਅਰਥ ਨਹੀਂ। ਇਸ ਮਗਰੋਂ ਵਿਧੀਵਤ ਤਰੀਕੇ ਨਾਲ ਸ਼ਮਾਂ ਰੌਸ਼ਨ ਕਰਨ ਗੁਬਾਰੇ ਅਸਮਾਨ ਵਿੱਚ ਛੱਡਣ ਮਗਰੋਂ ਖੇਡ ਮੇਲੇ ਦੀ ਸ਼ੁਰੂਆਤ ਕੀਤੀ ਗਈ। ਅੱਜ ਖੇਡ ਮੇਲੇ ਦੇ ਪਹਿਲੇ ਦਿਨ ਕ੍ਰਿਕਟ, ਬੈਡਮਿੰਟਨ, ਸ਼ਤਰੰਜ, ਵਾਲੀਬਾਲ ਅਤੇ ਕੈਰਮ ਦੇ ਮੁਕਾਬਲੇ ਕਰਵਾਏ ਗਏ। ਇਸ ਮੌਕੇ ਕਾਲਜ ਦੇ ਸਾਬਕਾ ਸਪੋਰਟਸ ਇੰਚਾਰਜ ਪ੍ਰੋ. ਮਨਜੀਤ ਸਿੰਘ ਢੱਲ ਨੇ ਬਾਹਰੋਂ ਆਏ ਮਹਿਮਾਨਾਂ ਦਾ ਧੰਨਵਾਦ ਕੀਤਾ ਅਤੇ ਖਿਡਾਰੀਆਂ ਨੂੰ ਨਸ਼ਿਆਂ ਖ਼ਿਲਾਫ਼ ਸਹੁੰ ਚੁਕਾਈ। ਖੇਡ ਮੇਲੇ ਨੂੰ ਨੇਪਰੇ ਚੜ੍ਹਾਉਣ ਵਾਸਤੇ ਡਾ. ਲਖਵੀਰ ਸਿੰਘ, ਡਾ. ਅਸ਼ੀਸ਼ ਅਰੋੜਾ, ਡਾ. ਸੰਜੀਵ ਅਰੋੜਾ, ਡਾ. ਪਰਵਿੰਦਰ ਕੌਰ, ਡਾ. ਸੋਨੀਆ ਕੁੰਦਰਾ ਨੇ ਵਿਸ਼ੇਸ਼ ਯੋਗਦਾਨ ਪਾਇਆ।