ਗੁਰੂ ਗੋਬਿੰਦ ਸਿੰਘ ਦੇ ਪ੍ਰਕਾਸ਼ ਪੁਰਬ ਮੌਕੇ ਨਗਰ ਕੀਰਤਨ ਸਜਾਏ
ਪੱਤਰ ਪ੍ਰੇਰਕ
ਨਵੀਂ ਦਿੱਲੀ, 5 ਜਨਵਰੀ
ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਮੌਕੇ ’ਤੇ ਗੁਰਦੁਆਰਾ ਰਕਾਬਗੰਜ ਤੋਂ ਨਗਰ ਕੀਰਤਨ ਸਜਾਇਆ ਗਿਆ। ਨਗਰ ਕੀਰਤਨ ਸ਼ੰਕਰ ਰੋਡ, ਪਟੇਲ ਨਗਰ, ਮੋਤੀ ਨਗਰ, ਰਮੇਸ਼ ਨਗਰ, ਰਾਜੌਰੀ ਗਾਰਡਨ, ਤਿਲਕ ਨਗਰ ਤੋਂ ਹੁੰਦਾ ਹੋਇਆ ਗੁਰਦੁਆਰਾ ਸਿੰਘ ਸਭਾ ਸ਼ਿਵ ਨਗਰ ਜੀ ਬਲਾਕ ਤੱਕ ਪੁੱਜਿਆ। ਨਗਰ ਕੀਰਤਨ ਵਿੱਚ ਸਕੂਲੀ ਵਿਦਿਆਰਥੀਆਂ ਦੇ ਨਾਲ-ਨਾਲ ਗੁਰੂ ਕੀਆਂ ਲਾਡੀਆਂ ਫੌਜਾਂ ਨਿਹੰਗ ਸਿੰਘਾਂ ਦੇ ਦਸਤੇ ਤੇ ਹੋਰ ਦਸਤੇ ਵੀ ਸ਼ਾਮਲ ਸਨ। ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਮੀਤ ਸਿੰਘ ਕਾਲਕਾ ਤੇ ਜਨਰਲ ਸਕੱਤਰ ਸਰਦਾਰ ਜਗਦੀਪ ਸਿੰਘ ਕਾਹਲੋਂ ਨੇ ਖੁਦ ਨਗਰ ਕੀਰਤਨ ਵਿਚ ਗੁਰੂ ਗ੍ਰੰਥ ਸਾਹਿਬ ਦੀ ਸਵਾਰੀ ਦੀ ਸੇਵਾ ਕਰਦਿਆਂ ਸੰਗਤਾਂ ਦੇ ਦਰਸ਼ਨ ਕੀਤੇ।
ਕੁਰੂਕਸ਼ੇਤਰ (ਪੱਤਰ ਪ੍ਰੇਰਕ): ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਮੌਕੇ ਧਰਮਨਗਰੀ ਵਿੱਚ ਮਹਾਨ ਨਗਰ ਕੀਰਤਨ ਸਜਾਇਆ ਗਿਆ। ਬ੍ਰਹਮਸਰੋਵਰ ਨੇੜੇ ਇਤਿਹਾਸਕ ਗੁਰਦੁਆਰਾ ਸਾਹਿਬ ਪਾਤਸ਼ਾਹੀ ਦਸਵੀਂ ਤੋਂ ਆਰੰਭ ਹੋਏ ਨਗਰ ਕੀਰਤਨ ਵਿਚ ਸੰਗਤਾਂ ਨੇ ਵੱਡੀ ਗਿਣਤੀ ਵਿਚ ਸ਼ਮੂਲੀਅਤ ਕੀਤੀ ਅਤੇ ਗੁਰੂ ਸਾਹਿਬ ਦਾ ਆਸ਼ੀਰਵਾਦ ਪ੍ਰਾਪਤ ਕੀਤਾ। ਗੁਰੂ ਚਰਨਾਂ ਵਿੱਚ ਅਰਦਾਸ ਉਪਰੰਤ ਨਗਰ ਕੀਰਤਨ ਆਰੰਭ ਹੋਇਆ। ਗੁਰੂ ਗ੍ਰੰਥ ਸਾਹਿਬ ਦੀ ਰਹਿਨੁਮਾਈ ਹੇਠ ਸਜਾਏ ਨਗਰ ਕੀਰਤਨ ਦੀ ਅਗਵਾਈ ਰਵਾਇਤੀ ਪਹਿਰਾਵੇ ਵਿੱਚ ਪੰਜ ਪਿਆਰਿਆਂ ਨੇ ਕੀਤੀ। ਇਸ ਦੌਰਾਨ ਹਰਿਆਣਾ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੀ ਜੂਨੀਅਰ ਮੀਤ ਪ੍ਰਧਾਨ ਬੀਬੀ ਰਵਿੰਦਰ ਕੌਰ ਅਜਰਾਣਾ, ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਬੁਲਾਰੇ ਕਵਲਜੀਤ ਸਿੰਘ ਅਜਰਾਣਾ, ਕਥਾਵਾਚਕ ਸਿਮਰਨਜੀਤ ਸਿੰਘ, ਨਰਿੰਦਰ ਸਿੰਘ ਗਿੱਲ, ਮੈਨੇਜਰ ਹਰਮੀਤ ਸਿੰਘ ਹਾਜ਼ਰ ਸਨ। ਨਗਰ ਕੀਰਤਨ ਸਿਵਲ ਹਸਪਤਾਲ ਰੋਡ, ਮਲਿਕ ਮੈਡੀਕਲ ਹਾਲ ਰੋਡ, ਪ੍ਰੋਫੈਸਰ ਕਲੋਨੀ, ਜਾਂਗੜਾ ਧਰਮਸ਼ਾਲਾ, ਸ਼ੇਖ ਚਹੇਲੀ ਦਾ ਮਕਬਰਾ, ਝਾਂਸਾ ਰੋਡ, ਕਿਲਾ ਤੇਜ ਪ੍ਰਤਾਪ, ਲਾਲ ਸੜਕ, ਕੁਟੀਆ ਵਾਲੀ ਗਲੀ, ਰੇਲਵੇ ਰੋਡ ਤੋਂ ਹੁੰਦਾ ਹੋਇਆ ਦੇਰ ਸ਼ਾਮ ਗੁਰਦੁਆਰਾ ਪਾਤਸ਼ਾਹੀ ਛੇਵੀਂ ਵਿਖੇ ਸਮਾਪਤ ਹੋਇਆ। ਨਗਰ ਕੀਰਤਨ ਦਾ ਆਤਿਸ਼ਬਾਜੀ ਅਤੇ ਫੁੱਲਾਂ ਦੀ ਵਰਖਾ ਨਾਲ ਸਵਾਗਤ ਕੀਤਾ ਗਿਆ। ਪ੍ਰਕਾਸ਼ ਪੁਰਬ ਮੌਕੇ 6 ਜਨਵਰੀ ਨੂੰ ਇਤਿਹਾਸਕ ਗੁਰਦੁਆਰਾ ਪਾਤਸ਼ਾਹੀ ਛੇਵੀਂ ਵਿਖੇ ਕੀਰਤਨ ਦਰਬਾਰ ਕਰਵਾਇਆ ਜਾਵੇਗਾ।
ਨਗਰ ਕੀਰਤਨ ਮੌਕੇ ਪਾਲਕੀ ਅੱਗੇ ਸਫਾਈ ਦੀ ਸੇਵਾ ਨਿਭਾਈ
ਰਤੀਆ (ਪੱਤਰ ਪ੍ਰੇਰਕ): ਗੁਰਦੁਆਰਾ ਨਾਨਕਸ਼ਾਹੀ ਪਿੰਡ ਭੂੰਦੜਵਾਸ ਵਿੱਚ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ਪੁਰਬ ਦੇ ਸਬੰਧ ਵਿੱਚ ਅੱਜ ਨਗਰ ਕੀਰਤਨ ਸਜਾਏ ਗਏ। ਨਗਰ ਕੀਰਤਨ ਦੀ ਅਗਵਾਈ ਪੰਜ ਪਿਆਰਿਆਂ ਨੇ ਕੀਤੀ। ਇਸ ਮੌਕੇ ਕੀਰਤਨੀ ਜਥਾ ਪ੍ਰਗਟ ਸਿੰਘ ਕਮਾਣੇ ਵਾਲੇ, ਢਾਡੀ ਬੀਬੀਆਂ, ਆਲਮਗੀਰੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਖਜ਼ਾਨਚੀ ਹਰਦਿਆਲ ਸਿੰਘ, ਖਜ਼ਾਨਚੀ ਹਰਪਾਲ ਸਿੰਘ, ਪ੍ਰਧਾਨ ਭੀਮਾ ਸਿੰਘ ਚਹਿਲ, ਜਗਤਾਰ ਸਿੰਘ, ਭਾਈ ਜਸਬੀਰ ਸਿੰਘ ਵੀ ਹਾਜ਼ਰ ਸਨ। ਇਸ ਮੌਕੇ ਸਤਿਕਾਰ ਕਮੇਟੀ ਦੇ ਮੈਂਬਰਾਂ ਨੇ ਗੁਰੂ ਗ੍ਰੰਥ ਸਾਹਿਬ ਦੀ ਪਾਲਕੀ ਅੱਗੇ ਝਾੜੂ ਲਗਾ ਕੇ ਸਾਫ ਸਫਾਈ ਦੀ ਸੇਵਾ ਨਿਭਾਈ। ਇਸ ਮੌਕੇ ਸਤਿਕਾਰ ਕਮੇਟੀ ਦੇ ਪ੍ਰਧਾਨ ਜਗਤਾਰ ਸਿੰਘ, ਗੁਰਦੀਪ ਸਿੰਘ ਗੱਗੂ, ਤਰਸੇਮ ਸਿੰਘ, ਗੁਰਨੂਰ ਸਿੰਘ, ਗੁਰਦੁਆਰੇ ਦੇ ਮੁੱਖ ਗ੍ਰੰਥੀ ਭਾਈ ਪ੍ਰਗਟ ਸਿੰਘ ਹਾਜ਼ਰ ਸਨ। ਇਸ ਦੌਰਾਨ ਰਸਤੇ ਵਿੱਚ ਕਈ ਥਾਈਂ ਲੰਗਰ ਵੀ ਲਗਾਏ ਗਏ।