ਗੁਰੂ ਗੋਬਿੰਦ ਸਿੰਘ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਨਗਰ ਕੀਰਤਨ ਸਜਾਏ
ਭਗਵਾਨ ਦਾਸ ਸੰਦਲ
ਦਸੂਹਾ, 5 ਜਨਵਰੀ
ਇਥੇ ਗੁਰਦੁਆਰਾ ਸਿੰਘ ਸਭਾ ਮਿਆਣੀ ਰੋਡ ਵੱਲੋਂ ਗੁਰੂ ਗੋਬਿੰਦ ਸਿੰਘ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਜਾਹੋ-ਜਲਾਲ ਨਾਲ ਵਿਸ਼ਾਲ ਨਗਰ ਕੀਰਤਨ ਸਜਾਇਆ ਗਿਆ। ਇਸ ਦੀ ਅਗਵਾਈ ਪੰਜ ਪਿਆਰਿਆਂ ਨੇ ਗੁਰੂ ਗ੍ਰੰਥ ਸਾਹਿਬ ਦੀ ਛਤਰ ਛਾਇਆ ਹੇਠ ਕੀਤੀ। ਹੱਡ ਚੀਰਵੀਂ ਠੰਢ ਦੇ ਬਾਵਜੂਦ ਵੀ ਸੰਗਤ ਨੇ ਟਰੈਕਟਰ-ਟਰਾਲੀਆਂ, ਕਾਰਾਂ, ਜੀਪਾਂ ਅਤੇ ਦੋਪਹੀਆ ਵਾਹਨਾਂ ’ਤੇ ਭਰਵੀਂ ਸ਼ਮੂਲੀਅਤ ਕੀਤੀ। ਸਰਬਤ ਦੇ ਭਲੇ ਦੀ ਅਰਦਾਸ ਮਗਰੋਂ ਨਗਰ ਕੀਰਤਨ ਦੀ ਅਰੰਭਤਾ ਮੌਕੇ ਵਿਧਾਇਕ ਕਰਮਬੀਰ ਘੁੰਮਣ ਤੇ ਉਨ੍ਹਾਂ ਦੇ ਪਿਤਾ ਜਗਮੋਹਨ ਸਿੰਘ ਬੱਬੂ ਘੁੰਮਣ ਸਣੇ ਹੋਰਨਾਂ ਪਤਵੰਤਿਆਂ ਨੇ ਸੰਗਤ ਨੂੰ ਗੁਰਪੁਰਬ ਦੀ ਵਧਾਈ ਦਿੱਤੀ ਅਤੇ ਗੁਰੂ ਸਾਹਿਬਾਨ ਦੇ ਫਲਸਫੇ ਤੋਂ ਜੀਵਨ ਸੇਧ ਲੈਣ ਲਈ ਪ੍ਰੇਰਿਤ ਕੀਤਾ। ਗੁਰੂ ਗ੍ਰੰਥ ਸਾਹਿਬ ਜੀ ਦੀ ਸੁੰਦਰ ਫੁੱਲਾਂ ਨਾਲ ਸਜਾਈ ਪਾਲਕੀ ਸਾਹਿਬ ਦੇ ਅੱਗੇ ਸੇਵਾਦਾਰ ਪਾਣੀ ਦਾ ਛਿੜਕਾਅ ਕਰ ਸਫ਼ਾਈ ਕਰ ਰਹੇ ਸਨ। ਨਗਰ ਕੀਰਤਨ ਗੁਰਦੁਆਰਾ ਸਾਹਿਬ ਤੋਂ ਸ਼ੁਰੂ ਹੋ ਕੇ ਵੱਖ-ਵੱਖ ਪਿੰਡਾਂ, ਮੁਹੱਲਿਆਂ ਤੇ ਬਾਜ਼ਾਰਾਂ ’ਚੋਂ ਹੁੰਦਾ ਹੋਇਆ ਵਾਪਸ ਸ਼ੁਰੂਆਤੀ ਸਥਾਨ ’ਤੇ ਸਮਾਪਤ ਹੋਇਆ। ਇਸ ਦੌਰਾਨ ਰਾਗੀ ਜਥਿਆਂ ਨੇ ਸੰਗਤ ਨੂੰ ਗੁਰਬਾਣੀ ਨਾਲ ਜੋੜਿਆ। ਸੰਗਤ ਲਈ ਕਈ ਥਾਈਂ ਲੰਗਰ ਲਗਾਏ ਗਏ ਸਨ। ਮਾਇਕ ਦੀ ਸੇਵਾ ਵਪਾਰ ਮੰਡਲ ਦੇ ਪ੍ਰਧਾਨ ਅਮਰੀਕ ਸਿੰਘ ਗੱਗੀ ਠੁਕਰਾਲ ਨੇ ਨਿਭਾਈ। ਪ੍ਰਧਾਨ ਪਰਮਜੀਤ ਸਿੰਘ ਪੰਮਾ ਤੇ ਸਕੱਤਰ ਕਮਲਪ੍ਰੀਤ ਸਿੰਘ ਤੇ ਹੋਰ ਪ੍ਰਬੰਧਕਾਂ ਨੇ ਪ੍ਰਮੁੱਖ ਸ਼ਖ਼ਸੀਅਤਾਂ ਨੂੰ ਸਿਰੋਪਾੳ ਭੇਟ ਕੀਤੇ ਗਏ।
ਸ਼ਾਹਕੋਟ(ਪੱਤਰ ਪ੍ਰੇਰਕ): ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਪਿੰਡ ਕੋਟਲੀ ਗਾਜਰਾਂ, ਬਾਜਵਾ ਕਲਾਂ ਅਤੇ ਕੋਟਲਾ ਹੇਰਾਂ ’ਚ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ ਅਤੇ ਪੰਜ ਪਿਆਰਿਆਂ ਦੀ ਅਗਵਾਈ ਵਿੱਚ ਵਿਸ਼ਾਲ ਨਗਰ ਕੀਰਤਨ ਸਜਾਏ ਗਏ। ਗੁਰਦੁਆਰਾ ਸਿੰਘ ਸਭਾ ਕੋਟਲੀ ਗਾਜਰਾਂ ਤੋਂ ਸ਼ੁਰੂ ਹੋਇਆ ਨਗਰ ਕੀਰਤਨ ਕੋਟਲੀ ਗਾਜਰਾਂ ਬਸਤੀ, ਡੇਰਿਆਂ ਅਤੇ ਤਹਿਸੀਲ ਕੰਪਲੈਕਸ ਸ਼ਾਹਕੋਟ ਤੋਂ ਹੁੰਦਾ ਹੋਇਆ ਮੁੜ ਗੁਰਦੁਆਰਾ ਸਾਹਿਬ ਵਿਖੇ ਆ ਕੇ ਸਮਾਪਤ ਹੋਇਆ। ਬਾਜਵਾ ਕਲਾਂ ’ਚ ਗੁਰਦੁਆਰਾ ਬਾਬਾ ਸੁਖਚੈਨ ਦਾਸ ਤੋਂ ਸ਼ੁਰੂ ਹੋਇਆ ਨਗਰ ਕੀਰਤਨ ਬਾਹਮਣੀਆਂ, ਐਦਲਪੁਰ, ਬਾਜਵਾ ਖੁਰਦ, ਸਾਹਲਾਪੁਰ ਅਤੇ ਸੰਢਾਂਵਾਲ ’ਚੋਂ ਹੁੰਦਾ ਹੋਇਆ ਮੁੜ ਗੁਰਦੁਆਰਾ ਸਾਹਿਬ ਵਿਖੇ ਆ ਕੇ ਸਮਾਪਤ ਹੋਇਆ। ਕੋਟਲਾ ਹੇਰਾਂ ਵਿੱਚ ਗੁਰਦੁਆਰਾ ਸਾਹਿਬ ਤੋਂ ਸ਼ੁਰੂ ਹੋ ਕੇ ਨਗਰ ਕੀਰਤਨ ਸਮੁੱਚੇ ਪਿੰਡ ਦੀ ਪਰਿਕਰਮਾ ਕਰਦਾ ਹੋਇਆ ਮੁੜ ਗੁਰਦੁਆਰਾ ਸਾਹਿਬ ਵਿਖੇ ਆ ਕੇ ਸਮਾਪਤ ਹੋਇਆ। ਇਸ ਮੌਕੇ ਗ੍ਰੰਥੀ ਭਾਈ ਗੁਰਜੰਟ ਸਿੰਘ, ਪ੍ਰਧਾਨ ਜਰਨੈਲ ਸਿੰਘ, ਸਰਪੰਚ ਇੰਦਰਪਾਲ, ਸਾਬਕਾ ਸਰਪੰਚ ਬੂਟਾ ਸਿੰਘ, ਜਸਪਾਲ ਸਿੰਘ, ਸਤਿੰਦਰ ਪਾਲ ਸਿੰਘ, ਅੰਮ੍ਰਿਤਪਾਲ ਸਿੰਘ, ਨੰਬਰਦਾਰ ਸੁਖਦੇਵ ਸਿੰਘ, ਬਲਜਿੰਦਰ ਸਿੰਘ, ਗੁਰਮੇਜ ਸਿੰਘ, ਦਰਸ਼ਨ ਸਿੰਘ, ਦਲਬੀਰ ਸਿੰਘ, ਬਲਕਾਰ ਸਿੰਘ, ਕਰਨੈਲ ਸਿੰਘ, ਦਲਜੀਤ ਸਿੰਘ, ਜਸਵਿੰਦਰ ਸਿੰਘ ਅਤੇ ਵੱਡੀ ਗਿਣਤੀ ’ਚ ਪਿੰਡ ਦੀ ਸੰਗਤ ਹਾਜ਼ਰ ਸੀ।
ਧਾਰੀਵਾਲ ਕਲਾਂ ਵਿੱਚ ਵਿਸ਼ਾਲ ਨਗਰ ਕੀਰਤਨ ਸਜਾਏ
ਧਾਰੀਵਾਲ (ਸੁੱਚਾ ਸਿੰਘ ਪਸਨਾਵਾਲ): ਪਿੰਡ ਧਾਰੀਵਾਲ ਕਲਾਂ ਵਿੱਚ ਗੁਰਦੁਆਰਾ ਸਿੰਘ ਸਭਾ ਸਾਹਿਬ (ਪੱਤੀ ਚੀਮਾ) ਤੋਂ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਮੌਕੇ ’ਤੇ ਸੁੰਦਰ ਪਾਲਕੀ ਵਿੱਚ ਸ਼ੁਸ਼ੋਭਿਤ ਗੁਰੂ ਗ੍ਰੰਥ ਸਾਹਿਬ ਦੀ ਛਤਰ ਛਾਇਆ ਅਤੇ ਪੰਜ ਪਿਆਰਿਆਂ ਦੀ ਅਗਵਾਈ ਹੇਠ ਵਿਸ਼ਾਲ ਨਗਰ ਕੀਰਤਨ ਸਜਾਇਆ ਗਿਆ। ਨਗਰ ਕੀਰਤਨ ਗੁਰਦੁਆਰਾ (ਪੱਤੀ ਚੀਮਾ) ਤੋਂ ਆਰੰਭ ਹੋ ਕੇ ਰੰਘਰੇਟਾ ਗੁਰੂ ਕਾ ਬੇਟਾ ਪੜਾਅ, ਗੁਰਦੁਆਰਾ ਸਿੰਘ ਸਭਾ ਪਿੰਡ ਖਾਨਮਲਕ ਤੋਂ ਵਾਪਿਸ ਪਿੰਡ ਧਾਰੀਵਾਲ ਕਲਾਂ ਦੇ ਗੁਰਦੁਆਰਾ ਸਾਹਿਬ (ਡੇਰਾ ਪੱਡਿਆਂ), ਗੁਰਦੁਆਰਾ ਪੱਤੀ ਧਾਲੀਵਾਲ, ਗੁਰਦੁਆਰਾ ਪੱਤੀ ਜੌਹਲ ਤੋਂ ਹੁੰਦਾ ਹੋਇਆ ਪਿੰਡ ਦੀਆਂ ਪਰਿਕਰਮਾ ਕਰਦਾ ਹੋਇਆ ਸ਼ਾਮ ਨੂੰ ਸਮਾਪਤ ਹੋਇਆ। ਨਗਰ ਕੀਰਤਨ ਦਾ ਸ਼ਰਧਾਲੂਆਂ ਨੇ ਵੱਖ-ਵੱਖ ਥਾਂਵਾਂ ’ਤੇ ਨਿੱਘਾ ਸਵਾਗਤ ਕੀਤਾ ਅਤੇ ਲੰਗਰ ਲਗਾਏ। ਨਗਰ ਕੀਰਤਨ ਦੌਰਾਨ ਪੜਾਅ ਵਾਰ ਗੁਰਦੁਆਰਿਆਂ ’ਚ ਸਜਾਏ ਧਾਰਮਿਕ ਦੀਵਾਨਾਂ ਵਿੱਚ ਕਵੀਸ਼ਰੀ ਜਥਾ ਭਾਈ ਮਨਜੀਤ ਸਿੰਘ ਗਿੱਲਮੰਝ ਅਤੇ ਕਵੀਸ਼ਰੀ ਜਥਾ ਭਾਈ ਸੁਖਵਿੰਦਰ ਸਿੰਘ ਧਾਰੀਵਾਲ ਕਲਾਂ ਤੇ ਦਿਲਬਾਗ ਸਿੰਘ ਨੇ ਗੁਰੂ ਜੀ ਦੇ ਜੀਵਨ ਬਾਰੇ ਚਾਨਣਾ ਪਾਇਆ। ਗਾਇਕ ਸਾਧੂ ਸੇਖਵਾਂ ਨੇ ਧਾਰਮਿਕ ਗੀਤ ਪੇਸ਼ ਕੀਤੇ। ਸੁਖਮਨੀ ਸੇਵਾ ਸੁਸਾਇਟੀ ਜਥਾ (ਬੀਬੀਆਂ) ਨੇ ਸਬਦ ਗਾਇਨ ਕੀਤੇ। ਪਿੰਡ ਖੁੰਡਾ ਵਿੱਚ ਦਸਮ ਪਿਤਾ ਗੁਰੂ ਗੋਬਿੰਦ ਜੀ ਦੇ ਪ੍ਰਕਾਸ਼ ਪੁਰਬ ਮੌਕੇ ਪਿੰਡ ਦੇ ਗੁਰਦੁਆਰਾ ਭਾਈ ਲਾਲੋ ਜੀ ਤੋਂ ਨਗਰ ਕੀਰਤਨ ਸਜਾਇਆ ਗਿਆ। ਸੁੰਦਰ ਪਾਲਕੀ ਵਿੱਚ ਸ਼ੁਸ਼ੋਭਿਤ ਗੁਰੂ ਗ੍ਰੰਥ ਸਾਹਿਬ ਦੀ ਛਤਰ ਛਾਇਆ ਹੇਠ ਪੰਜ ਪਿਆਰਿਆਂ ਦੀ ਅਗਵਾਈ ਵਿੱਚ ਇਹ ਨਗਰ ਕੀਰਤਨ ਗੁਰਦੁਆਰਾ ਸਾਹਿਬ ਤੋਂ ਆਰੰਭ ਹੋ ਕੇ ਪਿੰਡ ਦੀਆਂ ਪਰਿਕਰਮਾ ਕਰਦਿਆਂ ਹੋਇਆ ਮੁੜ ਵਾਪਿਸ ਅਰੰਭਿਕ ਸਥਾਨ ’ਤੇ ਸਮਾਪਤ ਹੋਇਆ।Advertisement