ਗੁਰਨਾਮ ਸਿੰਘ ਜੱਖੂ ਬਿਲਗਾ ਨਗਰ ਪੰਚਾਇਤ ਦੇ ਪ੍ਰਧਾਨ ਬਣੇ
ਸਰਬਜੀਤ ਗਿੱਲ
ਫਿਲੌਰ, 13 ਜਨਵਰੀ
ਬਿਲਗਾ ਨਗਰ ਪੰਚਾਇਤ ਦੇ ਪ੍ਰਧਾਨ ਦੀ ਚੋਣ ਦੌਰਾਨ ਗੁਰਨਾਮ ਸਿੰਘ ਜੱਖੂ ਪ੍ਰਧਾਨ ਚੁਣੇ ਗਏ। ਵੋਟਿੰਗ ਦੌਰਾਨ ਸੰਦੀਪ ਸਿੰਘ ਸੀਨੀਅਰ ਮੀਤ ਪ੍ਰਧਾਨ ਅਤੇ ਪਰਮਿੰਦਰ ਸਿੰਘ ਮੀਤ ਪ੍ਰਧਾਨ ਚੁਣੇ ਗਏ। ਆਮ ਆਦਮੀ ਪਾਰਟੀ ਦੇ ਗੱਠਜੋੜ ਨੇ ਅੱਠ ਵਾਰਡਾਂ ’ਚ ਜਿੱਤ ਹਾਸਲ ਕੀਤੀ ਸੀ। ਵਿਧਾਇਕਾ ਬੀਬੀ ਇੰਦਰਜੀਤ ਕੌਰ ਦੀ ਵੋਟ ਸਮੇਤ ਇਸ ਧਿਰ ਨੂੰ ਵਿਰੋਧੀ ਧਿਰ ਵਿੱਚੋਂ ਇੱਕ ਹੋਰ ਵੋਟ ਮਿਲ ਗਈ ਜਿਸ ਨਾਲ ਇਹ ਧਿਰ ਕੁੱਲ ਦਸ ਵੋਟਾਂ ਲਿਜਾਣ ’ਚ ਕਾਮਯਾਬ ਹੋ ਗਈ। ਇਸ ਤੋਂ ਪਹਿਲਾ ਆਮ ਆਦਮੀ ਪਾਰਟੀ ਦੇ ਖ਼ਿਲਾਫ਼ ਬਣੇ ਅਕਾਲੀ, ਕਾਂਗਰਸ, ਬਸਪਾ ਅਤੇ ਸੀਪੀਐੱਮ ਦੇ ਗੱਠਜੋੜ ਨੇ ਆਪਣੇ ਪੰਜ ਕੌਂਸਲਰ ਜਿਤਾਏ ਸਨ।
ਕਸਬੇ ਦੇ ਇੱਕ ਗਾਇਕ ਸਮੇਤ ਕੁਝ ਵਿਅਕਤੀਆਂ ਖ਼ਿਲਾਫ਼ ਹੁਣ ਚੁਣੇ ਗਏ ਪ੍ਰਧਾਨ ਨੇ ਲਿਖਤੀ ਸ਼ਿਕਾਇਤ ਦੇ ਕੇ ਦੋਸ਼ ਲਗਾਇਆ ਕਿ ਉਨ੍ਹਾਂ ਦੇ ਕੌਂਸਲਰਾਂ ਦੀ ਖਰੀਦੋ-ਫਰੋਖਤ ਕੀਤੀ ਜਾ ਰਹੀਂ ਹੈ। ਇਸ ਸਬੰਧੀ ਥਾਣਾ ਮੁਖੀ ਬਿਲਗਾ ਨੇ ਕਿਹਾ ਕਿ ਇਸ ਸ਼ਿਕਾਇਤ ਬਾਰੇ ਉੱਚ ਅਧਿਕਾਰੀਆਂ ਦੇ ਨੋਟਿਸ ’ਚ ਲਿਆਉਣ ਉਪਰੰਤ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਦੂਜੇ ਪਾਸੇ ਵਿਧਾਇਕਾ ਬੀਬੀ ਇੰਦਰਜੀਤ ਕੌਰ ਨੇ ਆਪਣੇ ਕੌਂਸਲਰਾਂ ਨੂੰ ਕਿਹਾ ਕਿ ਅਜਿਹਾ ਕੋਈ ਵੀ ਮਾਮਲਾ ਸਾਹਮਣੇ ਆਵੇ ਤਾਂ ਤੁਰੰਤ ਉਨ੍ਹਾਂ ਦੇ ਧਿਆਨ ’ਚ ਲਿਆਂਦਾ ਜਾਵੇ। ਇੱਕ ਕੌਂਸਲਰ ਨੇ ਦੋਸ਼ ਦੁਹਰਾਏ ਕਿ ਉਸ ਨੂੰ ਨਕਦੀ ਅਤੇ ਪਲਾਟ ਦੇਣ ਦੀ ਪੇਸ਼ਕਸ਼ ਕੀਤੀ ਗਈ ਸੀ।