ਗੁਰਦੁਆਰਾ ਦੂਖਨਿਵਾਰਨ ਸਾਹਿਬ ’ਚ ਗੈਸ ਪ੍ਰਾਜੈਕਟ ਦਾ ਉਦਘਾਟਨ
ਸਰਬਜੀਤ ਸਿੰਘ ਭੰਗੂ
ਪਟਿਆਲਾ, 29 ਦਸੰਬਰ
ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੇ ਸ਼ਹੀਦੀ ਜੋੜ ਮੇਲ ਦੌਰਾਨ ਗੁਰਦੁਆਰਾ ਸ੍ਰੀ ਦੂਖਨਿਵਾਰਨ ਸਾਹਿਬ ਵਿਖੇ ਨਿਰੰਤਰ ਚੱਲਦੇ ਲੰਗਰਾਂ ਲਈ ਐੱਲਪੀਜੀ ਗੈਸ ਪ੍ਰਾਜੈਕਟ ਦੀ ਸ਼ੁਰੂਆਤ ਕੀਤੀ ਗਈ। ਇਸ ਦਾ ਉਦਘਾਟਨ ਗੁਰਦੁਆਰਾ ਮੈਨੇਜਰ ਨਿਸ਼ਾਨ ਸਿੰਘ ਜੱਫਰਵਾਲ ਦੀ ਅਗਵਾਈ ਹੇਠ ਹੋਏ ਸਮਾਗਮ ਦੌਰਾਨ ਸ਼੍ਰੋਮਣੀ ਕਮੇਟੀ ਦੇ ਸਾਬਕਾ ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਬਡੂੰਗਰ, ਸ਼੍ਰੋਮਣੀ ਕਮੇਟੀ ਦੇ ਐਗਜ਼ੈਕਟਿਵ ਮੈਂਬਰ ਜਥੇਦਾਰ ਸੁਰਜੀਤ ਸਿੰਘ ਗੜ੍ਹੀ ਅਤੇ ਮੈਂਬਰ ਕੁਲਦੀਪ ਕੌਰ ਟੌਹੜਾ ਵੱਲੋਂ ਕੀਤਾ ਗਿਆ। ਇਸ ਮੌਕੇ ਸ੍ਰੀ ਬਡੂੰਗਰ ਅਤੇ ਸੁਰਜੀਤ ਗੜ੍ਹੀ ਨੇ ਕਿਹਾ ਕਿ ਗੁਰਦੁਆਰਾ ਸ੍ਰੀ ਦੂਖਨਿਵਾਰਨ ਸਾਹਿਬ ਵਿਖੇ ਸੰਗਤ ਦੀ ਆਮਦ ਨੂੰ ਦੇਖਦਿਆਂ ਇਸ ਪ੍ਰਾਜੈਕਟ ਦੀ ਲੋੜ ਸੀ। ਇਸ ਸਬੰਧੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਦੀ ਅਗਵਾਈ ਹੇਠਲੀ ਅੰਤ੍ਰਿਗ ਕਮੇਟੀ ਦੀ ਪਲੇਠੀ ਬੈਠਕ ਵਿੱਚ ਮਤੇ ਨੂੰ ਪ੍ਰਵਾਨਗੀ ਦੇਣ ਮਗਰੋਂ ਅੱਜ ਇਹ ਪ੍ਰਾਜੈਕਟ ਸੰਗਤ ਨੂੰ ਸਮਰਪਿਤ ਕੀਤਾ ਗਿਆ ਹੈ। ਜਿਸ ’ਤੇ ਸੁਰਜੀਤ ਸਿੰਘ ਗੜ੍ਹੀ ਨੇ ਪ੍ਰਧਾਨ ਅਤੇ ਐਗਜ਼ੈਕਟਿਵ ਦਾ ਧੰਨਵਾਦ ਕੀਤਾ ਜਿਨ੍ਹਾਂ ਸਦਕਾ ਇਹ ਸਦਕਾ ਇਹ ਮੰਗ ਮੁਕੰਮਲ ਹੋ ਸਕੀ ਹੈ।
ਮੈਨੇਜਰ ਨਿਸ਼ਾਨ ਸਿੰਘ ਜੱਫਰਵਾਲ ਨੇ ਕਿਹਾ ਕਿ ਲੰਗਰ ਇਮਾਰਤ, ਸਰਾਵਾਂ ਸਮੇਤ ਗੁਰਦੁਆਰਾ ਸ੍ਰੀ ਮੋਤੀ ਬਾਗ ਸਾਹਿਬ ਦੇ ਦਫਤਰ ਦਾ ਨਵੀਨੀਕਰਨ ਆਦਿ ਪ੍ਰਾਜੈਕਟ ਨਿਰਮਾਣ ਅਧੀਨ ਹਨ। ਉਨ੍ਹਾਂ ਹੋਰ ਕਿਹਾ ਕਿ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਪਾਵਨ ਅਸਥਾਨ ’ਤੇ ਦੂਰ ਦੁਰਾਡੇ ਤੋਂ ਸੰਗਤਾਂ ਵੱਡੀ ਗਿਣਤੀ ਵਿਚ ਪੁੱਜਦੀਆਂ ਹਨ ਅਤੇ ਗੈਸ ਸਪਲਾਈ ਲਾਈਨ ਦੀ ਸ਼ੁਰੂਆਤ ਨਾਲ ਗੁਰੂ ਘਰ ਦੇ ਲੰਗਰ ਅਤੇ ਕੜਾਹ ਪ੍ਰਸ਼ਾਦ ਕਾਊਂਟਰਾਂ ਦੇ ਕਾਰਜਾਂ ਨੂੰ ਹੋਰ ਵੀ ਸੁਚਾਰੂ ਬਣਾਇਆ ਜਾਵੇਗਾ। ਕਿਉਂਕਿ ਪਹਿਲਾਂ ਭੱਠੀਆਂ ਦੀ ਵਰਤੋਂ ਕੀਤੀ ਜਾਂਦੀ ਸੀ। ਇਸ ਮੌਕੇ ਪ੍ਰਾਜੈਕਟ ਸਥਾਪਤ ਕਰਨ ਵਾਲੀ ਕੰਪਨੀ ਦੇ ਮੈਨੇਜਰ ਅਤੇ ਸੰਚਾਲਕਾਂ ਨੂੰ ਵੀ ਸਨਮਾਨਤ ਕੀਤਾ ਗਿਆ। ਇਸ ਮੌਕੇ ਹੋਰਨਾਂ ਤੋਂ ਇਲਾਵਾ ਬਾਬਾ ਇੰਦਰ ਸਿੰਘ ਕਾਰ ਸੇਵਾ ਵਾਲੇ, ਮੀਤ ਮੈਨੇਜਰ ਭਾਗ ਸਿੰਘ ਚੌਹਾਨ, ਮਨਦੀਪ ਸਿੰਘ ਭਲਵਾਨ, ਅਕਾਊਟੈਂਟ ਗੁਰਮੀਤ ਸਿੰਘ, ਭਾਈ ਜਸਵਿੰਦਰ ਸਿੰਘ, ਰਿਕਾਰਡ ਕੀਪਰ ਸਰਬਜੀਤ ਸਿੰਘ, ਸਹਾਇਕ ਰਿਕਾਰਡ ਕੀਪਰ ਹਜੂਰ ਸਿੰਘ ਸਮਾਣਾ ਤੇ ਮਨਜੀਤ ਸਿੰਘ ਪੁਆਰ, ਜਗਜੀਤ ਸਿੰਘ ਖਾਲਸਾ, ਤਰਸਵੀਰ ਸਿੰਘ ਲਾਡਬੰਜਾਰਾ ਅਤੇ ਕੰਵਰ ਬੇਦੀ ਸਮੇਤ ਕਈ ਹੋਰ ਵੀ ਮੌਜੂਦ ਸਨ।