ਗੁਰਦਿਆਲ ਸਿੰਘ ਨੇ ਨਾਵਲਾਂ ’ਚ ਨਿਮਾਣੇ ਲੋਕਾਂ ਦਾ ਜੀਵਨ ਪੇਸ਼ ਕੀਤਾ: ਸਾਧੂ ਸਿੰਘ
ਸ਼ਗਨ ਕਟਾਰੀਆ
ਜੈਤੋ, 21 ਮਾਰਚ
ਪੰਜਾਬ ਅਕਾਦਮੀ, ਪੰਜਾਬ ਕਲਾ ਪਰਿਸ਼ਦ ਅਤੇ ਯੂਨੀਵਰਸਿਟੀ ਕਾਲਜ ਜੈਤੋ ਵੱਲੋਂ ਪੰਜਾਬ ਨਵ ਸਿਰਜਣਾ ਮਹਾ ਉਤਸਵ ਤਹਿਤ ਗਿਆਨਪੀਠ ਪੁਰਸਕਾਰ ਜੇਤੂ ‘ਨਾਵਲਕਾਰ ਗੁਰਦਿਆਲ ਸਿੰਘ: ਅਣਹੋਇਆਂ ਦਾ ਚਿਤੇਰਾ’ ਵਿਸ਼ੇ ’ਤੇ ਸੈਮੀਨਾਰ ਕਰਵਾਇਆ ਗਿਆ।
ਸੈਮੀਨਾਰ ਵਿੱਚ ਮੁੱਖ ਮਹਿਮਾਨ ਵਜੋਂ ਪ੍ਰੋ. ਸਾਧੂ ਸਿੰਘ ਸਾਬਕਾ ਮੈਂਬਰ ਪਾਰਲੀਮੈਂਟ ਨੇ ਸ਼ਿਰਕਤ ਕੀਤੀ ਜਦਕਿ ਗੁਰਦਿਆਲ ਸਿੰਘ ਦੇ ਪੁੱਤਰ ਰਵਿੰਦਰ ਰਾਹੀ ਉਚੇਚੇ ਤੌਰ ’ਤੇ ਸਨਮਾਨੇ ਜਾਣ ਵਾਲੀ ਸ਼ਖ਼ਸੀਅਤ ਵਜੋਂ ਹਾਜ਼ਰ ਸਨ। ਡਾ. ਸੁਭਾਸ਼ ਚੰਦਰ ਦੇ ਸਵਾਗਤੀ ਭਾਸ਼ਨ ਤੋਂ ਬਾਅਦ ਡੀਏਵੀ ਕਾਲਜ ਅਬੋਹਰ ਦੇ ਪੰਜਾਬੀ ਵਿਭਾਗ ਦੇ ਮੁਖੀ ਡਾ. ਤਰਸੇਮ ਸ਼ਰਮਾ ਨੇ ਗੁਰਦਿਆਲ ਸਿੰਘ ਦੇ ਪਰਿਵਾਰ ਦਾ ਉਚੇਚਾ ਧੰਨਵਾਦ ਕੀਤਾ ਜੋ ਉਨ੍ਹਾਂ ਨਾਲ ਜੁੜੀ ਹਰੇਕ ਵਸਤ ਨੂੰ ਸੰਭਾਲਣ ਦੇ ਯਤਨ ਵਿੱਚ ਲੱਗੇ ਹੋਏ ਹਨ। ਉੱਘੇ ਗਲਪ ਆਲੋਚਕ ਡਾ. ਸੁਰਜੀਤ ਸਿੰਘ ਨੇ ਆਪਣੇ ਕੁੰਜੀਵਤ ਭਾਸ਼ਨ ਵਿੱਚ ਨਾਵਲਕਾਰ ਦੀ ਅਕਾਦਮਿਕਤਾ, ਉਨ੍ਹਾਂ ਦੀ ਸੰਸਾਰ ਪੱਧਰ ਦੇ ਸਾਹਿਤ ਨੂੰ ਪੜ੍ਹਨ ਦੀ ਚੇਟਕ ਦਾ ਹਵਾਲਾ ਦਿੰਦਿਆਂ, ਉਨ੍ਹਾਂ ਦੇ ਨਾਵਲਾਂ ਨੂੰ ਅੱਜ ਦੇ ਦੌਰ ਵਿੱਚ ਵੀ ਵਾਰ-ਵਾਰ ਪੜ੍ਹੇ ਜਾਣ ਵਾਲੇ ਨਾਵਲ ਬਿਆਨ ਕੀਤਾ। ਮੁੱਖ ਮਹਿਮਾਨ ਪ੍ਰੋ. ਸਾਧੂ ਸਿੰਘ ਨੇ ਕਿਹਾ ਕਿ ਨਾਵਲਕਾਰ ਗੁਰਦਿਆਲ ਸਿੰਘ ਦੇ ਨਾਵਲਾਂ ਵਿੱਚ ਨਿਮਾਣੇ ਤੇ ਲਤਾੜੇ ਲੋਕਾਂ ਦਾ ਜੀਵਨ ਚਿੱਤਰ ਪੇਸ਼ ਕੀਤਾ ਗਿਆ ਹੈ ਅਤੇ ਅਜਿਹੇ ਲੋਕਾਂ ਨੂੰ ਉਸ ਦੀਆਂ ਲਿਖ਼ਤਾਂ ਸਮਾਜ ਵਿੱਚ ਉੱਪਰ ਉੱਠਣ ਦਾ ਸੁਨੇਹਾ ਦਿੰਦੀਆਂ ਹਨ।
ਪ੍ਰਧਾਨਗੀ ਭਾਸ਼ਣ ਵਿਚ ਡਾ. ਬਲਦੇਵ ਸਿੰਘ ਧਾਲੀਵਾਲ ਨੇ ਕਿਹਾ ਕਿ ਨਾਵਲਕਾਰ ਗੁਰਦਿਆਲ ਸਿੰਘ ਬਹੁਤ ਹੀ ਬਰੀਕ ਸਮਝ ਰੱਖਣ ਵਾਲੇ ਸਾਹਿਤਕਾਰ ਸਨ। ਉਹ ਗਲਪ ਰਚਨਾਵਾਂ ਦੀ ਸਿਰਜਣਾ ਮੌਕੇ ਬਹੁਤ ਛੋਟੇ-ਛੋਟੇ ਨੁਕਤੇ ਵਿਚਾਰ ਕੇ ਆਪਣੇ ਪਾਤਰਾਂ ਦੇ ਰਾਹੀਂ ਗੱਲ ਪੇਸ਼ ਕਰਦੇ ਸਨ। ਡਾ. ਪਰਮਿੰਦਰ ਸਿੰਘ ਤੱਗੜ ਨੇ ਯਾਦਾਂ ਤਾਜ਼ਾ ਕਰਦਿਆਂ ਦੱਸਿਆ ਕਿ ਯੂਨੀਵਰਸਿਟੀ ਕਾਲਜ ਜੈਤੋ ਦਾ ਉਦਘਾਟਨ 17 ਅਗਸਤ 2011 ਨੂੰ ਨਾਵਲਕਾਰ ਗੁਰਦਿਆਲ ਸਿੰਘ ਨੇ ਕੀਤਾ ਸੀ ਅਤੇ ਇਸ ਮੌਕੇ ਉਨ੍ਹਾਂ ਦਾ ਚਾਅ ਤੇ ਉਮਾਹ ਲਾਮਿਸਾਲ ਸੀ। ਸੱਭਿਆਚਾਰ ਤੇ ਲੋਕਧਾਰਾ ਵਿਗਿਆਨੀ ਡਾ. ਜੀਤ ਸਿੰਘ ਜੋਸ਼ੀ ਨੇ ਪੰਜਾਬੀ ਯੂਨੀਵਰਸਿਟੀ ਰੀਜਨਲ ਸੈਂਟਰ ਬਠਿੰਡਾ ਵਿਚ ਪ੍ਰੋਫ਼ੈਸਰ ਗੁਰਦਿਆਲ ਸਿੰਘ ਹੋਰਾਂ ਨਾਲ ਬਿਤਾਏ ਸਮੇਂ ਨੂੰ ਯਾਦ ਕੀਤਾ। ਕੇਂਦਰੀ ਯੂਨੀਵਰਸਿਟੀ ਬਠਿੰਡਾ ਤੋਂ ਡਾ. ਰਜਿੰਦਰ ਕੁਮਾਰ ਸੈਣ, ਪੰਜਾਬੀ ਯੂਨੀਵਰਸਿਟੀ ਰੀਜਨਲ ਸੈਂਟਰ ਬਠਿੰਡਾ ਤੋਂ ਡਾ. ਰਜਿੰਦਰ ਸਿੰਘ, ਗੁਰੂ ਕਾਸ਼ੀ ਕੈਂਪਸ ਤਲਵੰਡੀ ਸਾਬੋ ਤੋਂ ਡਾ. ਗੁਰਪ੍ਰੀਤ ਸਿੰਘ ਅਤੇ ਪ੍ਰੋ. ਗੁਰਜੀਤ ਕੌਰ ਨੇ ਵੀ ਪ੍ਰੋ. ਗੁਰਦਿਆਲ ਸਿੰਘ ਬਾਰੇ ਆਪਣੇ ਵਿਚਾਰ ਰੱਖੇ।
ਸਮਾਪਤੀ ਬੈਠਕ ਵਿਚ ਸੈਮੀਨਾਰ ਰਿਪੋਰਟ ਡਾ. ਹਲਵਿੰਦਰ ਸਿੰਘ ਵੱਲੋਂ ਪੇਸ਼ ਕੀਤੀ ਗਈ। ਡਾ. ਸਮਰਾਟ ਖੰਨਾ ਨੇ ਕਿਹਾ ਕਿ ਇਹ ਸੈਮੀਨਾਰ ਕਾਲਜ ਦੇ ਵਿਦਿਆਰਥੀਆਂ ਅਤੇ ਪ੍ਰਾਧਿਆਪਕਾਂ ਦੇ ਮਨਾਂ ਵਿਚ ਹਮੇਸ਼ਾ ਸੁਨਹਿਰੀ ਯਾਦ ਵਾਂਗ ਸਮਾਇਆ ਰਹੇਗਾ। ਉੱਘੇ ਸ਼ਾਇਰ ਸੁਰਿੰਦਰਪ੍ਰੀਤ ਘਣੀਆ ਨੇ ਲੇਖਕ ਦੇ ਨਾਵਲਾਂ ਨੂੰ ਅਣਹੋਇਆਂ ਨੂੰ ਹੋਇਆਂ ਵਿਚ ਤਬਦੀਲ ਕਰਨ ਦੇ ਯਤਨ ਬਿਆਨ ਕੀਤਾ। ਸਮਾਪਤੀ ਬੈਠਕ ਦਾ ਸੰਚਾਲਨ ਪ੍ਰੋ. ਰੁਪਿੰਦਰਪਾਲ ਸਿੰਘ ਧਰਮਸੋਤ ਨੇ ਕੀਤਾ।