ਚਰਨਜੀਤ ਸਿੰਘ ਢਿੱਲੋਂਜਗਰਾਉਂ, 11 ਜਨਵਰੀਪਿੰਡ ਚੌਕੀਮਾਨ ਤੋਂ ਆਉਂਦੇ ਰਜਬਾਹੇ ’ਤੇ ਪਿੰਡ ਗੁੜੇ ਤੋਂ ਸਿੱਧਵਾਂ ਖੁਰਦ ਨੂੰ ਜਾਂਦੇ ਰਾਹ ’ਤੇ ਬਣੇ ਪੁਲ ਦੀਆਂ ਪਾਂਧੀਆਂ ਦੀ ਖਸਤਾਹਾਲਤ ਕਾਰਨ ਵੱਡੇ ਹਾਦਸੇ ਦਾ ਖਦਸ਼ਾ ਬਣਿਆ ਹੋਇਆ ਹੈ। ਅੱਜ ਕੱਲ੍ਹ ਪੈ ਰਹੀ ਸੰਘਣੀ ਧੁੰਦ ਦੌਰਾਨ ਇਸ ਪੁਲ ਤੋਂ ਲੰਘਣ ਵਾਲਿਆਂ ਲਈ ਇਹ ਖਤਰਾ ਹੋਰ ਵੱਧ ਗਿਆ ਹੈ। ਲੋਕਾਂ ਨੂੰ ਰਜਬਾਹੇ ਵਿੱਚ ਡਿੱਗਣ ਤੋਂ ਬਚਾਉਣ ਲਈ ਬਣਾਈਆਂ ਗਈਆਂ ਇਹ ਪਾਂਧੀਆਂ ਇਸ ਪੁਲ ਵਾਂਗ ਹੀ ਖਸਤਾਹਾਲ ਹੋ ਚੁੱਕੀਆਂ ਹਨ ਤੇ ਪੂਰੀ ਤਰ੍ਹਾਂ ਟੁੱਟ ਚੁੱਕੀਆਂ ਹਨ।ਇਸ ਸਬੰਧ ਵਿੱਚ ਗੋਗਾ ਮਾਨ, ਸਾਬਕਾ ਸਰਪੰਚ ਚਰਨ ਸਿੰਘ, ਰਮਨ ਮਾਨ, ਪਰਮਿੰਦਰ ਸਿੰਘ ਤੇ ਹੋਰਨਾਂ ਨੇ ਦੱਸਿਆ ਕਿ ਰਜਬਾਹੇ ’ਤੇ ਸਿੰਜਾਈ ਵਿਭਾਗ ਨੇ ਪੁਲ ਸਿੱਧਾ ਬਣਾਉਣ ਦੀ ਥਾਂ ਜਾਣਬੁੱਝ ਕੇ ਟੇਢਾ ਬਣਾਇਆ , ਜਿਸ ਕਰਕੇ ਛੋਟੇ-ਵੱਡੇ ਵਾਹਨਾਂ ਦੇ ਚਾਲਕਾਂ ਨੂੰ ਲੰਗਣ ਵੇਲੇ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸ ਪੁਲ ਉੱਤੋਂ ਮਿੰਨੀ ਬੱਸ ਤੇ ਕਾਰ ਵਰਗੇ ਵਾਹਨ ਔਖ ਨਾਲ ਲੰਘਦੇ ਹਨ। ਪੁਲ ਦੀ ਚੌੜਾਈ ਘੱਟ ਹੋਣ ਕਾਰਨ ਇੱਕ ਵੇਲੇ ਇੱਕ ਹੀ ਵਾਹਨ ਲੰਘਣ ਦਾ ਰਾਹ ਹੈ। ਸਿੱਧਵਾਂ ਖੁਰਦ ਵਿੱਚ ਲੜਕੀਆਂ ਦੀਆਂ ਪੰਜ ਸਿੱਖਿਆ ਸੰਸਥਾਵਾਂ ਹਨ ਤੇ ਰੋਜ਼ਾਨਾ ਵੱਡੀ ਗਿਣਤੀ ਬੱਚੇ ਇਨ੍ਹਾਂ ਸੰਸਥਾਵਾਂ ਵੱਲ ਸਾਈਕਲਾਂ, ਸਕੂਟਰਾਂ ਆਦਿ ’ਤੇ ਲੰਘਦੇ ਹਨ। ਇਸ ਪੁਲ ’ਤੇ ਪਹਿਲਾਂ ਵੀ ਕਈ ਹਾਦਸੇ ਵਾਪਰ ਚੁੱਕੇ ਹਨ।ਪਿੰਡ ਗੁੜੇ ਦੇ ਰਵਿੰਦਰ ਸਿੰਘ, ਵੀਰਪਾਲ ਸਿੰਘ, ਬਲਵੰਤ ਸਿੰਘ, ਮੇਵਾ ਸਿੰਘ ਤੇ ਹੋਰਨਾਂ ਨੇ ਸਰਕਾਰ, ਪ੍ਰਸ਼ਾਸਨ ਤੇ ਸਿੰਜਾਈ ਵਿਭਾਗ ਤੋਂ ਮੰਗ ਕੀਤੀ ਹੈ ਕਿ ਰਜਬਾਹੇ ਦੇ ਪੁਲ ਦੀ ਉਸਾਰੀ ਮੁੜ ਕਰਵਾਈ ਜਾਵੇ ਤੇ ਨਵਾਂ ਬਣਨ ਵਾਲਾ ਪੁਲ ਸੜਕ ਦੇ ਦੋਵੇਂ ਕੰਢਿਆਂ ਨੂੰ ਸਿੱਧਾ ਜੋੜਦਾ ਹੋਵੇ ਤੇ ਚੌੜਾ ਹੋਵੇ। ਉਨ੍ਹਾਂ ਇਹ ਵੀ ਕਿਹਾ ਕਿ ਪਾਂਧੀਆਂ ਉੱਚੀਆਂ ਕਰ ਕੇ ਬਣਾਈਆਂ ਜਾਣ ਤਾਂ ਜੋ ਰਾਹਗੀਰਾਂ ਨੂੰ ਦਿੱਕਤ ਪੇਸ਼ ਨਾ ਆਵੇੇ।ਉਪ-ਮੰਡਲ ਮੈਜਿਸਟਰੇਟ ਜਗਰਾਉਂ ਨਾਲ ਇਸ ਸਬੰਧੀ ਗੱਲ ਕਰਨ ਦੀ ਕੋਸ਼ਿਸ਼ ਕੀਤੀ ਗਈ ਪਰ ਸਪੰਰਕ ਨਹੀਂ ਹੋ ਸਕਿਆ। ਤਹਿਸੀਲਦਾਰ ਰਣਜੀਤ ਸਿੰਘ ਨੇ ਇਸ ਬਾਰੇ ਆਖਿਆ ਕਿ ਉਹ ਜ਼ਿਲ੍ਹਾ ਪ੍ਰਸ਼ਾਸਨ ਨੂੰ ਇਸ ਬਾਰੇ ਜਾਣੂ ਕਰਵਾਉਣਗੇ।