ਗਿਆਨੀ ਮੁਖਤਿਆਰ ਸਿੰਘ ਵੰਗੜ ਦੀ ਪੁਸਤਕ ‘ਫ਼ਰੀਦਨਾਮਾ’ ਲੋਕ ਅਰਪਣ
ਨਿੱਜੀ ਪੱਤਰ ਪ੍ਰੇਰਕ
ਫ਼ਰੀਦਕੋਟ, 10 ਦਸੰਬਰ
ਕਲਮਾਂ ਦੇ ਰੰਗ ਸਾਹਿਤ ਸਭਾ ਫ਼ਰੀਦਕੋਟ ਨੇ ਉਘੇ ਸਾਹਿਤਕਾਰ ਗਿਆਨੀ ਮੁਖਤਿਆਰ ਸਿੰਘ ਵੰਗੜ ਦੀ ਪੁਸਤਕ ‘ਫ਼ਰੀਦਨਾਮਾ’ ਇਕ ਸਮਾਗਮ ਦੌਰਾਨ ਲੋਕ ਅਰਪਣ ਕੀਤੀ। ਇਸ ਸਮਾਗਮ ਦੇ ਮੁੱਖ ਮਹਿਮਾਨ ਸਰਬਜੀਤ ਸਿੰਘ ਬਰਾੜ ਐੱਮਡੀ ਵਿਕਟੋਰੀਆ ਆਈਲੈਟਸ ਤੇ ਇੰਮੀਗਰੇਸ਼ਨ ਸਰਵਿਸਿਜ਼ ਸਨ। ਸਮਾਗਮ ਵਿੱਚ ਪ੍ਰਸਿੱਧ ਗਜ਼ਲਗੋ ਅਮਰਜੀਤ ਸਿੰਘ ਜੀਤ ਬਠਿੰਡਾ ਅਤੇ ਉਘੇ ਸਾਹਿਤਕਾਰ ਹਰਜਿੰਦਰ ਸਿੰਘ ਪੱਤੜ ਕੈਨੇਡਾ ਵਿਸ਼ੇਸ਼ ਤੌਰ ’ਤੇ ਸ਼ਾਮਲ ਹੋਏ। ਸਭਾ ਦੇ ਜਰਨਲ ਸਕੱਤਰ ਜਸਵਿੰਦਰ ਜੱਸ ਅਤੇ ਸਹਿਤਕਾਰ ਲਾਲ ਸਿੰਘ ਕਲਸੀ ਨੇ ਇਸ ਕਿਤਾਬ ਸਬੰਧੀ ਜਾਣਕਾਰੀ ਦਿੱਤੀ ਅਤੇ ਇਸ ਦੇ ਲੇਖਕ ਮੁਖਤਿਆਰ ਸਿੰਘ ਵੰਗੜ ਨੂੰ ਵਧਾਈ ਦਿੱਤੀ। ਸਮਾਗਮ ਦੌਰਾਨ ਫ਼ਰੀਦਨਾਮਾ ਪੁਸਤਕ ਤੋਂ ਇਲਾਵਾ ਹਰਜਿੰਦਰ ਸਿੰਘ ਪੱਤੜ ਕੈਨੇਡਾ ਦੀ ਪੁਸਤਕ 'ਪੈਂਡਾਂ' ਤੇ ਸੁਰਿੰਦਰ ਸੋਹਲ ਦੀ ਪੁਸਤਕ ‘ਖੰਡਰ ਖਾਮੋਸ਼ ਤੇ ਰਾਤ’ ਵੀ ਲੋਕ ਅਰਪਣ ਕੀਤੀ ਗਈ। ਇਸ ਉਪਰੰਤ ਕਾਵਿ ਮਹਿਫਲ ਵੀ ਰਚਾਈ ਗਈ। ਕਵੀਆਂ ਨੇ ਆਪਣੀਆਂ ਰਚਨਾਵਾਂ ਪੜ੍ਹੀਆਂ ਤੇ ਸਰੋਤਿਆਂ ਦੇ ਦਿਲਾਂ ਨੂੰ ਮੋਹਿਆ। ਇਸ ਮਹਿਫ਼ਲ ਦੌਰਾਨ 50 ਤੋਂ 60 ਦੇ ਕਰੀਬ ਸਾਹਿਤਕਾਰਾਂ ਨੇ ਆਪਣੀ ਹਾਜ਼ਰੀ ਲਗਵਾਈ ਤੇ ਵਾਹ ਵਾਹ ਖੱਟੀ। ਮੰਚ ਸੰਚਾਲਕ ਦੀ ਭੂਮਿਕਾ ਪ੍ਰਸਿੱਧ ਗਜ਼ਲਗੋ ਸਿਕੰਦਰ ਮਾਨਵ ਤੇ ਜਸਵੀਰ ਫੀਰਾ ਨੇ ਨਿਭਾਈ।