ਪਰਸ਼ੋਤਮ ਬੱਲੀਬਰਨਾਲਾ, 9 ਦਸੰਬਰਉੱਤਰੀ ਭਾਰਤ ਦੇ ਸੂਬਿਆਂ ਦੀਆਂ ਵੱਖ-ਵੱਖ ਤਰਕਸ਼ੀਲ ਸੰਸਥਾਵਾਂ ਦੀ ਇੱਥੇ ਤਰਕਸ਼ੀਲ ਭਵਨ ਵਿੱਚ ਕਰਵਾਈ ਦੋ ਰੋਜ਼ਾ ਸਿਖਲਾਈ ਵਰਕਸ਼ਾਪ ਸਮਾਜ ਵਿੱਚ ਫਿਰਕੂ ਨਫ਼ਰਤ ਫੈਲਾਉਣ, ਸਿੱਖਿਆ ਦੇ ਭਗਵਾਂਕਰਨ, ਵਪਾਰੀਕਰਨ ਅਤੇ ਤਰਕਸ਼ੀਲ ਵਿਚਾਰਧਾਰਾ ’ਤੇ ਕੀਤੇ ਜਾ ਰਹੇ ਹਮਲਿਆਂ ਦੇ ਡਟਵੇਂ ਵਿਰੋਧ ਦਾ ਸੱਦਾ ਦਿੰਦਿਆਂ ਸਮਾਪਤ ਹੋਈ। ਅਖੀਰਲੇ ਦਿਨ ਦੂਜੇ ਸੂਬਿਆਂ ’ਚ ਵਿਗਿਆਨਕ ਚੇਤਨਾ ਦੇ ਪ੍ਰਚਾਰ ਤੇ ਪ੍ਰਸਾਰ ਲਈ ਤਰਕਸ਼ੀਲ ਸਾਹਿਤ, ਤਰਕਸ਼ੀਲ ਮੈਗਜ਼ੀਨ ਅਤੇ ਸੋਸ਼ਲ ਮੀਡੀਆ ਮੁਹਿੰਮ ਨੂੰ ਹੋਰ ਸਰਗਰਮ ਕਰਨ ਸਬੰਧੀ ਵਿਚਾਰ ਵਟਾਂਦਰਾ ਕੀਤਾ ਗਿਆ। ਇਸ ਮੌਕੇ ਸਮੂਹ ਆਗੂਆਂ ਵੱਲੋਂ ਵਿਦਿਆਰਥੀ ਚੇਤਨਾ ਪ੍ਰੀਖਿਆ ਦੇ ਹਿੰਦੀ ਐਡੀਸ਼ਨ ਦੀ ਕਿਤਾਬ ਵਿਗਿਆਨਕ ਚੇਤਨਾ ਰਿਲੀਜ਼ ਕੀਤੀ ਗਈ। ਤਰਕਸ਼ੀਲ ਸੁਸਾਇਟੀ ਪੰਜਾਬ ਦੇ ਸੂਬਾਈ ਆਗੂਆਂ ਮਾਸਟਰ ਰਾਜਿੰਦਰ ਭਦੌੜ, ਰਾਜਪਾਲ ਬਠਿੰਡਾ ਅਤੇ ਸੀਨੀਅਰ ਆਗੂ ਭੂਰਾ ਸਿੰਘ ਮਹਿਮਾ ਸਰਜਾ ਨੇ ਪੰਜਾਬ ਦੀ ਤਰਕਸ਼ੀਲ ਲਹਿਰ ਦੇ ਚਾਰ ਦਹਾਕੇ ਦੇ ਵਿਕਾਸ ਬਾਰੇ ਵਿਸਥਾਰ ਵਿੱਚ ਜਾਣਕਾਰੀ ਦਿੱਤੀ। ਨੌਜਵਾਨ ਆਗੂ ਅਮਨਦੀਪ ਸਿੰਘ ਲੂਥਰਾ ਨੇ ਵੱਧ ਤੋਂ ਵੱਧ ਵਿਦਿਆਰਥੀਆਂ, ਨੌਜਵਾਨਾਂ ਅਤੇ ਔਰਤਾਂ ਨੂੰ ਤਰਕਸ਼ੀਲ ਲਹਿਰ ਨਾਲ ਜੋੜਨ ’ਤੇ ਜ਼ੋਰ ਦਿੱਤਾ। ਵਰਕਸ਼ਾਪ ਦੇ ਆਖਰੀ ਸੈਸ਼ਨ ਵਿੱਚ ਸੂਬਾਈ ਆਗੂ ਜਸਵੰਤ ਮੋਹਾਲੀ ਵੱਲੋਂ ਤਰਕਸ਼ੀਲ ਸਾਹਿਤ ,ਮੈਗਜ਼ੀਨ ਅਤੇ ਸੋਸ਼ਲ ਮੀਡੀਆ ਦੇ ਖੇਤਰ ਵਿੱਚ ਤਾਲਮੇਲ ਹੋਰ ਮਜ਼ਬੂਤ ਕਰਨ ਲਈ ਇਕ ਸਾਂਝੀ ਤਾਲਮੇਲ ਕਮੇਟੀ ਦਾ ਗਠਨ ਕੀਤਾ ਗਿਆ। ਵੱਖ-ਵੱਖ ਸੈਸ਼ਨਾਂ ਦੌਰਾਨ ਤਰਕਸ਼ੀਲ ਸੰਸਥਾਵਾਂ ਦੇ ਡੈਲੀਗੇਟਾਂ ਫਰਿਆਦ ਸਿੰਘ, ਅਨੁਪਮ, ਹੇਮ ਰਾਜ ਸਟੈਨੋਂ, ਰਾਮ ਮੂਰਤੀ, ਗਿਰੀਸ਼ ਚੰਦਰ, ਗੁਰਪ੍ਰੀਤ ਸ਼ਹਿਣਾ, ਰਾਜੇਸ਼ ਪੇਗਾ, ਪ੍ਰਿੰਸੀਪਲ ਹਰਿੰਦਰ ਕੌਰ, ਸੁਰੇਸ਼ ਕੁਮਾਰ ਤੇ ਵਿਕਾਸ ਤੋਂ ਇਲਾਵਾ ਤਰਕਸ਼ੀਲ ਸੁਸਾਇਟੀ ਦੇ ਆਗੂ ਅਜਾਇਬ ਜਲਾਲਆਣਾ ਤੇ ਹਰਚੰਦ ਭਿੰਡਰ ਸ਼ਾਮਲ ਹੋਏ। ਮਾਸਟਰ ਰਾਜਿੰਦਰ ਭਦੌੜ ਨੇ ਆਏ ਹੋਏ ਡੈਲੀਗੇਟਾਂ ਦਾ ਧੰਨਵਾਦ ਕੀਤਾ।