ਗਾਜ਼ਾ ’ਚ ਜੰਗ ਜਾਰੀ ਰੱਖਣ ਤੋਂ ਇਲਾਵਾ ਕੋਈ ਚਾਰਾ ਨਹੀਂ: ਨੇਤਨਯਾਹੂ
ਦੀਰ ਅਲ-ਬਲਾਹ (ਗਾਜ਼ਾ ਪੱਟੀ), 20 ਅਪਰੈਲ
ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨੇ ਸ਼ਨਿਚਰਵਾਰ ਨੂੰ ਕਿਹਾ ਕਿ ਇਜ਼ਰਾਈਲ ਕੋਲ ਗਾਜ਼ਾ ਵਿੱਚ ਜੰਗ ਜਾਰੀ ਰੱਖਣ ਤੋਂ ਇਲਾਵਾ ਹੋਰ ਕੋਈ ਬਦਲ ਨਹੀਂ ਹੈ ਅਤੇ ਉਹ ਹਮਾਸ ਨੂੰ ਖ਼ਤਮ ਕਰਨ, ਬੰਦੀਆਂ ਨੂੰ ਮੁਕਤ ਕਰਵਾਉਣ ਅਤੇ ਇਹ ਯਕੀਨੀ ਬਣਾਉਣ ਤੋਂ ਪਹਿਲਾਂ ਜੰਗ ਖ਼ਤਮ ਨਹੀਂ ਕਰੇਗਾ ਕਿ ਇਹ ਖੇਤਰ ਇਜ਼ਰਾਈਲ ਲਈ ਖ਼ਤਰਾ ਪੈਦਾ ਨਹੀਂ ਕਰੇਗਾ। ਨੇਤਨਯਾਹੂ ਨੇ ਇਹ ਵੀ ਦੁਹਰਾਇਆ ਕਿ ਉਹ ਇਹ ਯਕੀਨੀ ਬਣਾਉਣਗੇ ਕਿ ਇਰਾਨ ਕਦੇ ਵੀ ਪਰਮਾਣੂ ਹਥਿਆਰ ਹਾਸਲ ਨਾ ਕਰ ਸਕੇ।
ਨੇਤਨਯਾਹੂ ’ਤੇ ਜੰਗ ਖ਼ਤਮ ਕਰਨ ਅਤੇ ਬੰਦੀਆਂ ਨੂੰ ਰਿਹਾਅ ਕਰਨ ਦਾ ਦਬਾਅ ਨਾ ਸਿਰਫ਼ ਬੰਦੀਆਂ ਦੇ ਪਰਿਵਾਰਾਂ ਅਤੇ ਉਨ੍ਹਾਂ ਦੇ ਸਮਰਥਕਾਂ ਵੱਲੋਂ ਹੈ ਬਲਕਿ ਸੇਵਾਮੁਕਤ ਸੈਨਿਕ ਵੀ ਇਜ਼ਰਾਈਲ ਵੱਲੋਂ ਜੰਗਬੰਦੀ ਦੀ ਉਲੰਘਣਾ ਕੀਤੇ ਜਾਣ ਅਤੇ ਜੰਗ ਜਾਰੀ ਰੱਖਣ ’ਤੇ ਸਵਾਲ ਉਠਾ ਰਹੇ ਹਨ। ਨੇਤਨਯਾਹੂ ਨੇ ਬਿਆਨ ਜਾਰੀ ਕਰ ਕੇ ਕਿਹਾ ਕਿ ਹਮਾਸ ਨੇ ਜੰਗਬੰਦੀ ਜਾਰੀ ਰੱਖਣ ਲਈ ਅੱਧੇ ਬੰਦੀਆਂ ਨੂੰ ਰਿਹਾਅ ਕਰਨ ਸਬੰਧੀ ਇਜ਼ਰਾਈਲ ਦੀ ਨਵੀਂ ਤਜਵੀਜ਼ ਨੂੰ ਨਾਮਨਜ਼ੂਰ ਕਰ ਦਿੱਤਾ ਹੈ। ਗਾਜ਼ਾ ਦੇ ਸਿਹਤ ਮੰਤਰਾਲੇ ਨੇ ਸ਼ਨਿਚਰਵਾਰ ਨੂੰ ਦੱਸਿਆ ਕਿ 48 ਘੰਟਿਆਂ ਵਿੱਚ ਇਜ਼ਰਾਇਲੀ ਹਮਲਿਆਂ ’ਚ 90 ਤੋਂ ਜ਼ਿਆਦਾ ਲੋਕਾਂ ਦੇ ਮਾਰੇ ਜਾਣ ਤੋਂ ਬਾਅਦ ਨੇਤਨਯਾਹੂ ਨੇ ਇਹ ਗੱਲ ਕਹੀ। ਇਜ਼ਰਾਇਲੀ ਸੈਨਿਕ ਹਮਾਸ ’ਤੇ ਬੰਦੀਆਂ ਨੂੰ ਰਿਹਾਅ ਕਰਨ ਅਤੇ ਹਥਿਆਰ ਸੁੱਟਣ ਦਾ ਦਬਾਅ ਪਾਉਣ ਲਈ ਹਮਲੇ ਤੇਜ਼ ਕਰ ਰਹੇ ਹਨ।
ਹਸਪਤਾਲ ਦੇ ਅਮਲੇ ਮੁਤਾਬਕ, ਰਾਤ ਭਰ ਹੋਏ ਹਮਲੇ ’ਚ ਮਾਰੇ ਗਏ 15 ਵਿਅਕਤੀਆਂ ਵਿੱਚ ਬੱਚੇ ਤੇ ਔਰਤਾਂ ਵੀ ਸ਼ਾਮਲ ਹਨ। ਉਨ੍ਹਾਂ ਦੱਸਿਆ ਕਿ ਦੱਖਣੀ ਸ਼ਹਿਰ ਖਾਨ ਯੂਨਿਸ ਵਿੱਚ ਘੱਟੋ-ਘੱੱਟ 11 ਵਿਅਕਤੀ ਮਾਰੇ ਗਏ। ਇਨ੍ਹਾਂ ’ਚੋਂ ਜ਼ਿਆਦਾਤਰ ਲੋਕ ਮੁਵਾਸੀ ਖੇਤਰ ’ਚ ਬੇਘਰ ਹੋਏ ਲੋਕਾਂ ਲਈ ਤੰਬੂਆਂ ਨਾਲ ਬਣਾਏ ਗਏ ਵੱਡੇ ਕੈਂਪ ਵਿੱਚ ਰਹਿ ਰਹੇ ਸਨ। ਉੱਧਰ, ਇਜ਼ਰਾਇਲੀ ਫੌਜ ਨੇ ਬਿਆਨ ਜਾਰੀ ਕਰ ਕੇ ਕਿਹਾ ਕਿ ਉਸ ਨੇ ਹਫ਼ਤੇ ਦੇ ਅਖ਼ੀਰ ਵਿੱਚ 40 ਤੋਂ ਵੱਧ ਕੱਟੜਪੰਥੀਆਂ ਨੂੰ ਮਾਰ ਦਿੱਤਾ ਹੈ। -ਏਪੀ
ਇਜ਼ਰਾਈਲ ’ਤੇ ਰਾਕੇਟ ਹਮਲੇ ਦੀ ਯੋਜਨਾ ਬਣਾਉਂਦੇ ਕਾਬੂ
ਬੈਰੂਤ: ਲਿਬਨਾਨ ਦੇ ਅਧਿਕਾਰੀਆਂ ਨੇ ਕਈ ਵਿਅਕਤੀਆਂ ਨੂੰ ਹਿਰਾਸਤ ਵਿੱਚ ਲਿਆ ਹੈ। ਅਧਿਕਾਰੀਆਂ ਦਾ ਕਹਿਣਾ ਹੈ ਕਿ ਇਹ ਵਿਅਕਤੀ ਇਜ਼ਰਾਈਲ ਵਿੱਚ ਰਾਕੇਟ ਦਾਗਣ ਦੀ ਯੋਜਨਾ ਬਣਾ ਰਹੇ ਸਨ। ਅਧਿਕਾਰੀਆਂ ਨੇ ਉਨ੍ਹਾਂ ਹਥਿਆਰਾਂ ਨੂੰ ਵੀ ਜ਼ਬਤ ਕਰ ਲਿਆ ਹੈ ਜਿਨ੍ਹਾਂ ਦਾ ਉਹ ਇਸਤੇਮਾਲ ਕਰਨ ਦੀ ਕੋਸ਼ਿਸ਼ ਕਰ ਰਹੇ ਸਨ। ਇਹ ਜਾਣਕਾਰੀ ਅੱਜ ਫੌਜ ਨੇ ਦਿੱਤੀ। ਫੌਜ ਨੇ ਬਿਆਨ ਵਿੱਚ ਕਿਹਾ ਕਿ ਜਾਣਕਾਰੀ ਮਿਲੀ ਹੈ ਕਿ ਨਵੇਂ ਰਾਕੇਟ ਹਮਲੇ ਦੀ ਯੋਜਨਾ ਬਣਾਈ ਜਾ ਰਹੀ ਸੀ। ਸੈਨਿਕਾਂ ਨੇ ਦੱਖਣੀ ਬੰਦਰਗਾਹ ’ਤੇ ਸਥਿਤ ਸ਼ਹਿਰ ਸਿਡੋਨ ਕੋਲ ਅਪਾਰਟਮੈਂਟ ’ਤੇ ਛਾਪਾ ਮਾਰਿਆ ਅਤੇ ਕੁਝ ਰਾਕੇਟ ਤੇ ਲਾਂਚਰ ਜ਼ਬਤ ਕੀਤੇ। ਇਸ ਦੌਰਾਨ ਕਈ ਵਿਅਕਤੀਆਂ ਨੂੰ ਹਿਰਾਸਤ ’ਚ ਲਿਆ ਗਿਆ। ਉਨ੍ਹਾਂ ਕਿਹਾ ਕਿ ਬੰਦੀਆਂ ਨੂੰ ਨਿਆਂਇਕ ਅਧਿਕਾਰੀਆਂ ਕੋਲ ਭੇਜ ਦਿੱਤਾ ਗਿਆ ਹੈ। -ਏਪੀAdvertisement