ਗਾਜ਼ਾ ’ਚ ਇਮਾਰਤ ’ਤੇ ਹਮਲਾ, 23 ਹਲਾਕ
ਦੀਰ ਅਲ-ਬਲਾਹ, 9 ਅਪਰੈਲ
ਉੱਤਰੀ ਗਾਜ਼ਾ ’ਚ ਇਜ਼ਰਾਈਲ ਵੱਲੋਂ ਰਿਹਾਇਸ਼ੀ ਬਲਾਕ ’ਤੇ ਕੀਤੇ ਹਮਲੇ ਦੌਰਾਨ 23 ਵਿਅਕਤੀ ਮਾਰੇ ਗਏ। ਅਲ-ਆਹਿਲੀ ਹਸਪਤਾਲ ਨੇ ਕਿਹਾ ਕਿ ਮ੍ਰਿਤਕਾਂ ’ਚ ਅੱਠ ਔਰਤਾਂ ਅਤੇ ਅੱਠ ਬੱਚੇ ਸ਼ਾਮਲ ਹਨ। ਖ਼ਿੱਤੇ ਦੇ ਸਿਹਤ ਮੰਤਰਾਲੇ ਦੀ ਐਮਰਜੈਂਸੀ ਸੇਵਾ ਮੁਤਾਬਕ ਇਜ਼ਰਾਈਲ ਨੇ ਸ਼ਿਜਾਯਾ ’ਚ ਚਾਰ ਮੰਜ਼ਿਲਾ ਇਮਾਰਤ ਨੂੰ ਨਿਸ਼ਾਨਾ ਬਣਾਇਆ। ਬਚਾਅ ਟੀਮਾਂ ਮਲਬੇ ਹੇਠਾਂ ਦੱਬੇ ਲੋਕਾਂ ਨੂੰ ਕੱਢਣ ਦੀਆਂ ਕੋਸ਼ਿਸ਼ਾਂ ਕਰ ਰਹੀਆਂ ਹਨ। ਹਮਲੇ ’ਚ ਨਾਲ ਲਗਦੀਆਂ ਹੋਰ ਇਮਾਰਤਾਂ ਨੂੰ ਵੀ ਨੁਕਸਾਨ ਪੁੱਜਣ ਦਾ ਦਾਅਵਾ ਕੀਤਾ ਗਿਆ ਹੈ। ਇਜ਼ਰਾਇਲੀ ਫੌਜ ਨੇ ਕਿਹਾ ਕਿ ਉਨ੍ਹਾਂ ਹਮਾਸ ਦੇ ਸੀਨੀਅਰ ਕਮਾਂਡਰ ਨੂੰ ਨਿਸ਼ਾਨਾ ਬਣਾਇਆ ਹੈ ਜੋ ਸ਼ਿਜਾਯਾ ਤੋਂ ਹਮਲਿਆਂ ਨੂੰ ਅੰਜਾਮ ਦੇ ਰਿਹਾ ਸੀ। ਉਸ ਨੇ ਹਮਾਸ ਕਮਾਂਡਰ ਦਾ ਨਾਮ ਨਹੀਂ ਦੱਸਿਆ। ਇਜ਼ਰਾਈਲ ਨੇ ਬੰਦੀਆਂ ਦੀ ਰਿਹਾਈ ਲਈ ਹਮਾਸ ’ਤੇ ਦਬਾਅ ਪਾਉਣ ਵਾਸਤੇ ਹਮਲੇ ਤੇਜ਼ ਕਰ ਦਿੱਤੇ ਹਨ। ਉਸ ਨੇ ਸ਼ਿਜਾਯਾ ਸਮੇਤ ਗਾਜ਼ਾ ਦੇ ਕਈ ਹਿੱਸਿਆਂ ਨੂੰ ਖਾਲੀ ਕਰਨ ਦੇ ਹੁਕਮ ਦਿੱਤੇ ਹਨ। ਇਜ਼ਰਾਈਲ ਨੇ ਮਾਨਵੀ ਸਹਾਇਤਾ ਵੀ ਰੋਕ ਦਿੱਤੀ ਹੈ ਜਿਸ ਨਾਲ ਆਮ ਨਾਗਰਿਕਾਂ ਨੂੰ ਭੋਜਨ, ਈਂਧਣ ਅਤੇ ਦਵਾਈਆਂ ਦੀ ਕਮੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਹਫ਼ਤੇ ਦੇ ਸ਼ੁਰੂ ’ਚ ਹਮਾਸ ਨੇ ਦੱਖਣੀ ਇਜ਼ਰਾਈਲ ’ਤੇ ਰਾਕੇਟ ਦਾਗ਼ੇ ਸਨ ਜਿਸ ਮਗਰੋਂ ਇਜ਼ਰਾਈਲ ਹੋਰ ਭੜਕ ਗਿਆ ਹੈ। -ਏਪੀ