ਗ਼ਲਤ ਢੰਗ ਨਾਲ ਰਜਿਸਟਰੀ ਕਰਵਾਈ
ਮਹਿੰਦਰ ਸਿੰਘ ਰੱਤੀਆਂ
ਮੋਗਾ, 21 ਦਸੰਬਰ
ਇੱਥੇ ਸਿਟੀ ਪੁਲੀਸ ਨੇ ਇੱਕ ਮਰਹੂਮ ਡਾਕਟਰ ਦੀ ਜਾਇਦਾਦ ਦੀ ਗ਼ਲਤ ਢੰਗ ਨਾਲ ਰਜਿਸਟਰੀ ਕਰਵਾਉਣ ਦੇ ਦੋਸ਼ ਹੇਠ ਸਾਬਕਾ ਸਰਪੰਚ, ਸਾਬਕਾ ਪੰਚ ਤੇ ਭਾਜਪਾ ਆਗੂ ਸਣੇ ਅੱਠ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਮੁਲਜ਼ਮਾਂ ’ਤੇ ਦੋਸ਼ ਹਨ ਕਿ ਮਾਲ ਵਿਭਾਗ ਦੀ ਕਥਿਤ ਮਿਲੀਭੁਗਤ ਨਾਲ ਮਰਹੂਮ ਰਾਮ ਸਿੰਘ ਧਾਲੀਵਾਲ ਦੀ ਜਾਇਦਾਦ ਵਾਰਸਾਂ ’ਚ ਬਿਨਾਂ ਵੰਡ ਤੋਂ ਤੇ ਕੇਸ ਅਦਾਲਤ ’ਚ ਹੋਣ ਦੇ ਬਾਵਜੂਦ ਗ਼ਲਤ ਢੰਗ ਨਾਲ ਰਜਿਸਟਰੀ ਕਰਵਾ ਲਈ ਹੈ। ਪੁਲੀਸ ਨੇ ਸੱਤਾਧਾਰੀ ਧਿਰ ਦੇ ਨੇੜਲੇ ਸਾਬਕਾ ਵਿਜੀਲੈਂਸ ਮੁਲਾਜ਼ਮ ਹਰਿੰਦਰ ਸਿੰਘ ਦੀ ਸ਼ਿਕਾਇਤ ’ਤੇ ਇੱਕ ਮਰਹੂਮ ਡਾਕਟਰ ਦੀ ਕਰੋੜਾਂ ਰੁਪਏ ਦਾ ਵਿਵਾਦਤ ਵਪਾਰਕ ਅਤੇ ਖੇਤੀਯੋਗ ਜ਼ਮੀਨ ਦੇ ਮਾਮਲੇ ’ਚ ਪਿੰਡ ਬੁੱਘੀਪੁਰਾ ਦੇ ਸਾਬਕਾ ਸਰਪੰਚ ਨਿਰਮਲ ਸਿੰਘ ਅਤੇ ਸਾਬਕਾ ਪੰਚ ਬਿਕਰਮ ਸਿੰਘ, ਮਰਹੂਮ ਡਾ. ਰਾਮ ਸਿੰਘ ਧਾਲੀਵਾਲ ਦੀ ਪਤਨੀ ਚਰਨਜੀਤ ਕੌਰ, ਪੁੱਤ ਸੁਖਵਿੰਦਰ ਸਿੰਘ, ਗੁਰਪਿੰਦਰ ਸਿੰਘ ਧਾਲੀਵਾਲ, ਖ਼ਰੀਦਦਾਰ ਮਯੰਕ ਬਾਂਸਲ ਵਾਸੀ ਜ਼ੀਰਾ, ਹਨੀ ਸਿੰਗਲਾ ਵਾਸੀ ਬਰਨਾਲਾ ਅਤੇ ਹਿਤੇਸ਼ ਗੋਇਲ ਵਾਸੀ ਮੋਗਾ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਸਿਆਸੀ ਆਗੂ ਡਾ. ਰਾਮ ਸਿੰਘ ਧਾਲੀਵਾਲ ਦੇ ਦੋ ਵਿਆਹ ਦੱਸੇ ਜਾਂਦੇ ਹਨ। ਉਸ ਦੀ ਜਾਇਦਾਦ ਮਾਲ ਰਿਕਾਰਡ ਵਿਚ ਤਿੰਨ ਜਣਿਆਂ ਪਹਿਲੇ ਵਿਆਹ ਤੋਂ ਪੈਦਾ ਹੋਏ ਪੁੱਤ ਗੁਰਜਿੰਦਰ ਸਿੰਘ ਜੋ ਐਨਆਰਆਈ ਹੈ ਅਤੇ ਦੂਜੇ ਵਿਆਹ ਤੋਂ ਪੈਦਾ ਪੁੱਤ ਸੁਖਵਿੰਦਰ ਸਿੰਘ ਅਤੇ ਦੂਜੀ ਪਤਨੀ ਚਰਨਜੀਤ ਕੌਰ ਦੇ ਨਾਮ ਹੋ ਚੁੱਕੀ ਹੈ।