ਗੜਗੱਜ ਵੱਲੋਂ ਘਰਾਂ ਤੇ ਦੁਕਾਨਾਂ ’ਤੇ ਖ਼ਾਲਸਾਈ ਨਿਸ਼ਾਨ ਸਾਹਿਬ ਝੁਲਾਉਣ ਦੀ ਅਪੀਲ
ਟ੍ਰਿਬਿਊਨ ਨਿਊਜ਼ ਸਰਵਿਸ
ਅੰਮ੍ਰਿਤਸਰ, 12 ਅਪਰੈਲ
ਖ਼ਾਲਸਾ ਸਾਜਨਾ ਦਿਵਸ ਮੌਕੇ ਸਿੱਖ ਕੌਮ ਦੇ ਨਾਂ ਸੰਦੇਸ਼ ਜਾਰੀ ਕਰਦਿਆਂ ਅਕਾਲ ਤਖ਼ਤ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਸਮੁੱਚੀ ਸਿੱਖ ਕੌਮ ਨੂੰ ਆਖਿਆ ਕਿ ਉਹ ਆਪਣੇ ਘਰਾਂ, ਕਾਰੋਬਾਰ ਅਤੇ ਦੁਕਾਨਾਂ ’ਤੇ ਖ਼ਾਲਸਾਈ ਨਿਸ਼ਾਨ ਸਾਹਿਬ ਝੁਲਾ ਕੇ ਆਪਣੀ ਇੱਕਮੁੱਠਤਾ ਦਾ ਪ੍ਰਗਟਾਵਾ ਕਰਨ। ਵੀਡੀਓ ਸੰਦੇਸ਼ ਰਾਹੀਂ ਉਨ੍ਹਾਂ ਸਮੁੱਚੀ ਸਿੱਖ ਕੌਮ ਨੂੰ ਖ਼ਾਲਸਾ ਸਾਜਨਾ ਦਿਵਸ ਦੇ 326ਵੇਂ ਦਿਹਾੜੇ ਦੀ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ ਗੁਰੂ ਗੋਬਿੰਦ ਸਿੰਘ ਜੀ ਨੇ 1699 ਨੂੰ ਖ਼ਾਲਸਾ ਪੰਥ ਦੀ ਸਿਰਜਣਾ ਕੀਤੀ ਅਤੇ ਇਸ ਨਾਲ ਸਾਨੂੰ ਸਾਰਿਆਂ ਨੂੰ ਇੱਕ ਪਰਿਵਾਰ ਖ਼ਾਲਸਾ ਪੰਥ ਬਣਾਇਆ ਅਤੇ ਇੱਕ ਨਿਆਰੀ ਤੇ ਵਿਲੱਖਣ ਪਛਾਣ ਵੀ ਦਿੱਤੀ। ਗੁਰੂ ਸਾਹਿਬ ਨੇ ਸਿੱਖ ਕੌਮ ਨੂੰ ਪੰਜ ਕਕਾਰ ਅਤੇ ਬਾਣੀ ਦਾ ਸਿਧਾਂਤ ਦੇ ਕੇ ਗੁਰੂ ਨਾਲ ਜੁੜਨ ਦਾ ਉਪਦੇਸ਼ ਵੀ ਦਿੱਤਾ। ਉਨ੍ਹਾਂ ਕਿਹਾ ਕਿ ਸਮੁੱਚੀ ਕੌਮ ਇਸ ਮੌਕੇ ਗੁਰੂਧਾਮਾਂ ਵਿੱਚ ਜਾਵੇ ਅਤੇ ਤਖਤਾਂ ’ਤੇ ਹੋ ਰਹੇ ਅੰਮ੍ਰਿਤ ਸੰਚਾਰ ਵਿੱਚ ਸ਼ਮੂਲੀਅਤ ਕਰ ਕੇ ਵੱਧ ਤੋਂ ਵੱਧ ਗੁਰੂ ਵਾਲੇ ਬਣਨ। ਇਸ ਦੌਰਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਖ਼ਾਲਸਾ ਸਾਜਨਾ ਦਿਵਸ ਮੌਕੇ ਸਿੱਖ ਕੌਮ ਨੂੰ ਵਧਾਈ ਦਿੰਦਿਆਂ ਬਾਣੀ ਅਤੇ ਬਾਣੇ ਨਾਲ ਜੁੜਨ ਦੀ ਪ੍ਰੇਰਨਾ ਕੀਤੀ।