For the best experience, open
https://m.punjabitribuneonline.com
on your mobile browser.
Advertisement

ਖੰਡ ਮਿੱਲ ਵਿੱਚੋਂ ਨਿਕਲਦੇ ਧੂੰਏਂ ਅਤੇ ਸੁਆਹ ਕਾਰਨ ਲੋਕ ਪ੍ਰੇਸ਼ਾਨ

05:44 AM Dec 26, 2024 IST
ਖੰਡ ਮਿੱਲ ਵਿੱਚੋਂ ਨਿਕਲਦੇ ਧੂੰਏਂ ਅਤੇ ਸੁਆਹ ਕਾਰਨ ਲੋਕ ਪ੍ਰੇਸ਼ਾਨ
Advertisement

ਬਲਵਿੰਦਰ ਸਿੰਘ ਭੰਗੂ
ਭੋਗਪੁਰ, 25 ਦਸੰਬਰ
ਇਥੋਂ ਦੀ ਸਹਿਕਾਰੀ ਖੰਡ ਮਿੱਲ ਨੇ ਜਦੋਂ ਦਾ ਗੰਨਾ ਪੀੜਨਾ ਸ਼ੁਰੂ ਕੀਤਾ ਹੈ ਉਦੋਂ ਤੋਂ ਹੀ ਮਿੱਲ ਦੀ ਚਿਮਨੀ ਵਿਚੋਂ ਧੂੰਆਂ ਅਤੇ ਸੁਆਹ ਨਿਕਲਣ ਕਰਕੇ ਸ਼ਹਿਰ ਵਿੱਚ ਹੀ ਨਹੀਂ ਸਗੋਂ ਆਲ਼ੇ ਦੁਆਲੇ ਪਿੰਡਾਂ ਦੇ ਘਰ, ਵਾਹਨ ਅਤੇ ਕੱਪੜੇ ਕਾਲੇ ਰੰਗ ਦੇ ਹੋ ਕੇ ਖਰਾਬ ਹੋਈ ਜਾ ਰਹੇ ਹਨ ਅਤੇ ਖੰਡ ਮਿੱਲ ਦੇ ਅਧਿਕਾਰੀ ਇਸ ਗੰਭੀਰ ਸਮੱਸਿਆ ਨੂੰ ਹੱਲ ਕਰਨ ਵੱਲ ਧਿਆਨ ਨਹੀਂ ਦੇ ਰਹੇ ਜਿਸ ਕਰਕੇ ਕਾਂਗਰਸੀ ਵਿਧਾਇਕ ਸੁਖਵਿੰਦਰ ਸਿੰਘ ਕੋਟਲੀ ਦੀ ਅਗਵਾਈ ਵਿੱਚ ਸ਼ਹਿਰ ਦੇ ਪ੍ਰਮੁੱਖ ਸ਼ਖ਼ਸੀਅਤਾਂ ਨੇ ਖੰਡ ਮਿੱਲ ਦੇ ਮੈਨੇਜਿੰਗ ਡਾਇਰੈਕਟਰ ਗੁਰਵਿੰਦਰ ਪਾਲ ਸਿੰਘ ਨਾਲ ਇਸ ਗੰਭੀਰ ਸਮਸਿਆ ਨੂੰ ਹੱਲ ਕਰਨ ਲਈ ਵਿਚਾਰ ਵਟਾਂਦਰਾ ਕੀਤਾ। ਵਿਧਾਇਕ ਕੋਟਲੀ ਨੇ ਮਿੱਲ ਅਧਿਕਾਰੀਆਂ ਨੂੰ ਸਪਸ਼ਟ ਸ਼ਬਦਾਂ ਵਿੱਚ ਕਹਿ ਦਿੱਤਾ ਕਿ ਉਹ ਖੰਡ ਮਿੱਲ ਦੀ ਚਿਮਨੀ ਵਿੱਚੋਂ ਨਿਕਲਦੇ ਧੂੰਏਂ ਅਤੇ ਸੁਆਹ ਨੂੰ ਹਰ ਹਾਲਤ ਵਿੱਚ ਬੰਦ ਕਰਾਉਣਗੇ ਭਾਵੇਂ ਉਨ੍ਹਾਂ ਨੂੰ ਲਗਾਤਾਰ ਮਿੱਲ ਦੇ ਗੇਟ ਸਾਹਮਣੇ ਧਰਨਾ ਕਿਉਂ ਨਾ ਦੇਣਾ ਪਵੇ। ਖੰਡ ਮਿੱਲ ਦੇ ਮੈਨੇਜਿੰਗ ਡਾਇਰੈਕਟਰ ਗੁਰਵਿੰਦਰ ਪਾਲ ਸਿੰਘ ਨੇ ਕਿਹਾ ਕਿ ਬਰਾਇਲਰਾਂ ਨੂੰ ਚਲਾਉਣ ਦਾ ਠੇਕਾ ਸ੍ਰੀ ਗਨੇਸ਼ ਕੰਪਨੀ ਨੂੰ ਦਿੱਤਾ ਹੋਇਆ ਹੈ ਜਿਹੜੇ ਬਿਗਾਸ ਦੀ ਬਜਾਏ ਪਰਾਲੀ ਵਰਤ ਰਹੇ ਹਨ। ਉਨ੍ਹਾਂ ਕਿਹਾ ਕਿ ਉਹ ਕਈ ਵਾਰ ਲਿਖਤ ਰੂਪ ਵਿੱਚ ਸ੍ਰੀ ਗਨੇਸ਼ ਕੰਪਨੀ ਦੇ ਅਧਿਕਾਰੀਆਂ ਨੂੰ ਹਦਾਇਤ ਕਰ ਚੁੱਕੇ ਹਨ ਪਰ ਬਰਾਇਲਰਾਂ ਵਿਚੋਂ ਨਿਕਲ਼ਦੇ ਧੂੰਏਂ ਅਤੇ ਸੁਆਹ ਨੂੰ ਰੋਕਣ ਲਈ ਉਨ੍ਹਾਂ ਨੇ ਕੋਈ ਹੱਲ ਨਹੀਂ ਕੱਢਿਆ। ਕਿਸਾਨ ਯੂਨੀਅਨ ਪ੍ਰਧਾਨ ਬਲਵਿੰਦਰ ਸਿੰਘ ਮੱਲ੍ਹੀ ਨੰਗਲ ਨੇ ਕਿਹਾ ਕਿ ਖੰਡ ਮਿੱਲ ਨੂੰ ਬੰਦ ਕਰਨ ਦੀਆਂ ਸਾਜ਼ਿਸ਼ਾਂ ਨਾ ਕੀਤੀਆਂ ਜਾਣ ਅਤੇ ਧੂੰਏਂ ਅਤੇ ਸੁਆਹ ਦਾ ਹੱਲ ਕੱਢਿਆ ਜਾਵੇ। ਸ੍ਰੀ ਗਨੇਸ਼ ਕੰਪਨੀ ਦੇ ਅਧਿਕਾਰੀਆਂ ਨੇ ਵਿਸ਼ਵਾਸ ਦਿਵਾਇਆ ਕਿ ਉਹ ਧੂੰਏਂ ਅਤੇ ਸੁਆਹ ਦੀ ਸਮੱਸਿਆ ਨੂੰ ਹੱਲ ਕਰ ਦੇਣਗੇ ਪਰ ਖੰਡ ਮਿੱਲ ਨੂੰ ਕੁਝ ਸਮਾਂ ਬੰਦ ਕਰਨਾ ਪਵੇਗਾ ਕਿਉਂਕਿ ਸਫ਼ਾਈ ਕਰਨੀ ਪਵੇਗੀ ਅਤੇ ਕੁਝ ਮਸ਼ੀਨਰੀ ਨਵੀਂ ਵਰਤਣੀ ਪਵੇਗਾ। ਸਾਰੀਆਂ ਧਿਰਾਂ ਨਾਲ ਇਸ ਸਮਸਿਆ ਨੂੰ ਹੱਲ ਕਰਨ ਲਈ ਦੁਬਾਰਾ ਮੀਟਿੰਗ ਰੱਖੀ ਜਾਵੇਗੀ।

Advertisement

Advertisement
Advertisement
Author Image

sukhitribune

View all posts

Advertisement