ਕਾਂਗਰਸੀ ਕੌਂਸਲਰਾਂ ਨੇ ਮੇਅਰ ਲਈ ਸਾਰੇ ਹੱਕ ਪਾਰਟੀ ਹਾਈਕਮਾਨ ਨੂੰ ਸੌਂਪੇ: ਰਾਜਾ ਵੜਿੰਗ
ਜਗਤਾਰ ਸਿੰਘ ਲਾਂਬਾ
ਅੰਮ੍ਰਿਤਸਰ, 26 ਦਸੰਬਰ
ਅੰਮ੍ਰਿਤਸਰ ਨਗਰ ਨਿਗਮ ਦੀਆਂ ਚੋਣਾਂ ਵਿੱਚ ਜਿੱਤੇ ਕਾਂਗਰਸ ਦੇ ਸਾਰੇ ਕੌਂਸਲਰਾਂ ਨੇ ਸਰਬ ਸੰਮਤੀ ਨਾਲ ਮੇਅਰ ਚੁਣਨ ਦਾ ਅਧਿਕਾਰ ਕਾਂਗਰਸ ਹਾਈਕਮਾਨ ਨੂੰ ਸੌਂਪ ਦਿੱਤਾ ਹੈ। ਇਹ ਜਾਣਕਰੀ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਸਾਂਝੀ ਕੀਤੀ। ਉਹ ਅੱਜ ਇੱਥੇ ਕਾਂਗਰਸ ਦੇ ਨਵੇਂ ਚੁਣੇ ਗਏ ਕੌਂਸਲਰਾਂ ਅਤੇ ਹੋਰ ਕਾਂਗਰਸੀ ਆਗੂਆਂ ਸਮੇਤ ਮੀਟਿੰਗ ਲਈ ਪੁੱਜੇ ਸਨ। ਅੰਮ੍ਰਿਤਸਰ ਨਗਰ ਨਿਗਮ ਦੇ 85 ਵਾਰਡਾਂ ਵਾਸਤੇ ਹੋਈਆਂ ਚੋਣਾਂ ਵਿੱਚ ਕਾਂਗਰਸ ਨੂੰ ਬਹੁਮਤ ਮਿਲਿਆ ਹੈ ਅਤੇ ਉਹ 40 ਸੀਟਾਂ ’ਤੇ ਜਿੱਤ ਪ੍ਰਾਪਤ ਕਰਕੇ ਵੱਡੀ ਪਾਰਟੀ ਵਜੋਂ ਉੱਭਰੀ ਹੈ। ਇਸ ਵੇਲੇ ਕਾਂਗਰਸ ਦੇ ਧੜਿਆਂ ਵੱਲੋਂ ਆਪੋ-ਆਪਣਾ ਮੇਅਰ ਬਣਾਉਣ ਲਈ ਖਿੱਚੋਤਾਣ ਚੱਲ ਰਹੀ ਹੈ। ਇਸ ਦੌਰਾਨ ਦੋ ਕੌਂਸਲਰਾਂ ਦੇ ਨਾਂ ਮੇਅਰ ਵਜੋਂ ਉੱਭਰ ਕੇ ਸਾਹਮਣੇ ਆ ਰਹੇ ਹਨ, ਜਿਨ੍ਹਾਂ ਵਿੱਚ ਇੱਕ ਸਾਬਕਾ ਉਪ ਮੁੱਖ ਮੰਤਰੀ ਓਪੀ ਸੋਨੀ ਦਾ ਰਿਸ਼ਤੇਦਾਰ ਵਿਕਾਸ ਸੋਨੀ ਅਤੇ ਦੂਜੇ ਪਾਸੇ ਰਾਜ ਕਵਲਪ੍ਰੀਤਪਾਲ ਸਿੰਘ ਲੱਕੀ ਦਾ ਨਾਂ ਸ਼ਾਮਲ ਹੈ। ਅੱਜ ਇੱਥੇ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ਅਗਵਾਈ ਹੇਠ ਚੁਣੇ ਗਏ ਕੌਂਸਲਰਾਂ ਦੀ ਮੀਟਿੰਗ ਕੀਤੀ ਗਈ ਹੈ, ਜਿਸ ਵਿੱਚ ਪੰਜਾਬ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਵਜੋਂ ਕਾਂਗਰਸ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਤੇ ਹੋਰ ਆਗੂ ਸ਼ਾਮਲ ਹੋਏ। ਮੀਟਿੰਗ ਵਿੱਚ ਸਾਬਕਾ ਵਿਧਾਇਕਾ ਡਾਕਟਰ ਨਵਜੋਤ ਕੌਰ ਸਿੱਧੂ ਵੀ ਪੁੱਜੇ ਹੋਏ ਸਨ। ਚੁਣੇ ਗਏ ਨਵੇਂ ਕੌਂਸਲਰਾਂ ਨਾਲ ਇਹ ਮੀਟਿੰਗ ਇੱਕ ਬੰਦ ਕਮਰਾ ਕੀਤੀ ਗਈ ਜਿਸ ਵਿੱਚ ਮੀਡੀਆ ਨੂੰ ਜਾਣ ਦੀ ਆਗਿਆ ਨਹੀਂ ਦਿੱਤੀ ਗਈ।
ਮੀਟਿੰਗ ਮਗਰੋਂ ਮੀਡੀਆ ਨਾਲ ਗੱਲ ਕਰਦਿਆਂ ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਨੇ ਦੱਸਿਆ ਕਿ ਚੁਣੇ ਗਏ ਸਾਰੇ ਕੌਂਸਲਰਾਂ ਵੱਲੋਂ ਸਰਬਸੰਮਤੀ ਨਾਲ ਮੇਅਰ ਦੀ ਚੋਣ ਵਾਸਤੇ ਕਾਂਗਰਸ ਵੱਲੋਂ ਉਮੀਦਵਾਰ ਬਣਾਉਣ ਸਬੰਧੀ ਹੱਕ ਪਾਰਟੀ ਹਾਈਕਮਾਨ ਨੂੰ ਸੌਂਪ ਦਿੱਤੇ ਗਏ ਹਨ। ਉਨ੍ਹਾਂ ਦੱਸਿਆ ਕਿ ਪਾਰਟੀ ਵੱਲੋਂ ਨਗਰ ਨਿਗਮ ਦੇ ਮੇਅਰ ਦੀ ਚੋਣ ਸਬੰਧੀ ਨੋਟੀਫਿਕੇਸ਼ਨ ਹੋਣ ਤੋਂ ਬਾਅਦ ਇਸ ਸਬੰਧੀ ਅਗਲਾ ਫ਼ੈਸਲਾ ਕੀਤਾ ਜਾਵੇਗਾ। ਨੋਟੀਫਿਕੇਸ਼ਨ ਦੀ ਮਨਸ਼ਾ ਦੇ ਮੁਤਾਬਕ ਹੀ ਮੇਅਰ ਦੇ ਉਮੀਦਵਾਰ ਵਾਸਤੇ ਮਰਦ ਜਾਂ ਔਰਤ ਕੌਂਸਲਰ ਦੀ ਚੋਣ ਕੀਤੀ ਜਾਵੇਗੀ। ਉਨ੍ਹਾਂ ਦਾਅਵਾ ਕੀਤਾ ਕਿ ਸਮੁੱਚੀ ਕਾਂਗਰਸ ਇਕਜੁੱਟ ਹੈ। ਕਾਂਗਰਸ ਨੂੰ ਨਗਰ ਨਿਗਮ ਦੇ ਹਾਊਸ ਵਿੱਚ ਬਹੁਮਤ ਸਾਬਤ ਕਰਨ ਲਈ ਪੰਜ ਤੋਂ ਛੇ ਹੋਰ ਕੌਂਸਲਰਾਂ ਦੀ ਲੋੜ ਹੈ, ਸਬੰਧੀ ਸਵਾਲ ਦੇ ਜਵਾਬ ਵਿੱਚ ਰਾਜਾ ਵੜਿੰਗ ਨੇ ਦਾਅਵਾ ਕੀਤਾ ਕਿ ਉਨ੍ਹਾਂ ਕੋਲ ਲਗਭਗ 50 ਕੌਂਸਲਰਾਂ ਦੀ ਹਮਾਇਤ ਹੈ। ਪੰਜਾਬ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਵਜੋਂ ਕਾਂਗਰਸ ਦੇ ਵਿਧਾਇਕ ਪ੍ਰਤਾਪ ਸਿੰਘ ਬਾਜਵਾ ਨੇ ਸੂਬੇ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ’ਤੇ ਨਿਸ਼ਾਨੇ ਵੀ ਸੇਧੇ। ਉਨ੍ਹਾਂ ਇਹ ਵੀ ਕਿਹਾ ਕਿ ਦਿੱਲੀ ਦੀਆਂ ਵਿਧਾਨ ਸਭਾ ਚੋਣਾਂ ਵਿੱਚ ਕਾਂਗਰਸ ਨੂੰ ਆਮ ਆਦਮੀ ਪਾਰਟੀ ਨਾਲ ਕੋਈ ਸਮਝੌਤਾ ਨਹੀਂ ਕਰਨਾ ਚਾਹੀਦਾ। ਉਨ੍ਹਾਂ ਕਿਹਾ ਕਿ ਉਹ ਪਹਿਲਾਂ ਹੀ ਪੰਜਾਬ ਵਿੱਚ ਵੀ ਇਸ ਸਮਝੌਤੇ ਦੇ ਖ਼ਿਲਾਫ਼ ਸਨ। ਪੰਜਾਬ ਕਾਂਗਰਸ ਵਿੱਚ ਇਕਜੁੱਟਤਾ ਬਾਰੇ ਉਨ੍ਹਾਂ ਕਿਹਾ ਕਿ ਪੰਜਾਬ ਕਾਂਗਰਸ ਸਮੁੱਚੇ ਤੌਰ ’ਤੇ ਇਕਜੁੱਟ ਹੈ ਇਸੇ ਕਰਨ ਨਗਰ ਨਿਗਮ ਅਤੇ ਨਗਰ ਪੰਚਾਇਤ ਚੋਣਾਂ ਵਿੱਚ ਕਾਂਗਰਸ ਨੂੰ ਚੰਗੇ ਨਤੀਜੇ ਮਿਲੇ ਹਨ।
ਫਗਵਾੜਾ ਤੋਂ ਕੌਂਸਲਰ ਲੈ ਕੇ ਬੰਗਾ ਪੁੱਜੇ ਵੜਿੰਗ ਤੇ ਬਾਜਵਾ
ਬੰਗਾ (ਸੁਰਜੀਤ ਮਜਾਰੀ):
ਕਾਂਗਰਸ ਦੇ ਸੂਬਾ ਪ੍ਰਧਾਨ ਰਾਜਾ ਅਮਰਿੰਦਰ ਸਿੰਘ ਵੜਿੰਗ, ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਅਤੇ ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ ਅੱਜ ਨਗਰ ਨਿਗਮ ਫਗਵਾੜਾ ਤੋਂ ਜਿੱਤੇ ਆਪਣੇ ਕੌਂਸਲਰਾਂ ਨੂੰ ਲੈ ਕੇ ਬੰਗਾ ਪੁੱਜੇ। ਉਨ੍ਹਾਂ ਨੇ ਨਗਰ ਨਿਗਮ ਦੀ ਪ੍ਰਧਾਨਗੀ ਹਿੱਤ ਇੱਕਜੁੱਟਤਾ ਬਣਾਈ ਰੱਖਣ ਤੇ ਅਗਲੀ ਰਣਨੀਤੀ ’ਤੇ ਚਰਚਾ ਕੀਤੀ। ਉਨ੍ਹਾਂ ‘ਆਪ’ ਸਰਕਾਰ ਦੇ ਕਿਸੇ ਦਬਾਅ ਜਾਂ ਵੰਡ ਪਾਊ ਰਾਜਨੀਤੀ ਤੋਂ ਸੁਚੇਤ ਰਹਿਣ ਦੀ ਲੋੜ ’ਤੇ ਵੀ ਜ਼ੋਰ ਦਿੱਤਾ। ਇਸ ਮੌਕੇ ਕਾਂਗਰਸ ਦੀ ਅਗਵਾਈ ਵਾਲੀ ਨਗਰ ਨਿਗਮ ਸਥਾਪਿਤ ਕਰਨ ਦਾ ਅਹਿਦ ਲਿਆ ਗਿਆ। ਫਗਵਾੜਾ ਵਿੱਚ ਕਾਂਗਰਸ ਦੀ ਅਗਵਾਈ ਸਬੰਧੀ ਰਣਨੀਤੀ ਘੜਨ ਉਪਰੰਤ ਕਾਂਗਰਸ ਆਗੂ ਬੰਗਾ ਦੇ ਕਾਂਗਰਸੀ ਆਗੂਆਂ ਨੂੰ ਵੀ ਮਿਲੇ। ਰਾਜਾ ਵੜਿੰਗ ਅਤੇ ਪ੍ਰਤਾਪ ਬਾਜਵਾ ਨੇ ਇੱਥੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪੰਜਾਬ ਅੰਦਰ ਭਵਿੱਖ ਵਿੱਚ ਕਾਂਗਰਸ ਦੀ ਸਰਕਾਰ ਬਣਨ ਦਾ ਮਾਹੌਲ ਬਣ ਚੁੱਕਿਆ ਹੈ ਅਤੇ ਲੋਕ ਲਾਰਿਆਂ ਵਾਅਦਿਆਂ ਦੀ ਚਾਲ ਨਾਲ ਕਾਬਜ਼ ਹੋਈ ਆਮ ਆਦਮੀ ਪਾਰਟੀ ਦੀ ਸਰਕਾਰ ਤੋਂ ਨਿਰਾਸ਼ ਹਨ। ਕਾਂਗਰਸ ਪਾਰਟੀ ਨੇ ਸਦਾ ਸੰਜੀਦਾ ਰਾਜਨੀਤੀ ਨੂੰ ਪਹਿਲ ਦਿੱਤੀ ਹੈ ਜਦੋਂ ਕਿ ‘ਆਪ’ ਇੱਕ ਇਸ਼ਤਿਹਾਰੀ ਸਰਕਾਰ ਬਣ ਕੇ ਰਹਿ ਗਈ ਹੈ। ਦੋਵਾਂ ਆਗੂਆਂ ਨੇ ਸਪਸ਼ਟ ਕੀਤਾ ਕਿ ਉਹ ਅਹੁਦੇਦਾਰੀਆਂ ਜਾਂ ਨਿੱਜੀ ਲਾਭਾਂ ਦੀ ਦੌੜ ਵਿਚ ਸ਼ਾਮਲ ਨਹੀਂ ਹਨ ਸਗੋਂ ਪਾਰਟੀ ਨੂੰ ਮੁੜ ਪਹਿਲੀ ਰੰਗਤ ਵਾਲੀਆਂ ਲੀਹਾਂ ’ਤੇ ਲਿਆਉਣ ਲਈ ਯਤਨਸ਼ੀਲ ਹਨ ਜਿਸ ਦੇ ਇਵਜ਼ ਵਜੋਂ ਸੂਬਾ ਵਾਸੀਆਂ ਨੇ ਨਗਰ ਨਿਗਮ ਚੋਣਾਂ ਵਿੱਚ ਪਾਰਟੀ ਨੂੰ ਵੱਡਾ ਹੁੰਗਾਰਾ ਦਿੱਤਾ ਹੈ।