ਖੰਡ ਮਿੱਲ ’ਚੋਂ ਨਿਕਲਦੇ ਧੂੰਏਂ ਤੇ ਸੁਆਹ ਨੂੰ ਬੰਦ ਕਰਾਉਣ ਲਈ ਧਰਨਾ
ਬਲਵਿੰਦਰ ਸਿੰਘ ਭੰਗੂ
ਭੋਗਪੁਰ, 26 ਦਸੰਬਰ
ਸਹਿਕਾਰੀ ਖੰਡ ਮਿੱਲ ਭੋਗਪੁਰ ਦੀ ਚਿਮਨੀ ਵਿੱਚੋਂ ਨਿਕਲਦੇ ਧੂੰਏਂ ਅਤੇ ਸੁਆਹ ਖ਼ਿਲਾਫ਼ ਹਲਕਾ ਵਿਧਾਇਕ ਸੁਖਵਿੰਦਰ ਸਿੰਘ ਕੋਟਲੀ ਨੇ ਸ਼ਹਿਰ ਵਾਸੀਆਂ ਦੇ ਸਹਿਯੋਗ ਨਾਲ ਖੰਡ ਮਿੱਲ ਦੇ ਗੇਟ ਸਾਹਮਣੇ ਬਹਿਰਾਮ ਰੋਡ ’ਤੇ ਧਰਨਾ ਦਿੱਤਾ ਅਤੇ ਨਾਅਰੇਬਾਜ਼ੀ ਕੀਤੀ। ਦੱਸਣਯੋਗ ਹੈ ਕਿ ਇਸ ਪ੍ਰਦੂਸ਼ਣ ਕਾਰਨ ਭੋਗਪੁਰ ਸ਼ਹਿਰ ਅਤੇ ਇਲਾਕੇ ਦੇ ਪਿੰਡਾਂ ਦੇ ਵਸਨੀਕਾਂ ਨੂੰ ਘਾਤਕ ਬਿਮਾਰੀਆਂ ਲੱਗਣ ਦਾ ਖਦਸ਼ਾ ਪੈਦਾ ਹੋ ਗਿਆ ਹੈ। ਖੰਡ ਮਿੱਲ ਦੇ ਮੈਨੇਜਿੰਗ ਡਾਇਰੈਕਟਰ ਗੁਰਵਿੰਦਰ ਪਾਲ ਸਿੰਘ ਨੇ ਕਿਹਾ ਕਿ ਬੁਆਇਲਰਾਂ ਦਾ ਠੇਕਾ ਸ੍ਰੀ ਗਨੇਸ਼ ਐਡੀਵਲ ਪ੍ਰਾਈਵੇਟ ਕੰਪਨੀ ਨੇ ਲਿਆ ਹੈ ਪਰ ਕੰਪਨੀ ਨੇ ਲੋੜੀਂਦੀ ਸਫ਼ਾਈ ਅਤੇ ਲੋੜੀਂਦੀ ਮਸ਼ੀਨਰੀ ਨਾ ਲਗਾਉਣ ਕਰਕੇ ਮਸਲਾ ਉਤਪੰਨ ਹੋਇਆ ਹੈ। ਇਸ ਵਿੱਚ ਖੰਡ ਮਿੱਲ ਦੇ ਅਧਿਕਾਰੀਆਂ ਦਾ ਕੋਈ ਦੋਸ਼ ਨਹੀਂ ਹੈ। ਪਰ ਵਿਧਾਇਕ ਕੋਟਲੀ ਅਤੇ ਸ਼ਹਿਰ ਵਾਸੀ ਜੀਐਮ ਨੂੰ ਜ਼ਿੰਮੇਵਾਰ ਠਹਿਰਾ ਰਹੇ ਸਨ। ਵੱਖ-ਵੱਖ ਕਿਸਾਨ ਯੂਨੀਅਨਾਂ ਦੇ ਆਗੂਆਂ ਨੇ ਧਰਨਾਕਾਰੀਆਂ ਨੂੰ ਸਮਝਾਇਆ ਕਿ ਜੇ ਉਹ ਧਰਨਾ ਦਿੰਦੇ ਰਹੇ ਤਾਂ ਖੰਡ ਮਿੱਲ ਬੰਦ ਹੋ ਗਈ ਤਾਂ ਇਲਾਕੇ ਦੇ ਕਿਸਾਨਾਂ ਦਾ ਗੰਨਾ ਖੇਤਾਂ ਵਿੱਚ ਖੜ੍ਹਾ ਰਹੇਗਾ। ਕਿਸਾਨ ਆਗੂਆਂ ਬਲਵਿੰਦਰ ਸਿੰਘ ਮੱਲ੍ਹੀ ਨੰਗਲ, ਅਮਰਜੀਤ ਸਿੰਘ ਚੌਲਾਂਗ, ਗੁਰਦੀਪ ਸਿੰਘ ਚੱਕ ਝੱਡੂ ਤੋਂ ਇਲਾਵਾ ਖੰਡ ਮਿੱਲ ਭੋਗਪੁਰ ਦੇ ਜੀ ਐਮ ਗੁਰਿੰਦਰ ਪਾਲ ਸਿੰਘ, ਸ੍ਰੀ ਗਨੇਸ਼ ਕੰਪਨੀ ਦੇ ਜੀਐੱਮ ਤਜਿੰਦਰ ਸਿੰਘ, ਵਿਧਾਇਕ ਕੋਟਲੀ ਵੱਲੋਂ ਦਿੱਤੇ ਨੁਮਾਇੰਦੇ ਕੌਂਸਲਰ ਰਾਕੇਸ਼ ਬੱਗਾ ਵਿਚਕਾਰ ਇਹ ਸਮਝੌਤਾ ਹੋਇਆ ਕਿ ਸ੍ਰੀ ਗਨੇਸ਼ ਕੰਪਨੀ 11 ਜਨਵਰੀ 2025 ਤੱਕ ਮਿੱਲ ਦੀ ਚਿਮਨੀ ਵਿੱਚੋਂ ਧੂੰਆਂ ਅਤੇ ਸਵਾਹ ਹਰ ਹਾਲਤ ਵਿੱਚ ਬੰਦ ਕਰੇਗੀ। ਜੇ ਅਜਿਹਾ ਨਾ ਕੀਤਾ ਤਾਂ ਕੰਪਨੀ ਵਿਰੁੱਧ ਓ ਐਂਡ ਐੱਮ ਦੇ ਅਨੁਸਾਰ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਸਾਰੀਆਂ ਧਿਰਾਂ ਨੇ ਇਕਰਾਰਨਾਮਾ ’ਤੇ ਦਸਤਖ਼ਤ ਕੀਤੇ। ਇਸ ਮੌਕੇ ਇਲਾਕਾ ਮੈਜਿਸਟਰੇਟ ਰਾਜਦੀਪ ਸਿੰਘ,ਡੀ ਐਸ ਪੀ ਕੁਲਵੰਤ ਸਿੰਘ, ਇੰਸਪੈਕਟਰ ਯਾਦਵਿੰਦਰ, ਪਰਮਿੰਦਰ ਸਿੰਘ ਮੱਲ੍ਹੀ, ਕੌਂਸਲਰ ਰਾਜ ਕੁਮਾਰ ਰਾਜਾ,ਅਸ਼ਵਨ ਭੱਲਾ, ਕੌਂਸਲਰ ਮਨੀਸ਼ ਕੁਮਾਰ ਤੋਂ ਇਲਾਵਾ ਹੋਰ ਪ੍ਰਮੁੱਖ ਸ਼ਖ਼ਸੀਅਤਾਂ ਹਾਜ਼ਰ ਹੋਈਆਂ।