ਖੇਤਾਂ ’ਚੋਂ ਬਿਜਲੀ ਲਾਈਨ ਕੱਢਣ ਦਾ ਵਿਰੋਧ
ਰਾਜਪੁਰਾ, 9 ਅਪਰੈਲ
ਪਾਵਰਕੌਮ ਵੱਲੋਂ ਸਾਹਨੇਵਾਲ (ਲੁਧਿਆਣਾ) ਤੋਂ ਪੱਛਮੀ ਬੰਗਾਲ ਤੱਕ ਪਾਈ ਜਾ ਰਹੀ 220 ਕੇਵੀ ਬਿਜਲੀ ਦੀ ਲਾਈਨ ਕਾਰਨ ਜ਼ਮੀਨ ਦੇ ਹੋ ਰਹੇ ਨੁਕਸਾਨ ਅਤੇ ਘੱਟ ਰਹੀ ਕੀਮਤ ਦੇ ਮੱਦੇਨਜ਼ਰ ਅੱਜ ਸੰਯੁਕਤ ਕਿਸਾਨ ਮੋਰਚਾ ਅਤੇ ਮਜ਼ਦੂਰ ਜਥੇਬੰਦੀਆਂ ਵੱਲੋਂ ਲਾਮਬੰਦੀ ਕਰਦਿਆਂ ਪਿੰਡ ਸੰਧਾਰਸੀ ਵਿੱਚ ਇਕ ਭਾਰੀ ਇਕੱਠ ਕੀਤਾ ਗਿਆ। ਇਸ ਦੌਰਾਨ ਹਰਿੰਦਰ ਸਿੰਘ ਲਾਖਾ, ਰਘਵੀਰ ਸਿੰਘ ਮੰਡੋਲੀ, ਮਾਸਟਰ ਗੁਰਨਾਮ ਸਿੰਘ ਘਨੌਰ, ਗੁਰਜਿੰਦਰ ਸਿੰਘ ਭੰਗੂ, ਪਰਵਿੰਦਰ ਸਿੰਘ ਨੌਗਾਵਾਂ, ਗੁਰਸੇਵਕ ਸਿੰਘ ਸੰਧਾਰਸੀ, ਭੁਪਿੰਦਰ ਸਿੰਘ ਗਦੇਪੁਰ, ਅਵਤਾਰ ਸਿੰਘ ਉਕਸੀ, ਗੁਰਜਿੰਦਰ ਸਿੰਘ ਕਬੂਲਪੁਰ, ਸੁਖਵੰਤ ਸਿੰਘ ਮੁਹੱਬਤਪੁਰ, ਗੁਰਨਾਮ ਸਿੰਘ ਕੌਲੀ, ਅਵਤਾਰ ਸਿੰਘ ਢੀਂਡਸਾ ਤੇ ਜੱਸੀ ਕੁੱਥਾਖੇੜੀ ਆਦਿ ਆਗੂਆਂ ਨੇ ਇਕੱਠ ਨੂੰ ਸੰਬੋਧਨ ਕੀਤਾ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਪਾਵਰਕੌਮ ਦੇ ਸਹਿਯੋਗ ਨਾਲ ਸਾਹਨੇਵਾਲ ਪੱਛਮੀ ਬੰਗਾਲ ਤੱਕ 220 ਕੇਵੀ ਦੀ ਲਾਈਨ ਕੱਢ ਰਹੀ ਹੈ ਤੇ ਲਾਈਨ ਦੇ ਟਾਵਰ ਲੱਗਣ ਕਾਰਨ ਜ਼ਮੀਨਾਂ ਦੀ ਕੀਮਤ ਕੌਡੀਆਂ ਭਾਅ ਹੋ ਜਾਵੇਗੀ ਅਤੇ ਫ਼ਸਲ ਬੀਜਣ ਤੇ ਵੱਢਣ ਲਈ ਮੁਸ਼ਕਲਾਂ ਆਉਣਗੀਆਂ। ਉਨ੍ਹਾਂ ਦੱਸਿਆ ਕਿ ਸੂਬਾ ਸਰਕਾਰ ਕਿਸਾਨਾਂ ਨੂੰ ਨਿਗੂਣਾ ਮੁਆਵਜ਼ਾ ਦੇ ਰਹੀ ਹੈ, ਜੋ ਕਿ ਕਿਸਾਨਾਂ ਨਾਲ ਸਰਾਸਰ ਧੱਕਾ ਹੈ। ਉਨ੍ਹਾਂ ਸਰਕਾਰ ਤੋਂ ਢੁਕਵੇਂ ਮੁਆਵਜ਼ੇ ਦੀ ਮੰਗ ਕਰਦਿਆਂ ਕਿਹਾ ਕਿ ਕਿਸਾਨਾਂ ਦੀ ਸਹਿਮਤੀ ਲੈ ਕੇ ਉਕਤ ਲਾਈਨ ਕੱਢੀ ਜਾਵੇ।