ਖਾਲਸਾ ਕਾਲਜ ਫਾਰ ਵਿਮੈੱਨ ਵਿੱਚ ਐੱਨਐੱਸਐੱਸ ਕੈਂਪ ਸ਼ੁਰੂ
ਸਥਾਨਕ ਖਾਲਸਾ ਕਾਲਜ ਫਾਰ ਵਿਮੈੱਨ ਵਿੱਚ ਅੱਜ ਤੋਂ ਸੱਤ ਰੋਜ਼ਾ ਐੱਨਐੱਸਐੱਸ ਕੈਂਪ ਦਾ ਕਾਲਜ ਪ੍ਰਿੰਸੀਪਲ ਡਾ. ਕਮਲਜੀਤ ਗਰੇਵਾਲ ਨੇ ਉਦਘਾਟਨ ਕੀਤਾ। ਸ਼ਬਦ ਗਾਇਨ ਰਾਹੀਂ ਕੈਂਪ ਦੀ ਸ਼ੁਰੂਆਤ ਕੀਤੀ ਗਈ। ਵਾਲੰਟੀਅਰਾਂ ਨੇ ਐੱਨਐੱਸਐੱਸ ਥੀਮ ਗਾਇਨ ਕੀਤਾ ਜਦਕਿ ਪ੍ਰੋਗਰਾਮ ਅਫ਼ਸਰ ਵਿਭਾ ਜੈਨ ਨੇ ਸਾਲ 2023-24 ਦੌਰਾਨ ਯੂਨਿਟ ਦੀਆਂ ਪ੍ਰਾਪਤੀਆਂ ਦੀ ਰਿਪੋਰਟ ਪੇਸ਼ ਕੀਤੀ। ਪ੍ਰਿੰਸੀਪਲ ਡਾ. ਗਰੇਵਾਲ ਨੇ ਕੈਂਪ ਵਿੱਚ ਭਾਗ ਲੈਣ ਵਾਲੇ ਵਾਲੰਟੀਅਰਾਂ ਨੂੰ ਸਮਾਜ ਪ੍ਰਤੀ ਆਪਣੀਆਂ ਬਣਦੀਆਂ ਜ਼ਿੰਮੇਵਾਰੀਆਂ ਬਾਖੂਬੀ ਨਿਭਾਉਣ ਲਈ ਉਤਸ਼ਾਹਿਤ ਕੀਤਾ। ਇਸ ਦੌਰਾਨ ਕੈਂਪ ਦੀ ਸਫ਼ਲਤਾ ਲਈ ਵੱਖ ਵੱਖ ਕਮੇਟੀਆਂ ਬਣਾਈਆਂ ਗਈਆਂ।
ਇਸੇ ਤਰ੍ਹਾਂ ਪ੍ਰਿੰਸੀਪਲ ਸਰਕਾਰੀ ਕਾਲਜ ਲੜਕੀਆਂ ਸ੍ਰੀਮਤੀ ਸੁਮਨ ਲਤਾ ਦੀ ਅਗਵਾਈ ਹੇਠ ‘ਸਵੱਛ ਵਾਤਾਵਰਨ ਤੇ ਮਾਇ ਭਾਰਤ ਯੁਵਾ ਭਾਰਤ’ ਵਿਸ਼ੇ ’ਤੇ ਕੇਂਦਰਿਤ 7 ਰੋਜ਼ਾ ਐੱਨਐੱਸਐੱਸ ਕੈਂਪ ਅੱਜ ਸਮਾਪਤ ਹੋ ਗਿਆ। ਸਮਾਪਤੀ ਸਮਾਰੋਹ ਵਿੱਚ ਮੁੱਖ ਮਹਿਮਾਨ ਵਜੋਂ ਡਿਪਟੀ ਡਾਇਰੈਕਟਰ (ਐਗਰੀ. ਐਕਸਟੈਂਸ਼ਨ) ਪਾਮੇਟੀ, ਪੀਏਯੂ ਡਾ. ਬਲਵਿੰਦਰ ਸਿੰਘ ਲੱਖੇਵਾਲੀ ਅਤੇ ਵਿਸ਼ੇਸ਼ ਮਹਿਮਾਨ ਥੀਏਟਰ ਕਲਾਕਾਰ ਅਤੇ ਸਾਬਕਾ ਸਕਾਊਟਿੰਗ, ਐੱਨਸੀਸੀ, ਐੱਨਐੱਸਐੱਸ ਵਾਲੰਟੀਅਰ ਨਵਦੀਪ ਕਲੇਰ ਨੇ ਸ਼ਿਰਕਤ ਕੀਤੀ। ਡਾ. ਮਮਤਾ ਕੋਚਰ ਨੇ ਪ੍ਰਿੰਸੀਪਲ ਵੱਲੋਂ ਸਮਾਗਮ ਦੀ ਪ੍ਰਧਾਨਗੀ ਕੀਤੀ। ਡਾ. ਲੱਖੇਵਾਲੀ ਨੇ ਹਵਾ, ਪਾਣੀ, ਅੱਗ, ਮਿੱਟੀ, ਆਕਾਸ਼, ਪਸ਼ੂ-ਪੰਛੀਆਂ ਦੀ ਸੰਭਾਲ ਸਮੇਤ ਕੁਦਰਤ ਦੇ ਨਾਜ਼ੁਕ ਸੰਤੁਲਨ ਨੂੰ ਕਾਇਮ ਰੱਖਣ ਦੀ ਮਹੱਤਤਾ ’ਤੇ ਜ਼ੋਰ ਦਿੱਤਾ।