ਖਾਲਸਾ ਕਾਲਜ ’ਚ ਸ਼ਹੀਦ ਭਗਤ ਸਿੰਘ ਨੂੰ ਸਮਰਪਿਤ ਸੈਮੀਨਾਰ
ਪੱਤਰ ਪ੍ਰੇਰਕ
ਅੰਮ੍ਰਿਤਸਰ, 4 ਅਪਰੈਲ
ਖਾਲਸਾ ਕਾਲਜ ਆਫ਼ ਲਾਅ ਵਿੱਚ ਸ਼ਹੀਦ ਭਗਤ ਸਿੰਘ ਦੀ ਸ਼ਹੀਦੀ ਨੂੰ ਸਮਰਪਿਤ ਸੈਮੀਨਾਰ ਕਰਵਾਇਆ ਗਿਆ। ਕਾਲਜ ਦੇ ਡਾਇਰੈਕਟਰ-ਕਮ-ਪ੍ਰਿੰਸੀਪਲ ਪ੍ਰੋ. (ਡਾ.) ਜਸਪਾਲ ਸਿੰਘ ਦੀ ਸਰਪ੍ਰਸਤੀ ਹੇਠ ਹੋਇਆ। ਸਟਾਫ ਮੈਂਬਰ, ਵਿਦਿਆਰਥੀਆਂ ਅਤੇ ਅਧਿਆਪਕਾਂ ਵੱਲੋਂ ਸ਼ਹੀਦ ਭਗਤ ਸਿੰਘ ਦੀ ਤਸਵੀਰ ’ਤੇ ਫੁੱਲਮਾਲਾਵਾਂ ਭੇਟ ਕੀਤੀਆਂ ਗਈਆਂ।
ਡਾ. ਜਸਪਾਲ ਸਿੰਘ ਨੇ ਕਿਹਾ ਕਿ ਭਾਰਤ ਦੀ ਆਜ਼ਾਦੀ ’ਚ ਪੰਜਾਬੀਆਂ ਅਤੇ ਖਾਸ ਕਰਕੇ ਸਿੱਖਾਂ ਦਾ ਬਹੁਤ ਵਡਮੁੱਲਾ ਯੋਗਦਾਨ ਰਿਹਾ ਹੈ। ਉਨ੍ਹਾਂ ਕਿਹਾ ਕਿ ਆਜ਼ਾਦੀ ਦੇ ਸੰਘਰਸ਼ ਲਈ ਦੇਸ਼ ਭਰ ’ਚ ਜਿਨ੍ਹਾਂ 121 ਦੇਸ਼ ਭਗਤਾਂ ਨੂੰ ਫਾਂਸੀ ’ਤੇ ਚੜ੍ਹਾਇਆ ਗਿਆ, ਉਨ੍ਹਾਂ ’ਚੋਂ 93 ਸਿੱਖ ਸਨ। ਭਾਵੇ ਸਿੱਖ ਭਾਰਤ ਦੀ ਕੁੱਲ ਆਬਾਦੀ ਦਾ 1.5% ਹਨ, ਪਰ ਆਜ਼ਾਦੀ ਦੇ ਸੰਘਰਸ਼ ’ਚ ਸਿੱਖਾਂ ਦਾ ਯੋਗਦਾਨ 90 ਫੀਸਦ ਰਿਹਾ ਹੈ। ਉਨ੍ਹਾਂ ਦੇਸ਼-ਭਗਤਾਂ ਦੀਆਂ ਕੁਰਬਾਨੀਆਂ ਨੂੰ ਯਾਦ ਕਰਦਿਆਂ ਵਿਦਿਆਰਥੀਆਂ ਨੂੰ ਕਿਹਾ ਉਹ ਉਨ੍ਹਾਂ ਦੀਆਂ ਕੁਰਬਾਨੀਆਂ ਨੂੰ ਹਮੇਸ਼ਾਂ ਯਾਦ ਰੱਖਣ ਅਤੇ ਉਨ੍ਹਾਂ ਵੱਲੋਂ ਪਾਏ ਪੂਰਨਿਆਂ ’ਤੇ ਚੱਲਣ। ਉਨ੍ਹਾਂ ਪ੍ਰੋਫੈਸਰ ਡਾ. ਸੁਖਮਨਪ੍ਰੀਤ ਕੌਰ ਵੱਲੋਂ ਕਰਵਾਏ ਪ੍ਰੋਗਰਾਮ ਦੀ ਸ਼ਲਾਘਾ ਕੀਤੀ। ਇਸ ਮੌਕੇ ਵਿਦਿਆਰਥੀਆਂ ਦੇ ਕਵਿਤਾਵਾਂ ਮੁਕਾਬਲੇ ਵੀ ਕਰਵਾਏ ਗਏ, ਜਿਸ ’ਚ ਪਹਿਲਾ, ਦੂਜਾ ਅਤੇ ਤੀਜਾ ਸਥਾਨ ਹਾਸਲ ਕਰਨ ਵਾਲੇ ਵਿਦਿਆਰਥੀਆਂ ਨੂੰ ਸਰਟੀਫਿਕੇਟ ਦਿੱਤੇ ਗਏ। ਇਸ ਦੌਰਾਨ ਵਿਦਿਆਰਥੀਆਂ ਵੱਲੋਂ ਨਸ਼ਿਆਂ ਦੀ ਦਲਦਲ ’ਚੋਂ ਨਿਕਲਣ ਲਈ ਨਾਟਕ ਦੀ ਪੇਸ਼ਕਾਰੀ ਕੀਤੀ ਗਈ।