ਖ਼ਾਲਸਾ ਕਾਲਜ ’ਚ ਨਾਟਕ ‘ਛਿਪਣ ਤੋਂ ਪਹਿਲਾਂ’ ਦਾ ਮੰਚਨ
ਮਨਮੋਹਨ ਸਿੰਘ ਢਿੱਲੋਂ
ਅੰਮ੍ਰਿਤਸਰ, 20 ਅਪਰੈਲ
ਖ਼ਾਲਸਾ ਕਾਲਜ ਆਫ ਐਜੂਕੇਸ਼ਨ, ਜੀ. ਟੀ. ਰੋਡ ਵਿਖੇ ਵਿਸ਼ਵ ਰੰਗਮੰਚ ਦਿਵਸ ਮੌਕੇ ਛਿਪਣ ਤੋਂ ਪਹਿਲਾਂ ਨਾਟਕ ਦਾ ਮੰਚਨ ਕੀਤਾ ਗਿਆ। ਖਾਲਸਾ ਯੂਨੀਵਰਸਿਟੀ ਦੇ ਰਜਿਸਟਰਾਰ ਡਾ. ਖੁਸ਼ਿਵੰਦਰ ਕੁਮਾਰ ਦੀ ਸਰਪ੍ਰਸਤੀ ਹੇਠ ਸਮਾਗਮ ਹੋਇਆ। ਖਾਲਸਾ ਕਾਲਜ ਸੀਨੀਅਰ ਸੈਕੰਡਰੀ ਸਕੂਲ ਦੇ ਪ੍ਰਿੰਸੀਪਲ ਡਾ. ਇੰਦਰਜੀਤ ਸਿੰਘ ਗੋਗੋਆਣੀ ਮੁੱਖ ਮਹਿਮਾਨ ਸਨ। ਨਾਟਕ ਨੂੰ ਕਾਲਜ ਵਿਦਿਆਰਥੀ ਨਿਸ਼ਾਨ ਸ਼ੇਰਗਿੱਲ (ਬੀ.ਏ.ਬੀ.ਐੱਡ ਸਮੈਸਟਰ-ਚੌਥਾ) ਨੇ ਨਿਰਦੇਸ਼ਿਤ ਕੀਤਾ ਸੀ।
ਡਾ. ਖੁਸ਼ਿਵੰਦਰ ਕੁਮਾਰ ਨੇ ਕਿਹਾ ਕਿ ਨਾਟਕ ‘ਛਿਪਣ ਤੋਂ ਪਹਿਲਾਂ’ ਸ਼ਹੀਦ ਭਗਤ ਸਿੰਘ ਦੀ ਸ਼ਹਾਦਤ ’ਤੇ ਆਧਾਰਿਤ ਹੈ ਅਤੇ ਅਜਿਹੇ ਨਾਟਕਾਂ ਦੇ ਮੰਚਨ ਰਾਹੀਂ ਨੌਜਵਾਨ ਪੀੜ੍ਹੀ ਨੂੰ ਆਜ਼ਾਦੀ ਘੁਲਾਟੀਆਂ ਵੱਲੋਂ ਦਿੱਤੀਆਂ ਗਈਆਂ ਕੁਰਬਾਨੀਆਂ ਨੂੰ ਯਾਦ ਕਰਦਿਆਂ ਜ਼ਿੰਦਗੀ ਜਿਉਣ ਦੀ ਨਵੀਂ ਸੇਧ ਮਿਲਦੀ ਹੈ, ਕਿਉਂਕਿ ਇਹ ਆਜ਼ਾਦੀ ਅਸੀ ਇਕ ਲੰਮੇ ਸੰਘਰਸ਼ ਤੋਂ ਬਾਅਦ ਹਾਸਲ ਕੀਤੀ ਹੈ ਅਤੇ ਉਨ੍ਹਾਂ ਦੀਆਂ ਕੁਰਬਾਨੀਆਂ ਸਦਕਾ ਹੀ ਅਸੀ ਅੱਜ ਇਸ ਆਜ਼ਾਦ ਫਿਜ਼ਾ ਦਾ ਆਨੰਦ ਮਾਣ ਰਹੇ ਹਾਂ। ਉਨ੍ਹਾਂ ਕਿਹਾ ਕਿ ਇਹ ਪ੍ਰੋਗਰਾਮ ਅਸਿਸਟੈਂਟ ਪ੍ਰੋਫੈਸਰ ਡਾ. ਰਮਨ ਵੱਲੋਂ ਕਰਵਾਇਆ ਗਿਆ। ਡਾ. ਗੋਗੋਆਣੀ ਨੇ ਵਿਦਿਆਰਥੀਆਂ ਦੀ ਪ੍ਰਤਿਭਾ ਦੀ ਪ੍ਰਸ਼ੰਸਾ ਕਰਦਿਆਂ ਨਾਟਕ ਦੇ ਸਫ਼ਲ ਮੰਚਨ ਲਈ ਵਧਾਈ ਦਿੱਤੀ। ਉਨ੍ਹਾਂ ਵਿਦਿਆਰਥੀਆਂ ਨੂੰ ਆਪਣੇ ਅਮੀਰ ਵਿਰਸੇ ਅਤੇ ਇਤਿਹਾਸ ਨੂੰ ਸੰਭਾਲ ਕੇ ਰੱਖਣ ਲਈ ਪ੍ਰੇਰਿਤ ਵੀ ਕੀਤਾ। ਇਸ ਨਾਟਕ ਦੇ ਮੰਚਨ ਦੌਰਾਨ ਨਿਸ਼ਾਨ ਸ਼ੇਰਗਿੱਲ, ਮਹਿਕਪ੍ਰੀਤ ਕੌਰ, ਤਿੰਦਰਪਾਲ ਸਿੰਘ, ਹਰਸ਼ਦੀਪ ਸਿੰਘ, ਅੰਮ੍ਰਿਤਪਾਲ ਸਿੰਘ ਅਤੇ ਸਮੂਹ ਸਟਾਫ ਅਤੇ ਵਿਦਿਆਰਥੀ ਹਾਜ਼ਰ ਸਨ।