ਖਨੌਰੀ ਮੋਰਚਾ: ਕੜਾਕੇ ਦੀ ਠੰਢ ਦੇ ਬਾਵਜੂਦ ਕਿਸਾਨਾਂ ਦੇ ਹੌਸਲੇ ਬੁਲੰਦ
ਪਾਤੜਾਂ, 29 ਦਸੰਬਰ
ਇੱਥੇ ਢਾਬੀ ਗੁੱਜਰਾਂ ਬਾਰਡਰ (ਖਨੌਰੀ) ’ਤੇ ਕੜਾਕੇ ਦੀ ਠੰਢ ਦੇ ਬਾਵਜੂਦ ਕਿਸਾਨਾਂ ਦੇ ਹੌਸਲੇ ਬੁਲੰਦ ਹਨ ਅਤੇ ਮੋਰਚੇ ’ਚ ਗੁਆਂਢੀ ਸੂਬਿਆਂ ਦੇ ਕਿਸਾਨ ਆਪ ਮੁਹਾਰੇ ਪੁੱਜ ਰਹੇ ਹਨ। ਅੱਜ ਰਾਜਸਥਾਨ ਦੇ ਇਕ ਕਿਸਾਨ ਵੱਲੋਂ ਖੁਦ ਨੂੰ ਜੰਜ਼ੀਰਾਂ ਵਿੱਚ ਜਕੜ ਕੇ ਸਰਕਾਰ ਖ਼ਿਲਾਫ਼ ਮੁਜ਼ਾਹਰਾ ਕੀਤਾ ਗਿਆ। ਇਸੇ ਤਰ੍ਹਾਂ ਹਰਿਆਣਾ ਤੋਂ ਇੱਕ ਵੱਡਾ ਕਾਫ਼ਲਾ ਕਿਸਾਨ ਆਗੂ ਡੱਲੇਵਾਲ ਦੇ ਪੋਸਟਰ ਲੈ ਕੇ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕਰਦਾ ਹੋਇਆ ਪਹੁੰਚਿਆ। ਦੂਜੇ ਪਾਸੇ ਮੋਰਚੇ ਦੇ ਪ੍ਰਬੰਧਕ ਸੁਪਰੀਮ ਕੋਰਟ ਵੱਲੋਂ ਪੰਜਾਬ ਸਰਕਾਰ ਨੂੰ ਦਿੱਤੀ ਗਈ ਹਦਾਇਤ ਦੇ ਮੱਦੇਨਜ਼ਰ ਸਵੇਰ ਤੋਂ ਹੀ ਬਾਰਡਰ ’ਤੇ ਸੁਰੱਖਿਆ ਪ੍ਰਬੰਧ ਮਜ਼ਬੂਤ ਕਰਨ ’ਚ ਜੁਟੇ ਰਹੇ। ਰਾਜਸਥਾਨ ਦੇ ਪਿੰਡ ਚਲਾ ਦੇ ਮਾਲੀ ਰਾਮ ਨੇ ਕਿਹਾ ਹੈ ਕਿ ਸ਼ਹੀਦ ਭਗਤ ਸਿੰਘ ਨੇ ਗੁਲਾਮੀ ਦੀਆਂ ਜੰਜ਼ੀਰਾਂ ਤੋੜ ਕੇ ਬਰਾਬਰੀ ਦੇ ਹੱਕਾਂ ਲਈ ਫਾਂਸੀ ਦਾ ਰੱਸਾ ਚੁੰਮਿਆ ਸੀ ਪਰ ਹੁਣ ਦੇਸ਼ ਦੇ ਹਾਕਮ ਨੇ ਕਾਰਪੋਰੇਟ ਘਰਾਣਿਆਂ ਨੂੰ ਲਾਭ ਪਹੁਚਾਉਣ ਲਈ ਕਿਰਸਾਨੀ ਨੂੰ ਖਤਮ ਕਰਨ ਦਾ ਬੀੜਾ ਚੁੱਕਿਆ ਹੋਇਆ ਹੈ ਇਸ ਲਈ ਉਨ੍ਹਾਂ ਨੇ ਆਪਣੇ ਆਪ ਨੂੰ ਜੰਜ਼ੀਰਾਂ ਵਿੱਚ ਜਕੜਿਆ ਹੋਇਆ ਹੈ। ਉਨ੍ਹਾਂ ਦੱਸਿਆ ਹੈ ਕਿ ਉਹ ਪੰਜ ਦਿਨਾਂ ਤੋਂ ਆਪਣੇ ਸਾਥੀਆਂ ਸਮੇਤ ਇਸੇ ਅੰਦੋਲਨ ਵਿੱਚ ਹੈ ਅਤੇ ਉਹ ਕਿਸਾਨ ਆਗੂ ਡੱਲੇਵਾਲ ਤੇ ਅੰਦੋਲਨ ਦੀ ਸਫਲਤਾ ਲਈ ਦੁਆਵਾਂ ਕਰ ਰਿਹਾ ਹੈ। ਇਸੇ ਤਰ੍ਹਾਂ ਦੋਵੇਂ ਲੱਤਾਂ ਤੋਂ ਅਪਾਹਜ ਇਕਬਾਲ ਸਿੰਘ ਵਾਸੀ ਕੰਮੇਆਣਾ ਬਠਿੰਡਾ ਨੇ ਦੱਸਿਆ ਕਿ ਉਹ 11 ਮਹੀਨੇ ਤੋਂ ਅੰਦੋਲਨ ਵਿੱਚ ਹੈ ਅਤੇ ਉਦੋਂ ਤੱਕ ਇੱਥੇ ਹੀ ਰਹੇਗਾ, ਜਦੋਂ ਤੱਕ ਕੇਂਦਰ ਸਰਕਾਰ ਕਿਸਾਨਾਂ ਦੀਆਂ ਮੰਗਾਂ ਮੰਨ ਕੇ ਉਨ੍ਹਾਂ ਨੂੰ ਲਾਗੂ ਨਹੀਂ ਕਰ ਦਿੰਦੀ। ਕਿਸਾਨ ਆਗੂ ਜਸਵਿੰਦਰ ਸਿੰਘ ਲੌਂਗੋਵਾਲ, ਮਨਜੀਤ ਸਿੰਘ ਨਿਆਲ ਤੇ ਯਾਦਵਿੰਦਰ ਸਿੰਘ ਬਰੂੜ ਨੇ ਕਿਹਾ ਕਿ ਮੋਰਚੇ ’ਤੇ ਕਿਸਾਨਾਂ ਵੱਲੋਂ ਸੁਰੱਖਿਆ ਪ੍ਰਬੰਧ ਮਜ਼ਬੂਤ ਕੀਤੇ ਜਾ ਚੁੱਕੇ ਹਨ ਜੇ ਪੁਲੀਸ ਪ੍ਰਸ਼ਾਸਨ ਚੜ੍ਹ ਕੇ ਆਵੇਗਾ ਤਾਂ ਉਹ ਸਬਰ ਦੇ ਨਾਲ ਜ਼ੁਲਮ ਦਾ ਟਾਕਰਾ ਕਰਨਗੇ। ਬਾਰਡਰ ’ਤੇ ਆਮ ਦੀ ਵਾਂਗ ਡਿਊਟੀ ਕਰਦੇ ਪੁਲੀਸ ਕਰਮਚਾਰੀ ਕਿਸਾਨਾਂ ਦੇ ਕੰਮ ਵਿੱਚ ਕੋਈ ਦਖਲ ਨਹੀਂ ਸੀ ਦੇ ਰਹੇ। ਇਸ ਸਬੰਧੀ ਡੀਐੱਸਪੀ ਪਾਤੜਾਂ ਇੰਦਰਪਾਲ ਸਿੰਘ ਚੌਹਾਨ ਨੇ ਦੱਸਿਆ ਹੈ ਕਿ ਬਾਰਡਰ ’ਤੇ 25 ਦੇ ਕਰੀਬ ਤਾਇਨਾਤ ਮੁਲਾਜ਼ਮ ਕਿਸੇ ਵੀ ਤਰ੍ਹਾਂ ਦੀ ਅਣਸੁਖਾਵੀਂ ਘਟਨਾ ਰੋਕਣ ਲਈ ਮੁਸਤੈਦੀ ਨਾਲ ਡਿਊਟੀ ਕਰ ਰਹੇ ਹਨ।