ਕ੍ਰਿਸ਼ੀ ਵਿਗਿਆਨ ਕੇਂਦਰ ਵੱਲੋਂ ਜਾਗਰੂਕਤਾ ਕੈਂਪ
ਕ੍ਰਿਸ਼ੀ ਵਿਗਿਆਨ ਕੇਂਦਰ ਬਾਹੋਵਾਲ ਵੱਲੋਂ ਪਿੰਡ ਨਾਰੂ ਨੰਗਲ ਖਾਸ ’ਚ ਜਾਗਰੂਕਤਾ ਕੈਂਪ ਲਗਾਇਆ ਗਿਆ। ਇਸ ਮੌਕੇ ਕੇਂਦਰ ਦੇ ਸਹਿਯੋਗੀ ਨਿਰਦੇਸ਼ਕ (ਸਿਖਲਾਈ) ਡਾ. ਮਨਿੰਦਰ ਸਿੰਘ ਨੇ ਬੌਂਸ ਕੇਂਦਰ ਦੀਆਂ ਗਤੀਵਿਧੀਆਂ ਬਾਰੇ ਜਾਣੂ ਕਰਵਾਇਆ। ਉਨ੍ਹਾਂ ਹਾੜ੍ਹੀ ਦੀਆਂ ਫ਼ਸਲਾਂ ਦੀ ਖਾਦ, ਨਦੀਨ ਅਤੇ ਕੀਟ ਪ੍ਰਬੰਧਨ ਬਾਬਤ ਨੁਕਤੇ ਸਾਂਝੇ ਕੀਤੇ। ਡਾ. ਬੌਂਸ ਨੇ ਦੱਸਿਆ ਕਿ ਮੌਜੂਦਾ ਮੌਸਮ ਆਲੂਆਂ ਦੇ ਪਛੇਤੇ ਝੁਲਸ ਰੋਗ ਤੇ ਕਣਕ ਦੀ ਪੀਲੀ ਕੁੰਗੀ ਬਿਮਾਰੀ ਦੀ ਸ਼ੁਰੂਆਤ ਅਤੇ ਵਾਧੇ ਲਈ ਸੁਖਾਵਾਂ ਹੈ। ਉਨ੍ਹਾਂ ਕਿਸਾਨਾਂ ਨੂੰ ਚੌਕਸੀ ਨਾਲ ਖੇਤਾਂ ਦਾ ਲਗਾਤਾਰ ਸਰਵੇਖਣ ਰੱਖਣ ਲਈ ਕਿਹਾ ਅਤੇ ਕਿਸੇ ਵੀ ਫ਼ਸਲੀ ਸਮੱਸਿਆ ਦੇ ਹੱਲ ਲਈ ਮਾਹਿਰਾਂ ਨਾਲ ਸੰਪਰਕ ਕਰਨ ਲਈ ਕਿਹਾ। ਕੇਂਦਰ ਦੇ ਪਸ਼ੂ ਪਾਲਣ ਮਾਹਿਰ ਡਾ. ਪਰਮਿੰਦਰ ਸਿੰਘ ਨੇ ਸਰਦੀ ਦੇ ਮੌਸਮ ਵਿੱਚ ਪਸ਼ੂਆਂ ਦੀ ਸਾਂਭ-ਸੰਭਾਲ ਬਾਰੇ ਜਾਣਕਾਰੀ ਦਿੱਤੀ। ਸਹਾਇਕ ਪ੍ਰੋਫ਼ੈਸਰ (ਸਬਜ਼ੀ ਵਿਗਿਆਨ) ਡਾ. ਕਰਮਵੀਰ ਸਿੰਘ ਗਰਚਾ ਨੇ ਰੋਜ਼ਾਨਾ ਖੁਰਾਕ ਵਿੱਚ ਫ਼ਲਾਂ, ਸਬਜ਼ੀਆਂ ਤੇ ਖੁੰਬਾਂ ਦੀ ਪੋਸ਼ਣ ਮਹੱਤਤਾ ਬਾਰੇ ਜਾਗਰੂਕ ਕੀਤਾ ਅਤੇ ਘਰੇਲੂ ਪੱਧਰ ਤੇ ਸਰਵਪੱਖੀ ਪੌਸ਼ਟਿਕ ਘਰ ਬਗੀਚੀ ਅਪਨਾਉਣ ਲਈ ਵੀ ਪ੍ਰੇਰਿਆ। ਇਸ ਦੌਰਾਨ ਖੇਤੀ ਸਬੰਧੀ ਖਦਸ਼ਿਆਂ ਤੇ ਸਮੱਸਿਆਵਾਂ ਬਾਰੇ ਮਾਹਿਰਾਂ ਨਾਲ ਵਿਚਾਰ ਚਰਚਾ ਵੀ ਕੀਤੀ ਗਈ। ਕੈਂਪ ਵਿੱਚ ਸਰਪੰਚ ਊਸ਼ਾ ਕੁਮਾਰੀ, ਕਿਸਾਨ ਸੁਰਜੀਤ ਸਿੰਘ, ਬਲਵੀਰ ਸਿੰਘ, ਅਵਤਾਰ ਸਿੰਘ, ਸੰਜੀਵ ਕੁਮਾਰ, ਭੀਮ ਸਿੰਘ, ਤਾਰਾ ਚੰਦ, ਹਰਪ੍ਰੀਤ ਸਿੰਘ ਤੇ ਤੀਰਥ ਸ਼ਰਮਾ ਆਦਿ ਹਾਜ਼ਰ ਸਨ।