ਕੌਮੀ ਸੁਰੱਖਿਆ ਸਲਾਹਕਾਰ ਬੋਰਡ ਦਾ ਪੁਨਰਗਠਨ
ਨਵੀਂ ਦਿੱਲੀ, 30 ਅਪਰੈਲ
ਸਰਕਾਰ ਨੇ ਕੌਮੀ ਸੁਰੱਖਿਆ ਸਲਾਹਕਾਰ ਬੋਰਡ (ਐੱਨਐੱਸਬੀ) ਦਾ ਪੁਨਰਗਠਨ ਕੀਤਾ ਹੈ। ਇਹ ਕਦਮ ਅਜਿਹੇ ਸਮੇਂ ਚੁੱਕਿਆ ਗਿਆ ਹੈ, ਜਦੋਂ ਅਜਿਹੇ ਕਿਆਸ ਹਨ ਕਿ ਭਾਰਤ ਪਹਿਲਗਾਮ ਵਿੱਚ ਅਤਿਵਾਦੀ ਹਮਲੇ ਦੇ ਸਰਹੱਦ ਪਾਰ ਸਬੰਧਾਂ ਦੇ ਮੱਦੇਨਜ਼ਰ ਕਾਰਵਾਈ ਕਰ ਸਕਦਾ ਹੈ।
ਅਜਿਹੀ ਜਾਣਕਾਰੀ ਮਿਲੀ ਹੈ ਕਿ ਦੇਸ਼ ਦੀ ਖੁਫੀਆ ਏਜੰਸੀ ‘ਰਿਸਰਚ ਐਂਡ ਅਨੈਲਸਿਸ ਵਿੰਗ (ਰਾਅ) ਦੇ ਸਾਬਕਾ ਮੁਖੀ ਆਲੋਕ ਜੋਸ਼ੀ ਨੂੰ ਐੱਨਐੱਸਬੀ ਦਾ ਚੇਅਰਮੈਨ ਨਿਯੁਕਤ ਕੀਤਾ ਗਿਆ ਹੈ। ਐੱਨਐੱਸਬੀ ਸਲਾਹਕਾਰ ਸੰਸਥਾ ਹੈ, ਜੋ ਕੌਮੀ ਸੁਰੱਖਿਆ ਕੌਂਸਲ ਸਕੱਤਰੇਤ ਨੂੰ ਜਾਣਕਾਰੀ ਮੁਹੱਈਆ ਕਰਵਾਉਂਦਾ ਹੈ।
ਸੂਤਰਾਂ ਨੇ ਦੱਸਿਆ ਕਿ ਐੱਨਐੱਸਬੀ ਵਿੱਚ ਨਿਯੁਕਤ ਨਵੇਂ ਮੈਂਬਰਾਂ ਵਿੱਚ ਪੱਛਮੀ ਹਵਾਈ ਕਮਾਂਡ ਦੇ ਸਾਬਕਾ ਕਮਾਂਡਰ ਏਅਰ ਮਾਰਸ਼ਲ ਪੀਐੱਮ ਸਿਨਹਾ, ਥਲ ਸੈਨਾ ਦੀ ਦੱਖਣੀ ਕਮਾਂਡ ਦੇ ਸਾਬਕਾ ਕਮਾਂਡਰ ਲੈਫ਼ਟੀਨੈਂਟ ਜਨਰਲ ਏਕੇ ਸਿੰਘ ਅਤੇ ਰੀਅਰ ਐਡਮਿਰਲ (ਸੇਵਾਮੁਕਤ) ਮੌਂਟੀ ਖੰਨਾ ਸ਼ਾਮਲ ਹਨ। ਉਨ੍ਹਾਂ ਕਿਹਾ ਕਿ ਸਾਬਕਾ ਡਿਪਲੋਮੈਟ ਬੀ. ਵੈਂਕਟੇਸ਼ ਵਰਮਾ ਅਤੇ ਸੇਵਾਮੁਕਤ ਆਈਪੀਐੱਸ ਅਧਿਕਾਰੀ ਰਾਜੀਵ ਰੰਜਨ ਵਰਮਾ ਨੂੰ ਵੀ ਐੱਨਐੱਸਬੀ ਦਾ ਮੈਂਬਰ ਨਿਯੁਕਤ ਕੀਤਾ ਗਿਆ ਹੈ। -ਪੀਟੀਆਈ