ਸਤਵਿੰਦਰ ਬਸਰਾਲੁਧਿਆਣਾ, 14 ਦਸੰਬਰਲੁਧਿਆਣਾ ਵਿੱਚ ਚੱਲ ਰਹੀਆਂ ਕੌਮੀ ਸਕੂਲ ਖੇਡਾਂ ਵਿੱਚ ਅੱਜ ਨੈੱਟਬਾਲ, ਹੈਂਡਬਾਲ, ਕਰਾਟੇ ਆਦਿ ਦੇ ਮੁਕਾਬਲੇ ਕਰਵਾਏ ਗਏ। ਦੇਸ਼ ਭਰ ਵਿੱਚੋਂ ਪਹੁੰਚੇ 3000 ਤੋਂ ਵੱਧ ਖਿਡਾਰੀਆਂ ਦੇ ਇਸ ਮਹਾਂ ਖੇਡ ਕੁੰਭ ਵਿੱਚ ਨੈੱਟਬਾਲ ਦੇ ਪ੍ਰੀ-ਕੁਆਰਟਰ ਮੁਕਾਬਲੇ ਸ਼ੁਰੂ ਹੁੰਦਿਆਂ ਹੀ ਇਹ ਖੇਡ ਮੁਕਾਬਲੇ ਸਿਖਰ ਵੱਲ ਵਧਣੇ ਸ਼ੁਰੂ ਹੋ ਗਏ ਹਨ। ਸ਼ਨਿੱਚਰਵਾਰ ਸਾਰਾ ਦਿਨ ਲੁਧਿਆਣਾ ਅਤੇ ਆਸ-ਪਾਸ ਦੇ ਇਲਾਕਿਆਂ ਵਿੱਚ ਬਰਫੀਲੀਆਂ ਹਵਾਵਾਂ ਦੇ ਬਾਵਜੂਦ ਖਿਡਾਰੀਆਂ ਦੇ ਜੋਸ਼ ਵਿੱਚ ਕੋਈ ਕਮੀ ਦੇਖਣ ਨੂੰ ਨਹੀਂ ਮਿਲੀ। ਹਰ ਸੂਬੇ ਦੇ ਖਿਡਾਰੀਆਂ ਨੇ ਆਪਣੇ ਵਿਰੋਧੀਆਂ ਨੂੰ ਚੰਗੀ ਟੱਕਰ ਦਿੱਤੀ।ਅੱਜ ਹੋਏ ਵੱਖ ਵੱਖ ਖੇਡ ਮੁਕਾਬਲਿਆਂ ਵਿੱਚੋਂ ਨੈੱਟਬਾਲ ਲੜਕੀਆਂ ਅੰਡਰ-17 ਵਰਗ ਦੇ ਪ੍ਰੀ-ਕੁਆਰਟਰ ਮੁਕਾਬਲੇ ਵਿੱਚ ਪੰਜਾਬ ਨੇ ਆਈਪੀਐਸਸੀ ਨੂੰ 31-7 ਨਾਲ , ਹਰਿਆਣਾ ਨੇ ਤੇਲੰਗਾਨਾ ਨੂੰ 18-7 ਨਾਲ, ਰਾਜਸਥਾਨ ਨੇ ਪੁਡੂਚੇਰੀ ਨੂੰ 30-7 ਨਾਲ, ਮਹਾਰਾਸ਼ਟਰ ਨੇ ਡੀਏਵੀ ਨੂੰ 18-9 ਨਾਲ, ਛੱਤੀਸਗੜ੍ਹ ਨੇ ਝਾਰਖੰਡ ਨੂੰ 30-7 ਨਾਲ ਹਰਾਇਆ। ਪ੍ਰਿੰ. ਗੁਰਜੰਟ ਸਿੰਘ ਕੋਟਾਲਾ ਨੇ ਦੱਸਿਆ ਕਿ ਜੂਡੋ ਲੜਕੇ ਅੰਡਰ-19 ਸਾਲ ਦੇ 45 ਕਿਲੋ ਭਾਰ ਵਰਗ ਵਿੱਚ ਪੰਜਾਬ ਦੇ ਅਕਸ਼ਾਂਤ ਭਾਰਦਵਾਜ ਨੇ ਪਹਿਲਾ, ਦਿੱਲੀ ਦੇ ਕ੍ਰਿਸ਼ਨ ਮੁਰਾਰੀ ਨੇ ਦੂਜਾ ਅਤੇ ਗੁਜਰਾਤ ਦੇ ਨੰਦਵਾਨਾ ਤੇ ਹਰਿਆਣਾ ਦੇ ਕੁਨਾਲ ਨੇ ਸਾਂਝੇ ਤੌਰ ’ਤੇ ਤੀਜਾ ਸਥਾਨ ਪ੍ਰਾਪਤ ਕੀਤਾ।ਇਸੇ ਤਰ੍ਹਾਂ ਹੈਂਡਬਾਲ ਲੜਕਿਆਂ ਦੇ ਮੁਕਾਬਲੇ ਵਿੱਚ ਮਹਾਰਾਸ਼ਟਰ ਨੇ ਉਤਰਾਖੰਡ ਨੂੰ 39-19 ਨਾਲ, ਡੀਏਵੀ ਨੇ ਆਈਬੀਐਸਸੀ ਨੂੰ 24-9 ਅਤੇ ਪੱਛਮੀ ਬੰਗਾਲ ਨੇ ਹਿਮਾਚਲ ਪ੍ਰਦੇਸ਼ ਨੂੰ 24-9 ਨਾਲ, ਦਿੱਲੀ ਨੇ ਕੇਰਲਾ ਨੂੰ 37-24 ਨਾਲ, ਉੜੀਸਾ ਨੇ ਉਤਰਾਖੰਡ ਨੂੰ 23-10 ਨਾਲ, ਸੀਬੀਐਸਈ ਨੇ ਸੀਬੀਐਸਈਡਬਲਿਯੂਐਸਓ ਨੂੰ 24-7 ਨਾਲ, ਵੀਬੀ ਲੇ ਡੀਏਵੀ ਨੂੰ 20-18 ਨਾਲ ਹਰਾਇਆ। ਹੈਂਡਬਾਲ ਲੜਕੀਆਂ ਦੇ ਮੁਕਾਬਲੇ ਵਿੱਚ ਚੰਡੀਗੜ੍ਹ ਨੇ ਸੀਆਈਐਸਸੀਈ ਨੂੰ 14-8 ਨਾਲ, ਮਹਾਰਾਸ਼ਟਰਾ ਨੇ ਸੀਬੀਐਸਈਡਬਲਿਯੂਐਸਓ ਨੂੰ 10-1 ਨਾਲ, ਸੀਜੀ ਨੇ ਉੜੀਸਾ ਨੂੰ 15-6 ਨਾਲ, ਸੀਬੀਐਸਸੀ ਨੇ ਉਤਰਾਖੰਡ ਨੂੰ 22-8 ਨਾਲ, ਪੰਜਾਬ ਨੇ ਕੇਰਲਾ ਨੂੰ 23-6 ਨਾਲ, ਗੁਜਰਾਤ ਨੇ ਜੇਐਚਆਰ ਨੂੰ 27-6 ਨਾਲ ਮਾਤ ਦਿੱਤੀ। ਕਰਾਟੇ ਲੜਕੀਆਂ ਅੰਡਰ-14 ਵਰਗ ਦੇ 50 ਕਿਲੋਗ੍ਰਾਮ ਭਾਰ ਵਰਗ ਵਿੱਚ ਚੰਡੀਗੜ੍ਹ ਦੀ ਨਿਤਿਕਾ ਨੇ ਪਹਿਲਾ, ਹਰਿਆਣਾਂ ਦੀ ਵਾਣੀ ਨੇ ਦੂਜਾ ਅਤੇ ਆਈਬੀਐਸਐਸਓ ਦੀ ਹਰਵੀਨ ਕੌਰ ਨੇ ਤੀਜਾ ਸਥਾਨ ਪ੍ਰਾਪਤ ਕੀਤਾ। 50 ਸਾਲ ਤੋਂ ਉਪਰ ਉਮਰ ਵਰਗ ਵਿੱਚ ਪੰਜਾਬ ਦੀ ਵਾਨੀਆ ਮਹਾਜਨ ਨੇ ਪਹਿਲਾ, ਤੇਲੰਗਾਨਾ ਦੀ ਪਰਾਸ਼ਾਸਨੀ ਨੇ ਦੂਜਾ ਅਤੇ ਗੁਜਰਾਤ ਦੀ ਯਸਵੀ ਪਟੇਲ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਇਸ ਤੋਂ ਪਹਿਲਾਂ ਡੀਈਓ ਸੈਕੰਡਰੀ ਡਿੰਪਲ ਮਦਾਨ ਅਤੇ ਜ਼ਿਲ੍ਹਾ ਸਪੋਰਟਸ ਕੋਆਰਡੀਨੇਟਰੀ ਕੁਲਵੀਰ ਸਿੰਘ ਸਲੌਦੀ ਨੇ ਵੱਖਵੱਖ ਥਾਵਾਂ ’ਤੇ ਜਾ ਕੇ ਖਿਡਾਰੀਆਂ ਦੀ ਹੌਸਲਾ ਅਫਜ਼ਾਈ ਕੀਤੀ।