ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਕੌਮੀ ਰਾਜਧਾਨੀ ਵਿੱਚ ਚੌਕਸੀ ਵਧਾਈ

04:47 AM May 10, 2025 IST
featuredImage featuredImage
ਦਿੱਲੀ ਵਿੱਚ ਇਮਾਰਤ ’ਤੇ ਲਾਇਆ ਸਾਇਰਨ। -ਫੋਟੋ: ਰਾਇਟਰਜ਼

ਨਵੀਂ ਦਿੱਲੀ, 9 ਮਈ
ਭਾਰਤ ਅਤੇ ਪਾਕਿਸਤਾਨ ਵਿਚਾਲੇ ਤਣਾਅ ਦੇ ਮੱਦੇਨਜ਼ਰ ਦਿੱਲੀ ਵਿੱਚ ਸੁਰੱਖਿਆ ਬਲਾਂ ਨੇ ਚੌਕਸੀ ਵਧਾ ਦਿੱਤੀ ਹੈ। ਜਾਣਕਾਰੀ ਅਨੁਸਾਰ ਸ਼ਹਿਰ ਵਿੱਚ ਹਵਾਈ ਹਮਲੇ ਦੀ ਚਿਤਾਵਨੀ ਦੇਣ ਵਾਲੇ ਸਾਇਰਨ ਲਗਾਉਣ ਤੋਂ ਲੈ ਕੇ ਸਿਵਲ ਡਿਫੈਂਸ ਬਲਾਂ ਦੀ ਤਾਇਨਾਤੀ, ਮੌਕ ਡਰਿੱਲਜ਼ ਅਤੇ ਕੰਟਰੋਲ ਰੂਮ ਸਥਾਪਤ ਕੀਤੇ ਗਏ ਹਨ। ਅਧਿਕਾਰੀਆਂ ਨੇ ਦੱਸਿਆ ਕਿ ਕੌਮੀ ਰਾਜਧਾਨੀ ਵਿੱਚ ਭੀੜ ਵਾਲੇ ਖੇਤਰਾਂ ਅਤੇ ਸਰਕਾਰੀ ਇਮਾਰਤਾਂ ਸਮੇਤ ਮਹੱਤਵਪੂਰਨ ਥਾਵਾਂ ’ਤੇ ਸਖਤ ਸੁਰੱਖਿਆ ਦੇ ਪ੍ਰਬੰਧ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਪੁਲੀਸ ਨੇ ਬਾਜ਼ਾਰਾਂ, ਰੇਲਵੇ ਸਟੇਸ਼ਨਾਂ, ਮਾਲਜ਼, ਪਾਰਕਾਂ ਅਤੇ ਮੈਟਰੋ ਸਟੇਸ਼ਨਾਂ ਸਮੇਤ ਜ਼ਿਆਦਾ ਭੀੜ ਵਾਲੇ ਖੇਤਰਾਂ ਵਿੱਚ ਚੌਕਸੀ ਵਧਾ ਦਿੱਤੀ ਹੈ। ਮਾਲ ਵਿਭਾਗ ਦੇ ਇੱਕ ਸੀਨੀਅਰ ਅਧਿਕਾਰੀ ਦੇ ਅਨੁਸਾਰ ਪ੍ਰਸ਼ਾਸਕੀ ਪੱਧਰ ’ਤੇ ਅਧਿਕਾਰੀ ਅਣਸੁਖਾਵੀਂ ਸਥਿਤੀ ਨਾਲ ਨਜਿੱਠਣ ਲਈ ਤਿਆਰੀ ਕਰ ਰਹੇ ਹਨ। ਉਨ੍ਹਾਂ ਦੱਸਿਆ ਕਿ ਪੂਰੀ ਦਿੱਲੀ ਵਿੱਚ ਹਵਾਈ ਹਮਲੇ ਦੀ ਚਿਤਾਵਨੀ ਦੇਣ ਵਾਲੇ ਸਾਇਰਨ ਲਗਾਏ ਜਾ ਰਹੇ ਹਨ। ਅਧਿਕਾਰੀ ਦੇ ਅਨੁਸਾਰ, ‘ਸੰਵੇਦਨਸ਼ੀਲ ਥਾਵਾਂ ਦੀ ਪਛਾਣ ਕਰ ਲਈ ਹੈ ਅਤੇ ਹਵਾਈ ਹਮਲੇ ਦੀ ਚਿਤਾਵਨੀ ਦੇਣ ਵਾਲੇ ਸਾਇਰਨ ਲਗਾਏ ਜਾ ਰਹੇ ਹਨ। ਸਿਵਲ ਡਿਫੈਂਸ ਡਾਇਰੈਕਟੋਰੇਟ ਨੇ ਅੱਜ ਦੁਪਹਿਰ ਆਈਟੀਓ ਵਿੱਚ ਇੱਕ ਬਹੁ-ਮੰਜ਼ਿਲਾ ਪੀਡਬਲਯੂਡੀ ਇਮਾਰਤ ਦੇ ਉੱਪਰ ਲਗਾਏ ਗਏ ਸਾਇਰਨ ਦੀ ਜਾਂਚ ਕੀਤੀ। ਆਉਣ ਵਾਲੇ ਦਿਨਾਂ ਵਿੱਚ ਹੋਰ ਖੇਤਰਾਂ ਵਿੱਚ ਵੀ ਇਸੇ ਤਰ੍ਹਾਂ ਦੇ ਟੈਸਟ ਅਭਿਆਸ ਕੀਤੇ ਜਾਣਗੇ। ਇੱਕ ਹੋਰ ਅਧਿਕਾਰੀ ਨੇ ਕਿਹਾ ਕਿ 11 ਜ਼ਿਲ੍ਹਿਆਂ ਵਿੱਚੋਂ ਹਰੇਕ ਵਿੱਚ 10 ਸਾਇਰਨ ਲਗਾਏ ਜਾ ਰਹੇ ਹਨ। ਉਨ੍ਹਾਂ ਕਿਹਾ, ‘ਹਰੇਕ ਹਵਾਈ ਹਮਲੇ ਦੀ ਚਿਤਾਵਨੀ ਦੇਣ ਵਾਲੇ ਸਾਇਰਨ ਦੀ ਆਵਾਜ਼ ਇਸ ਦੇ ਆਲੇ ਦੁਆਲੇ ਇੱਕ ਖਾਸ ਘੇਰੇ ਵਿੱਚ ਸੁਣਾਈ ਦੇ ਸਕਦੀ ਹੈ। ਉਦਾਹਰਨ ਵਜੋਂ, ਕੁਝ ਸਾਇਰਨ ਦੀ ਆਵਾਜ਼ ਦੋ ਕਿਲੋਮੀਟਰ ਦੇ ਘੇਰੇ ਵਿੱਚ ਸੁਣਾਈ ਦੇ ਸਕਦੀ ਹੈ, ਜਦੋਂ ਕਿ ਕੁਝ ਚਾਰ ਕਿਲੋਮੀਟਰ ਦੇ ਘੇਰੇ ਵਿੱਚ ਅਤੇ ਕੁਝ 16 ਕਿਲੋਮੀਟਰ ਦੇ ਘੇਰੇ ਵਿੱਚ। ਅਸੀਂ ਇਹ ਸਾਇਰਨ ਇਸ ਲਈ ਲਗਾ ਰਹੇ ਹਾਂ ਤਾਂ ਜੋ ਸੰਵੇਦਨਸ਼ੀਲ ਖੇਤਰਾਂ ਵਿੱਚ ਲੋਕਾਂ ਨੂੰ ਹਵਾਈ ਹਮਲੇ ਦੀ ਸਥਿਤੀ ਵਿੱਚ ਜ਼ਰੂਰੀ ਉਪਾਅ ਕਰਨ ਲਈ ਸੁਚੇਤ ਕੀਤਾ ਜਾ ਸਕੇ।’ ਪੂਰਬੀ ਦਿੱਲੀ ਜ਼ਿਲ੍ਹੇ ਦੇ ਇੱਕ ਅਧਿਕਾਰੀ ਨੇ ਕਿਹਾ ਕਿ ਪ੍ਰਸ਼ਾਸਨ ਹਵਾਈ ਹਮਲੇ ਦੀ ਚਿਤਾਵਨੀ ਦੇਣ ਵਾਲੇ ਸਾਇਰਨ ਲਗਾ ਰਿਹਾ ਹੈ ਅਤੇ ਜ਼ਿਲ੍ਹਾ ਮੈਜਿਸਟਰੇਟ ਦਫ਼ਤਰ ਵਿੱਚ ਸਿਵਲ ਡਿਫੈਂਸ ਕਰਮਚਾਰੀ ਤਾਇਨਾਤ ਕੀਤੇ ਗਏ ਹਨ। -ਪੀਟੀਆਈ

Advertisement

 

ਸੁਰੱਖਿਆ ਬਲਾਂ ਦੀ ਸਲਾਮਤੀ ਲਈ ਹਵਨ

ਦਿੱਲੀ ਦੇ ਮੰਦਰਾਂ ਵਿੱਚ ਭਾਰਤੀ ਫੌਜ ਦੇ ਜਵਾਨਾਂ ਦੀ ਸੁਰੱਖਿਆ ਅਤੇ ਦੇਸ਼ ਦੀ ਖੁਸ਼ਹਾਲੀ ਲਈ ਹਵਨ ਕੀਤੇ ਗਏ। ਛੱਤਰਪੁਰ ਮੰਦਰ ਦੇ ਇੱਕ ਸੇਵਾਦਾਰ ਨੇ ਕਿਹਾ ਕਿ ਮੰਦਰ ਵਿੱਚ ਹਵਨ, ਪਵਿੱਤਰ ਗ੍ਰੰਥਾਂ ਦਾ ਪਾਠ ਅਤੇ ਆਰਤੀ ਕੀਤੀ ਗਈ। ਇਸੇ ਤਰ੍ਹਾਂ ਰੋਹਿਣੀ ਦੇ ਜਗਦਮਬਾ ਮੰਦਰ ਦੇ ਪੁਜਾਰੀ ਰਾਮਾਵਤਾਰ ਸਿੰਘ ਨੇ ਕਿਹਾ ਕਿ ਉਹ ਭਾਰਤ ਅਤੇ ਸਾਰਿਆਂ ਦੀ ਸੁਰੱਖਿਆ ਲਈ ਸ਼ਾਮ ਦੀ ਪ੍ਰਾਰਥਨਾ ਦੀ ਤਿਆਰੀ ਕਰ ਰਹੇ ਹਨ। ਸਿੰਘ ਨੇ ਕਿਹਾ, ‘‘ਅਸੀਂ ਆਪਣੇ ਘਰਾਂ ਵਿੱਚ ਆਰਾਮ ਨਾਲ ਬੈਠੇ ਹਾਂ, ਪਰ ਸਾਨੂੰ ਉਨ੍ਹਾਂ ਲੋਕਾਂ ਦੀ ਸੁਰੱਖਿਆ ਲਈ ਪ੍ਰਾਰਥਨਾ ਕਰਨੀ ਚਾਹੀਦੀ ਹੈ ਜੋ ਸਰਹੱਦ ’ਤੇ ਹਨ ਅਤੇ ਸਾਡੇ ਲਈ ਲੜ ਰਹੇ ਹਨ,’’ ਹੌਜ਼ ਖਾਸ ਦੇ ਜਗਨਨਾਥ ਮੰਦਰ ਦੇ ਇੱਕ ਸੇਵਾਦਾਰ ਨੇ ਕਿਹਾ ਕਿ ਪੁਲੀਸ ਅਧਿਕਾਰੀ ਸ਼ਰਧਾਲੂਆਂ ਦੀ ਸੁਰੱਖਿਆ ਲਈ ਮੰਦਰ ਪਰਿਸਰ ਦੇ ਬਾਹਰ ਜਾਂਚ ਮਸ਼ੀਨਾਂ ਲਗਾ ਰਹੇ ਹਨ। -ਪੀਟੀਆਈ

Advertisement

 

ਨਿੱਜੀ ਸਕੂਲਾਂ ਵਿੱਚ ਆਨਲਾਈਨ ਕਲਾਸਾਂ ਸ਼ੁਰੂ

ਨਵੀਂ ਦਿੱਲੀ: ਵਿਦਿਆਰਥੀਆਂ ਦੀ ਸੁਰੱਖਿਆ ਨੂੰ ਪਹਿਲ ਦਿੰਦੇ ਹੋਏ ਦਿੱਲੀ ਦੇ ਨਿੱਜੀ ਸਕੂਲਾਂ ਨੇ ਸਾਵਧਾਨੀ ਵਜੋਂ ਆਨਲਾਈਨ ਕਲਾਸਾਂ ਸ਼ੁਰੂ ਕਰ ਦਿੱਤੀਆਂ ਹਨ। ਇੱਕ ਅਧਿਕਾਰੀ ਨੇ ਦੱਸਿਆ ਕਿ ਵਸੰਤ ਕੁੰਜ ਵਿੱਚ ਦਿੱਲੀ ਪਬਲਿਕ ਸਕੂਲ (ਡੀਪੀਐੱਸ), ਪੱਛਮੀ ਵਿਹਾਰ ਵਿੱਚ ਇੰਦਰਪ੍ਰਸਥ ਵਰਲਡ ਸਕੂਲ ਅਤੇ ਮਾਡਲ ਟਾਊਨ ਵਿੱਚ ਕਵੀਨ ਮੈਰੀ ਸਕੂਲ ਨੇ ਆਨਲਾਈਨ ਕਲਾਸਾਂ ਸ਼ੁਰੂ ਕਰ ਦਿੱਤੀਆਂ ਹਨ। ਇੰਦਰਪ੍ਰਸਥ ਵਰਲਡ ਸਕੂਲ ਦੀ ਪ੍ਰਿੰਸੀਪਲ ਸ਼ਿਖਾ ਅਰੋੜਾ ਨੇ ਕਿਹਾ ਕਿ ਮੌਜੂਦਾ ਸਥਿਤੀ ਨੂੰ ਦੇਖਦੇ ਹੋਏ ਇਹ ਫੈਸਲਾ ਲਿਆ ਗਿਆ ਹੈ। ਉਨ੍ਹਾਂ ਕਿਹਾ, ‘‘ਮੌਜੂਦਾ ਸਥਿਤੀ ਨੂੰ ਦੇਖਦੇ ਹੋਏ ਅਸੀਂ ਆਨਲਾਈਨ ਕਲਾਸਾਂ ਕਰਵਾਉਣ ਦਾ ਫੈਸਲਾ ਕੀਤਾ ਹੈ। ਗਰਮੀਆਂ ਦੀਆਂ ਛੁੱਟੀਆਂ ਅਗਲੇ ਸੋਮਵਾਰ ਤੋਂ ਸ਼ੁਰੂ ਹੋ ਰਹੀਆਂ ਹਨ ਪਰ ਅਸੀਂ ਇੱਕ ਦਿਨ ਲਈ ਵੀ ਕੋਈ ਜੋਖਮ ਨਹੀਂ ਲੈਣਾ ਚਾਹੁੰਦੇ ਸੀ।’’ ਡੀਪੀਐੱਸ ਵਸੰਤ ਕੁੰਜ ਦੀ ਪ੍ਰਿੰਸੀਪਲ ਦੀਪਤੀ ਵੋਹਰਾ ਨੇ ਵੀ ਕਿਹਾ ਕਿ ਸੁਰੱਖਿਆ ਲਈ ਸਾਵਧਾਨੀ ਦੇ ਤੌਰ ’ਤੇ ਆਨਲਾਈਨ ਕਲਾਸਾਂ ਕਰਵਾਈਆਂ ਗਈਆਂ ਸਨ। ਇਸ ਦੌਰਾਨ ਕਵੀਨ ਮੈਰੀ ਸਕੂਲ ਦੀ ਪ੍ਰਿੰਸੀਪਲ ਅਨੁਪਮਾ ਸਿੰਘ ਨੇ ਵਿਦਿਆਰਥੀਆਂ ਦੀ ਘੱਟ ਹਾਜ਼ਰੀ ਦੀ ਰਿਪੋਰਟ ਦਿੱਤੀ। ਉਨ੍ਹਾਂ ਕਿਹਾ, ‘ਅੱਜ ਬਹੁਤ ਘੱਟ ਬੱਚੇ ਸਕੂਲ ਆਏ ਕਿਉਂਕਿ ਬਹੁਤ ਸਾਰੇ ਮਾਪਿਆਂ ਨੇ ਆਪਣੇ ਬੱਚਿਆਂ ਨੂੰ ਸਕੂਲ ਨਾ ਭੇਜਣ ਦਾ ਫੈਸਲਾ ਕੀਤਾ।’’ ਸਰੀਰਕ ਕਲਾਸਾਂ ਜਾਰੀ ਰੱਖਣ ਵਾਲੇ ਕੁਝ ਸਕੂਲਾਂ ਨੇ ਇਮਾਰਤਾਂ ’ਤੇ ਸੁਰੱਖਿਆ ਉਪਾਅ ਵਧਾ ਦਿੱਤੇ ਸਨ। ਦਵਾਰਕਾ ਦੇ ਆਈਟੀਐਲ ਇੰਟਰਨੈਸ਼ਨਲ ਸਕੂਲ ਦੀ ਪ੍ਰਿੰਸੀਪਲ ਸੁਧਾ ਆਚਾਰੀਆ ਨੇ ਕਿਹਾ ਕਿ ਵਿਦਿਆਰਥੀਆਂ ਨੂੰ ਦਿੱਲੀ ਆਫ਼ਤ ਪ੍ਰਬੰਧਨ ਅਥਾਰਟੀ (ਡੀਡੀਐਮਏ) ਦੁਆਰਾ ਜਾਰੀ ਸੁਰੱਖਿਆ ਪ੍ਰੋਟੋਕੋਲ ’ਤੇ ਮਾਰਗਦਰਸ਼ਨ ਕੀਤਾ ਗਿਆ ਸੀ। ‘‘ਸਵੇਰ ਦੀ ਪ੍ਰਾਰਥਨਾ ਦੌਰਾਨ ਮੌਕ ਡ੍ਰਿੱਲ ਤੋਂ ਬਾਅਦ, ਬੱਚਿਆਂ ਨੂੰ ਸੁਰੱਖਿਆ ਉਪਾਵਾਂ ਬਾਰੇ ਸੂਚਿਤ ਕੀਤਾ ਗਿਆ ਸੀ ਅਤੇ ਮਾਪਿਆਂ ਨੂੰ ਇੱਕ ਸਲਾਹ ਵੀ ਭੇਜੀ ਗਈ ਸੀ’’। ਸਿੱਖਿਆ ਡਾਇਰੈਕਟੋਰੇਟ ਦੇ ਇੱਕ ਅਧਿਕਾਰੀ ਨੇ ਕਿਹਾ ਕਿ ਉਨ੍ਹਾਂ ਨੂੰ ‘ਅੱਜ ਸਕੂਲ ਬੰਦ ਕਰਨ ਦਾ ਕੋਈ ਅਧਿਕਾਰਤ ਆਦੇਸ਼ ਨਹੀਂ ਮਿਲਿਆ ਹੈ।’’ ਜ਼ਿਕਰਯੋਗ ਹੈ ਕਿ ਦਿੱਲੀ ਨੂੰ ‘ਹਾਈ ਅਲਰਟ ’ਤੇ ਰੱਖਿਆ ਗਿਆ ਹੈ ਅਤੇ ਸਾਰੇ ਸਰਕਾਰੀ ਕਰਮਚਾਰੀਆਂ ਦੀਆਂ ਛੁੱਟੀਆਂ ਰੱਦ ਕਰ ਦਿੱਤੀਆਂ ਗਈਆਂ ਹਨ। -ਪੀਟੀਆਈ

Advertisement