ਕੋਹਾਰਵਾਲਾ ’ਚੋਂ ਲੰਘਦੇ ਸੂਏ ’ਚ ਪਿਆ ਪਾੜ
ਬਲਵਿੰਦਰ ਸਿੰਘ ਹਾਲੀ
ਕੋਟਕਪੂਰਾ, 11 ਦਸੰਬਰ
ਪਿੰਡ ਕੋਹਾਰਵਾਲਾ ਵਿਚੋਂ ਲੰਘਦੇ ਸੂਏ ਵਿੱਚ 50 ਫੁੱਟ ਤੋਂ ਵੱਧ ਚੌੜਾ ਪਾੜ ਪੈ ਗਿਆ, ਜਿਸ ਕਾਰਨ 100 ਏਕੜ ਦੇ ਕਰੀਬ ਰਕਬੇ ’ਚ ਖੜ੍ਹੀ ਕਣਕ ਅਤੇ ਗੋਭੀ ਦੀ ਫ਼ਸਲ ਵਿੱਚ ਪਾਣੀ ਭਰ ਗਿਆ। ਪਾਣੀ ਭਰਨ ਕਾਰਨ ਗੋਭੀ ਦੀ 30 ਏਕੜ ਦੇ ਕਰੀਬ ਫ਼ਸਲ ਪੂਰੀ ਤਰ੍ਹਾਂ ਨੁਕਸਾਨੇ ਜਾਣ ਦੀ ਸੰਭਾਵਨਾ ਹੈ। ਕਿਸਾਨਾਂ ਨੇ ਸੂਏ ਦੇ ਪਾਣੀ ਨਾਲ ਨੁਕਸਾਨੀਆਂ ਦਾ ਫਸਲਾਂ ਦਾ ਵਿਸ਼ੇਸ਼ ਗਿਰਦਾਵਰੀ ਕਰਵਾ ਕੇ ਢੁਕਵਾਂ ਮੁਆਵਜ਼ਾ ਦੇਣ ਦੀ ਮੰਗ ਕੀਤੀ ਹੈ।
ਪਿੰਡ ਦੇ ਸਾਬਕਾ ਸਰਪੰਚ ਹਰਬੰਸ ਸਿੰਘ ਨੇ ਦੱਸਿਆ ਕਿ ਲੰਘੀ ਰਾਤ ਤੋਂ ਹੀ ਸੂਏ ਵਿਚੋਂ ਪਾਣੀ ਸਿੰਮਣਾ ਸ਼ੁਰੂ ਹੋ ਗਿਆ ਸੀ। ਉਨ੍ਹਾਂ ਦੱਸਿਆ ਕਿ ਸਵੇਰ ਤੱਕ ਸੂਏ ਵਿੱਚ ਪਾੜ ਪੈ ਗਿਆ, ਜਿਸ ਕਰਕੇ ਇਸ ਸੂਏ ਦੇ ਨਾਲ ਲਗਦੀਆਂ ਕਿਸਾਨਾਂ ਦੀਆਂ ਫ਼ਸਲਾਂ ਵਿੱਚ ਪਾਣੀ ਭਰ ਗਿਆ। ਉਨ੍ਹਾਂ ਦੱਸਿਆ ਕਿ ਇਸ ਨਾਲ 100 ਏਕੜ ਦੇ ਕਰੀਬ ਕਣਕ ਅਤੇ ਗੋਭੀ ਸਮੇਤ ਹੋਰ ਫਸਲਾਂ ਦਾ ਕਾਫੀ ਨੁਕਸਾਨ ਹੋਇਆ ਹੈ ਪਰ ਗੋਭੀ ਤਾਂ ਬਿਲਕੁਲ ਹੀ ਨਸ਼ਟ ਹੋ ਜਾਵੇਗੀ।
ਨਹਿਰੀ ਵਿਭਾਗ ਦੇ ਜੇਈ ਮਨੀਸ਼ ਅਰੋੜਾ ਨੇ ਦੱਸਿਆ ਕਿ ਸੂਏ ਨੂੰ ਫਿਲਹਾਲ ਬੰਦ ਕਰ ਕੇ ਇਸ ਦਾ ਪਾੜ ਪੂਰਿਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਇਹ ਸੂਆ 60 ਸਾਲ ਦੇ ਕਰੀਬ ਪਹਿਲਾਂ ਬਣਿਆ ਸੀ ਅਤੇ ਹੁਣ ਇਸ ਦੀ ਹਾਲਤ ਖਸਤਾ ਹੋ ਚੁੱਕੀ ਹੈ। ਉਨ੍ਹਾਂ ਦੱਸਿਆ ਕਿ ਇਸ ਦੀ ਮੁਰੰਮਤ ਦਾ ਪ੍ਰਾਜੈਕਟ ਬਣਾਕੇ ਸਰਕਾਰ ਨੂੰ ਭੇਜਿਆ ਹੋਇਆ ਹੈ। ਸੂਏ ਦੇ ਟੁੱਟਣ ਦਾ ਉਨ੍ਹਾਂ ਕਾਰਨ ਦੱਸਿਆ ਕਿ ਇਥੇ ਮੋੜ ਪੈਂਦਾ ਹੈ ਅਤੇ ਪਾਣੀ ਦੀ ਸਿੱਧੀ ਟੱਕਰ ਪੈਂਦੀ ਹੈ, ਜਿਸ ਕਾਰਨ ਇਹ ਇਥੋਂ ਟੁੱਟਿਆ ਹੈ।