ਕੈਬਨਿਟ ਮੰਤਰੀ ਨੇ ਲਈ ਬਾਰਠ ਸਾਹਿਬ ਦੇ 29 ਬੇਘਰ ਪਰਿਵਾਰਾਂ ਦੀ ਸਾਰ
ਐੱਨ ਪੀ ਧਵਨ
ਪਠਾਨਕੋਟ, 27 ਅਪਰੈਲ
ਭੋਆ ਵਿਧਾਨ ਸਭਾ ਹਲਕੇ ਦੇ ਪਿੰਡ ਬਾਰਠ ਸਾਹਿਬ ਦੇ 29 ਬੇਘਰੇ ਅਤੇ ਲੋੜਵੰਦ ਪਰਿਵਾਰਾਂ ਨੂੰ ਪੰਜਾਬ ਸਰਕਾਰ ਵੱਲੋਂ ਸਾਲ 2006 ਵਿੱਚ ਅਲਾਟ ਕੀਤੇ ਗਏ 5-5 ਮਰਲੇ ਦੇ ਪਲਾਟਾਂ ਨੂੰ ਕੋਈ ਵੀ ਰਸਤਾ ਨਾ ਹੋਣ ਕਰਕੇ 19 ਸਾਲ ਬਾਅਦ ਵੀ ਉਨ੍ਹਾਂ ਨੂੰ ਰਹਿਣ ਲਈ ਛੱਤ ਨਸੀਬ ਨਹੀਂ ਹੋ ਸਕੀ। ਇੰਨੇ ਸਾਲਾਂ ਦੌਰਾਨ ਜਿੰਨੀਆਂ ਵੀ ਸਰਕਾਰਾਂ ਆਈਆਂ, ਉਹ ਹਰ ਸਰਕਾਰ ਦੇ ਦਰ ’ਤੇ ਇਸ ਸਮੱਸਿਆ ਦਾ ਹੱਲ ਕੱਢਣ ਲਈ ਜਾਂਦੇ ਰਹੇ ਪਰ ਕਿਸੇ ਵੀ ਸਰਕਾਰ ਨੇ ਉਨ੍ਹਾਂ ਦੀ ਇੱਕ ਨਹੀਂ ਸੁਣੀ। ਉਨ੍ਹਾਂ ਇਕੱਤਰ ਹੋ ਕੇ ਹਲਕੇ ਦੇ ਕੈਬਨਿਟ ਮੰਤਰੀ ਲਾਲ ਚੰਦ ਕਟਾਰੂਚੱਕ ਨੂੰ ਆਪਣੀ ਹੱਡਬੀਤੀ ਸੁਣਾਈ ਅਤੇ ਇਸ ਸਮੱਸਿਆ ਨੂੰ ਹੱਲ ਕਰਨ ਲਈ ਫਰਿਆਦ ਕੀਤੀ। ਕੈਬਨਿਟ ਮੰਤਰੀ ਲਾਲ ਚੰਦ ਕਟਾਰੂਚੱਕ, ਡਿਪਟੀ ਕਮਿਸ਼ਨਰ ਆਦਿੱਤਿਆ ਉਪਲ ਅਤੇ ਬੀਡੀਪੀਓ ਅਜੇ ਕੁਮਾਰ ਨੇ ਪਿੰਡ ਦਾ ਦੌਰਾ ਕੀਤਾ ਤੇ ਲਾਭਪਾਤਰੀਆਂ ਨੂੰ ਅਲਾਟ ਕੀਤੇ ਗਏ 5-5 ਮਰਲੇ ਦੇ ਪਲਾਟਾਂ ਵਾਲਾ ਸਥਾਨ ਦੇਖਿਆ।
ਇਸ ਮੌਕੇ ਲਾਭਪਾਤਰੀਆਂ ਨੇ ਮੰਤਰੀ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਦੱਸਿਆ ਕਿ ਇੱਕ ਤਾਂ ਇਹ ਜਗ੍ਹਾ ਪਿੰਡ ਤੋਂ ਬਾਹਰਵਾਰ ਹੈ, ਦੂਸਰਾ ਇਸ ਜਗ੍ਹਾ ਦੇ ਆਲੇ-ਦੁਆਲੇ ਖੇਤ ਹਨ ਤੇ ਉਨ੍ਹਾਂ ਦੇ ਪਲਾਟਾਂ ਨੂੰ ਕੋਈ ਵੀ ਰਸਤਾ ਨਹੀਂ ਹੈ। ਖੇਤਾਂ ਵਾਲੇ ਮਾਲਕ ਆਪਣੀ ਮਾਲਕੀ ਜ਼ਮੀਨ ਵਿੱਚੋਂ ਰਸਤਾ ਦੇਣ ਲਈ ਤਿਆਰ ਨਹੀਂ ਹਨ ਜਿਸ ਕਰਕੇ ਉਹ ਪਿਛਲੇ 19 ਸਾਲਾਂ ਤੋਂ ਦਰ-ਦਰ ਦੀਆਂ ਠੋਕਰਾਂ ਖਾ ਰਹੇ ਹਨ। ਇਸ ਦੌਰਾਨ ਕੈਬਨਿਟ ਮੰਤਰੀ ਨੇ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਉਕਤ ਜਗ੍ਹਾ ਤੇ ਅਲਾਟ ਕੀਤੇ ਗਏ ਪਲਾਟ ਰੱਦ ਕੀਤੇ ਜਾਣ ਅਤੇ ਇਨ੍ਹਾਂ ਲਾਭਪਾਤਰੀਆਂ ਨੂੰ ਪਿੰਡ ਵਿੱਚ ਹੀ ਪੰਚਾਇਤ ਦੀ ਪਈ ਹੋਰ ਜ਼ਮੀਨ ਵਿੱਚ 5-5 ਮਰਲੇ ਦੇ ਪਲਾਟ ਕੱਟ ਕੇ ਦੁਬਾਰਾ ਅਲਾਟ ਕੀਤੇ ਜਾਣ। ਉਨ੍ਹਾਂ ਪਹਿਲੇ ਪਲਾਟਾਂ ਵਾਲੀ ਜ਼ਮੀਨ ਵਿੱਚ ਲੱਗੇ ਦਰੱਖਤਾਂ ਦੀ ਨਿਲਾਮੀ ਕਰਨ ਦੇ ਵੀ ਆਦੇਸ਼ ਦਿੱਤੇ ਤੇ ਲਾਭਪਾਤਰੀਆਂ ਨੂੰ ਭਰੋਸਾ ਦਿੱਤਾ ਕਿ ਉਨ੍ਹਾਂ ਨੂੰ ਜਲਦੀ ਹੀ ਨਵੇਂ ਪਲਾਟ ਅਲਾਟ ਕਰ ਦਿੱਤੇ ਜਾਣਗੇ।