ਕੈਨੇਡਾ ’ਚ ਕਤਲ ਹੋਏ ਨੌਜਵਾਨ ਦੀ ਲਾਸ਼ ਭਾਰਤ ਨਾ ਲਿਆਂਦੀ ਜਾ ਸਕੀ
ਪੱਤਰ ਪ੍ਰੇਰਕ
ਮਾਨਸਾ, 28 ਨਵੰਬਰ
ਮਾਨਸਾ ਜ਼ਿਲ੍ਹੇ ਦੇ ਪਿੰਡ ਜੋਈਆਂ ਤੋਂ ਰੁਜ਼ਗਾਰ ਦੀ ਭਾਲ ’ਚ ਜ਼ਮੀਨ ਵੇਚ ਕੇ ਕੈਨੇਡਾ ਗਏ ਨੌਜਵਾਨ ਜਸਕਰਨ ਸਿੰਘ ਦਾ ਕਤਲ ਕਰ ਦਿੱਤਾ ਗਿਆ ਸੀ ਪਰ ਉਸ ਦੀ ਲਾਸ਼ ਦੇਸ਼ ਲਿਆਉਣ ਲਈ ਪਰਿਵਾਰ ਵੱਲੋਂ ਚਾਰਾਜੋਰੀ ਕਰਨ ਦੇ ਬਾਵਜੂਦ ਭਾਰਤ ਨਾ ਲਿਆਂਦੀ ਜਾ ਸਕੀ ਜਿਸ ਕਾਰਨ ਮਜਬੂਰਨ ਕੈਨੇਡਾ ’ਚ ਰਹਿੰਦੇ ਉਸ ਦੇ ਰਿਸ਼ਤੇਦਾਰਾਂ ਵੱਲੋਂ ਸਰੀ ਸ਼ਹਿਰ ’ਚ ਉਸ ਦਾ ਸਸਕਾਰ ਕਰ ਦਿੱਤਾ ਗਿਆ। ਮ੍ਰਿਤਕ ਨੌਜਵਾਨ ਦੀ ਮਾਸੀ ਦੀ ਲੜਕੀ ਅਮਨਪ੍ਰੀਤ ਕੌਰ, ਮਨਪ੍ਰੀਤ ਕੌਰ ਅਤੇ ਲੜਕਾ ਸੰਦੀਪ ਸਿੰਘ ਨੇ ਦੱਸਿਆ ਕਿ ਗੁਰੂਘਰ ਦੀ ਮਰਿਆਦਾ ਅਨੁਸਾਰ ਜਸਕਰਨ ਸਿੰਘ ਦਾ ਅੰਤਿਮ ਸੰਸਕਾਰ ਕਰ ਦਿੱਤਾ ਗਿਆ। ਮਾਤਾ-ਪਿਤਾ ਨੂੰ ਭਾਰਤ ਵਿੱਚ ਲਾਈਵ ਵੀਡੀਓ ਰਾਹੀਂ ਸਸਕਾਰ ਰਸਮਾਂ ਪੂਰੀਆਂ ਕੀਤੀਆਂ। ਉਧਰ ਪਿੰਡ ਵਿੱਚ ਪਰਿਵਾਰ ਵੱਲੋਂ ਆਤਮਿਕ ਸ਼ਾਂਤੀ ਲਈ ਰੱਖੇ ਗਏ ਸਹਿਜ ਪਾਠ ਦਾ ਭੋਗ 3 ਦਸੰਬਰ ਮੰਗਲਵਾਰ ਨੂੰ ਪਿੰਡ ਦੇ ਗੁਰਦੁਆਰਾ ਸਾਹਿਬ ਵਿੱਚ ਪਵੇਗਾ। ਜ਼ਿਕਰਯੋਗ ਹੈ ਕਿ ਮਾਨਸਾ ਜ਼ਿਲ੍ਹੇ ਦੇ ਪਿੰਡ ਜੋਈਆਂ ਦੇ ਕਿਸਾਨ ਬਲਕਾਰ ਸਿੰਘ ਨੇ ਆਪਣੀ ਜ਼ਮੀਨ ਵੇਚ ਕੇ ਪੁੱਤਰ ਜਸਕਰਨ ਸਿੰਘ (22) ਦਾ ਭਵਿੱਖ ਬਣਾਉਣ ਲਈ ਕੈਨੇਡਾ ਭੇਜਿਆ ਸੀ, ਪ੍ਰੰਤੂ ਹੋਣੀ ਨੂੰ ਕੁੱਝ ਹੋਰ ਹੀ ਮਨਜੂਰ ਸੀ। ਉਨ੍ਹਾਂ ਕਿਹਾ ਕਿ ਜਸਕਰਨ ਸਿੰਘ 2 ਸਾਲ ਪਹਿਲਾਂ ਕੈਨੇਡਾ ਦੇ ਸ਼ਹਿਰ ਸਰੀ ਵਿੱਚ ਪੜ੍ਹਾਈ ਦੇ ਨਾਲ-ਨਾਲ ਕੰਮ ਕਰ ਰਿਹਾ ਸੀ। ਮ੍ਰਿਤਕ ਦੇ ਪਿਤਾ ਨੇ ਇਨਸਾਫ਼ ਦੀ ਮੰਗ ਕਰਦਿਆਂ ਕਿਹਾ ਕਿ ਕੈਨੇਡਾ ਦੀ ਸਰਕਾਰ ਉਸਦੇ ਪੁੱਤਰ ਦੇ ਕਾਤਲਾਂ ਨੂੰ ਤੁਰੰਤ ਗ੍ਰਿਫ਼ਤਾਰ ਕਰੇ।