ਕੇਸਰਾ ਰਾਮ ਨੇ ਪੰਜਾਬੀ ਭਵਨ ਦੇ ਡਾਇਰੈਕਟਰ ਦਾ ਅਹੁਦਾ ਸੰਭਾਲਿਆ
ਕੁਲਦੀਪ ਸਿੰਘ
ਨਵੀਂ ਦਿੱਲੀ, 4 ਅਪਰੈਲ
ਪੰਜਾਬੀ ਕਹਾਣੀਕਾਰ ਕੇਸਰਾ ਰਾਮ ਨੇ ਡਾਇਰੈਕਟਰ, ਪੰਜਾਬੀ ਭਵਨ, ਨਵੀਂ ਦਿੱਲੀ ਵਜੋਂ ਅਹੁਦਾ ਸੰਭਾਲਿਆ। ਇਸ ਮੌਕੇ ਕੇਸਰਾ ਰਾਮ ਨੇ ਕਿਹਾ ਕਿ ਇਸ ਗੌਰਵਸ਼ਾਲੀ ਸੰਸਥਾ ਦਾ ਹਿੱਸਾ ਬਣਨਾ ਮੇਰੇ ਲਈ ਬਹੁਤ ਵੱਡਾ ਸਨਮਾਨ ਹੈ। ਬਤੌਰ ਸੰਪਾਦਕ, ‘ਸਮਕਾਲੀ ਸਾਹਿਤ’ ਮੇਰੀ ਕੋਸ਼ਿਸ਼ ਰਹੇਗੀ ਕਿ ਰਸਾਲਾ ਹੋਰ ਵੀ ਜ਼ੋਰ-ਸ਼ੋਰ ਨਾਲ ਪੰਜਾਬੀ ਭਾਸ਼ਾ, ਸਾਹਿਤ ਤੇ ਸਭਿਆਚਾਰ ਦੇ ਪ੍ਰਚਾਰ ਤੇ ਪ੍ਰਸਾਰ ਲਈ ਸਾਹਿਤ ਦੀਆਂ ਵੱਖ-ਵੱਖ ਵਿਧਾਵਾਂ ਨੂੰ ਪ੍ਰਫੁੱਲਤ ਕਰੀਏ, ਨਵੇਂ ਲੇਖਕਾਂ ਨੂੰ ਉਤਸ਼ਾਹਿਤ ਕਰਕੇ ਸਮਕਾਲੀ ਸਾਹਿਤਕ ਤੇ ਸੱਭਿਆਚਾਰ ਮੁੱਦਿਆਂ ’ਤੇ ਸਾਰਥਕ ਚਰਚਾ ਛੇੜੀਏ। ਉਨ੍ਹਾਂ ਅੱਗੇ ਕਿਹਾ ਕਿ ਪੰਜਾਬੀ ਭਾਸ਼ਾ, ਸਾਹਿਤ ਤੇ ਸੱਭਿਆਚਾਰ ਦੇ ਖੇਤਰ ਵਿੱਚ ਪੰਜਾਬੀ ਸਾਹਿਤ ਸਭਾ, ਪੰਜਾਬੀ ਭਵਨ, ਨਵੀਂ ਦਿੱਲੀ ਆਪਣਾ ਵਡਮੁੱਲਾ ਯੋਗਦਾਨ ਦੇ ਰਿਹਾ ਹੈ। ਉਨ੍ਹਾਂ ਕਿਹਾ ,‘‘ਡਾਇਰੈਕਟਰ ਦੇ ਤੌਰ ’ਤੇ ਮੇਰੀ ਪਹਿਲ ਰਹੇਗੀ ਕਿ ਪੰਜਾਬੀ ਭਵਨ ਇਸੇ ਤਰ੍ਹਾਂ ਜੀਵੰਤ ਸੱਭਿਆਚਾਰ ਦਾ ਕੇਂਦਰ ਬਣਿਆ ਰਹੇ। ਵੱਧ ਤੋਂ ਵੱਧ ਸਾਹਿਤਕ ਗਤੀਵਿਧੀਆਂ, ਗੋਸ਼ਟੀਆਂ, ਸੈਮੀਨਾਰ ਅਤੇ ਵਰਕਸ਼ਾਪਾਂ ਦਾ ਆਯੋਜਨ ਕਰਦੇ ਰਹਾਂਗੇ ਤਾਂ ਕਿ ਲੇਖਕਾਂ, ਪਾਠਕਾਂ, ਯੂਨੀਵਰਸਿਟੀਆਂ ਵਿੱਚ ਅਧਿਐਨ ਕਰ ਰਹੇ ਖੋਜਾਰਥੀ ਅਤੇ ਸਾਹਿਤ ਪ੍ਰੇਮੀਆਂ ਨੂੰ ਇੱਕ ਸਾਂਝੇ ਮੰਚ ’ਤੇ ਆ ਕੇ ਵਿਚਾਰਾਂ ਦਾ ਆਦਾਨ-ਪ੍ਰਦਾਨ ਕਰਨ ਦੇ ਮੌਕੇ ਮਿਲਣ।’’ ਪੰਜਾਬੀ ਸਾਹਿਤ ਸਭਾ ਦੀ ਚੇਅਰਪਰਸਨ ਪ੍ਰੋ. ਰੇਣੁਕਾ ਸਿੰਘ ਨੇ ਕਿਹਾ ਕਿ ਕੇਸਰਾ ਰਾਮ ਪੰਜਾਬੀ ਦੇ ਪ੍ਰਸਿੱਧ ਕਹਾਣੀਕਾਰ ਹਨ। ਇਨ੍ਹਾਂ ਦੇ ਪੰਜ ਕਹਾਣੀ ਸੰਗ੍ਰਹਿ ਤੇ ਇੱਕ ਨਾਵਲ ਸਮੇਤ ਦੋ ਦਰਜਨ ਪੁਸਤਕਾਂ ਪ੍ਰਕਾਸ਼ਤ ਹਨ। ਇਨ੍ਹਾਂ ਦੀਆਂ ਪੁਸਤਕਾਂ ਵੱਖ-ਵੱਖ ਯੂਨੀਵਰਸਿਟੀਆਂ ਦੇ ਸਿਲੇਬਸ ਵਿੱਚ ਪੜ੍ਹਾਈਆਂ ਜਾਂਦੀਆਂ ਹਨ ਅਤੇ ਐੱਮਫਿਲ, ਪੀਐੱਚਡੀ ਲਈ ਖੋਜ ਕਾਰਜ ਵੀ ਹੋਏ ਹਨ।