ਕੇਰਲਾ: ਪਹਿਲਗਾਮ ਹਮਲੇ ਦੇ ਮ੍ਰਿਤਕ ਰਾਮਚੰਦਰਨ ਨੂੰ ਅੰਤਿਮ ਵਿਦਾਇਗੀ
ਕੋਚੀ, 25 ਅਪਰੈਲ
ਜੰਮੂ-ਕਸ਼ਮੀਰ ਦੇ ਪਹਿਲਗਾਮ ਵਿੱਚ ਮੰਗਲਵਾਰ ਨੂੰ ਦਹਿਸ਼ਤੀ ਹਮਲੇ ’ਚ ਮਾਰੇ ਗਏ ਕੇਰਲਾ ਦੇ ਐੱਨ. ਰਾਮਚੰਦਰਨ (65) ਨੂੰ ਅੱਜ ਐਡਾਪੱਲੀ ਦੇ ਚੰਗਮਪੁਜ਼ਾ ਪਾਰਕ ’ਚ ਪਰਿਵਾਰਕ ਮੈਂਬਰਾਂ, ਸਨੇਹੀਆਂ ਤੇ ਆਮ ਲੋਕਾਂ ਵੱਲੋਂ ਨਮ ਅੱਖਾਂ ਨਾਲ ਵਿਦਾਇਗੀ ਦਿੱਤੀ ਗਈ। ਉਨ੍ਹਾਂ ਦਾ ਸਸਕਾਰ ਪੂਰੇ ਸਰਕਾਰੀ ਸਨਮਾਨਾਂ ਨਾਲ ਕੀਤਾ ਗਿਆ। ਰਾਮਚੰਦਰਨ ਦੇ ਬੇਟੇ ਸੁਰੇਸ਼ ਮੈਨਨ ਨੇ ਉਨ੍ਹਾਂ ਦੀ ਚਿਖਾ ਨੂੰ ਅਗਨੀ ਦਿਖਾਈ। ਇਸ ਮੌਕੇ ਕਈ ਸਿਆਸੀ ਆਗੂ ਵੀ ਹਾਜ਼ਰ ਸਨ। ਦੱਸਣਯੋਗ ਹੈ ਕਿ ਬੈਸਰਨ ’ਚ ਦਹਿਸ਼ਤਗਰਦਾਂ ਵੱਲੋਂ ਕੀਤੇ ਹਮਲੇ ’ਚ 26 ਸੈਲਾਨੀ ਮਾਰੇ ਗਏ ਸਨ, ਜਿਨ੍ਹਾਂ ’ਚ ਰਾਮਚੰਦਰਨ ਵੀ ਸ਼ਾਮਲ ਸੀ।
ਇਸ ਤੋਂ ਪਹਿਲਾਂ ਰਾਮਚੰਦਰਨ ਦੀ ਮ੍ਰਿਤਕ ਦੇਹ ਨੂੰ ਇੱਕ ਪ੍ਰ੍ਰਾਈਵੇਟ ਹਸਪਤਾਲ ਦੇ ਮੁਦਰਾਘਰਾ ਵਿੱਚੋਂ ਲਿਆ ਕੇ ਅੰਤਿਮ ਦਰਸ਼ਨਾਂ ਲਈ ਚੰਗਮਪੁਜ਼ਾ ਪਾਰਕ ਤੇ ਉਸ ਦੀ ਰਿਹਾਇਸ਼ ’ਤੇ ਰੱਖਿਆ ਗਿਆ, ਜਿੱਥੇ ਮਾਹੌਲ ਭਾਵੁਕ ਹੋ ਗਿਆ। ਵੱਡੀ ਗਿਣਤੀ ’ਚ ਇਕੱਠੇ ਹੋਏ ਲੋਕਾਂ ਨੇ ਰਾਮਚੰਦਰਨ ਨੂੰ ਸ਼ਰਧਾਂਜਲੀਆਂ ਭੇਟ ਕੀਤੀਆਂ। ਕਈ ਲੋਕਾਂ ਨੇ ਰਾਮਚੰਦਰਨ ਦੀ ਵਿਧਵਾ ਸ਼ੀਲਾ, ਬੇਟੀ ਆਰਤੀ ਆਰ ਮੈਨਨ ਅਤੇ ਬੇਟੇ ਸੁਰੇਸ਼ ਮੈਨਨ ਨੂੰ ਧਰਵਾਸ ਦਿੱਤਾ। ਇਸ ਮੌਕੇ ਕੇਰਲਾ ਦੇ ਰਾਜਪਾਲ ਰਾਜੇਂਦਰ ਅਰਲੇਕਰ, ਗੋਆ ਦੇ ਰਾਜਪਾਲ, ਪੀ.ਐੱਸ. ਪਿੱਲੈ, ਕੇਂਦਰੀ ਮੰਤਰੀ ਸੁਰੇਸ਼ ਗੋਪੀ, ਕੇਰਲਾ ਦੇ ਉਦਯੋਗ ਮੰਤਰੀ ਪੀ. ਰਾਜੀਵ, ਵਿਰੋਧੀ ਧਿਰ ਦੇ ਨੇਤਾ ਵੀ.ਡੀ. ਸਤੀਸ਼ਨ, ਕੋਚੀ ਦੇ ਮੇਅਰ ਐੱਮ. ਅਨਿਲਕੁਮਾਰ, ਅਦਾਕਾਰ ਜੈਸੂਰਿਆ, ਕੇਰਲਾ ਹਾਈ ਕੋਰਟ ਦੇ ਜੱਜ ਦੇਵਨ ਰਾਮਚੰਦਰਨ ਤੇ ਹੋਰਨਾਂ ਨੇ ਵੀ ਰਾਮਚੰਦਰਨ ਨੂੰ ਸ਼ਰਧਾਂਜਲੀ ਭੇਟ ਕੀਤੀ। -ਪੀਟੀਆਈ
ਵਿਸ਼ਾਖਾਪਟਨਮ ’ਚ ਚੰਦਰ ਮੌਲੀ ਦਾ ਸਸਕਾਰ
ਵਿਸ਼ਾਖਾਪਟਨਮ: ਪਹਿਲਗਾਮ ਦਹਿਸ਼ਤੀ ਹਮਲੇ ਵਿੱਚ ਬੀਤੇ ਦਿਨੀਂ ਮਾਰੇ ਗਏ 26 ਸੈਲਾਨੀਆਂ ’ਚੋਂ ਇੱਕ ਜੇਸੀ ਚੰਦਰ ਮੌਲੀ ਦਾ ਅੱਜ ਇੱਥੇ ਸਸਕਾਰ ਕੀਤਾ ਗਿਆ। ਇਸ ਮੌਕੇ ਉਸ ਦੇ ਪਰਿਵਾਰਕ ਮੈਂਬਰ, ਰਿਸ਼ਤੇਦਾਰ, ਦੋਸਤ ਅਤੇ ਵੱਖ-ਵੱਖ ਪਾਰਟੀਆਂ ਦੇ ਸਿਆਸੀ ਆਗੂ ਹਾਜ਼ਰ ਸਨ। ਮੌਲੀ ਦੇ ਰਿਸ਼ਤੇਦਾਰ ਨਾਗੇਸ਼ਵਰ ਰਾਓ ਨੇ ਦੱਸਿਆ ਕਿ ਕਾਨਵੈਂਟ ਜੰਕਸ਼ਨ ਨੇੜੇ ਦੁਪਹਿਰ ਕਰੀਬ ਇਕ ਵਜੇ ਉਸ ਦਾ ਸਸਕਾਰ ਕੀਤਾ ਗਿਆ। ਅੰਤਿਮ ਰਸਮਾਂ ਦੌਰਾਨ ਸਿਹਤ ਮੰਤਰੀ ਸੱਤਿਆ ਕੁਮਾਰ ਯਾਦਵ ਨੇ ਉਸ ਦੀ ਮ੍ਰਿਤਕ ਦੇਹ ਨੂੰ ਮੋਢਾ ਦਿੱਤਾ। ਇਸ ਦੌਰਾਨ ਸੂਬੇ ਦੀ ਗ੍ਰਹਿ ਮੰਤਰੀ ਵੰਗਲਾਪੁੜੀ ਅਨੀਤਾ ਨੇ ਵੀ ਪੀੜਤ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ। ਅਨੀਤਾ ਨੇ ਕਿਹਾ, ‘ਚੰਦਰ ਮੌਲੀ ਸਾਰਿਆਂ ਦਾ ਚਹੇਤਾ ਸੀ।’ ਉਨ੍ਹਾਂ ਕਿਹਾ, ‘ਅਸੀ ਇਸ ਦਹਿਸ਼ਤੀ ਹਮਲੇ ਦੀ ਸਖ਼ਤ ਨਿਖੇਧੀ ਕਰਦੇ ਹਾਂ। ਅੱਜ-ਕੱਲ੍ਹ ਦਹਿਸ਼ਤਗਰਦ ਆਮ ਨਾਗਰਿਕਾਂ ਨੂੰ ਨਿਸ਼ਾਨਾ ਬਣਾ ਰਹੇ ਹਨ। ਉਨ੍ਹਾਂ ਸਾਜਿਸ਼ ਤਹਿਤ ਸੈਲਾਨੀਆਂ ਦੀ ਹੱਤਿਆ ਕੀਤੀ।’ ਉਨ੍ਹਾਂ ਕਿਹਾ ਕਿ ਇਸ ਦਹਿਸ਼ਤੀ ਹਮਲੇ ਦਾ ਬਦਲਾ ਜ਼ਰੂਰ ਲਿਆ ਜਾਵੇਗਾ। -ਪੀਟੀਆਈ