ਕੇਂਦਰ ਦੇ ਫ਼ਿਰਕੂ ਮਨਸੂਬਿਆਂ ਖ਼ਿਲਾਫ਼ ਖੜ੍ਹੇ ਹੋਣ ਲੋਕ: ਉਗਰਾਹਾਂ
ਜੋਗਿੰਦਰ ਸਿੰਘ ਮਾਨ
ਮਾਨਸਾ, 7 ਮਈ
ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਨੇ ਦੇਸ਼ ਦੇ ਹਾਕਮਾਂ ਵੱਲੋਂ ਜੰਗੀ ਜਨੂੰਨ ਭੜਕਾਉਣ ਦੀਆਂ ਕਾਰਵਾਈਆਂ ਦਾ ਵਿਰੋਧ ਕਰਦਿਆਂ ਲੋਕਾਂ ਨੂੰ ਸੱਦਾ ਦਿੱਤਾ ਹੈ ਕਿ ਉਹ ਇਸ ਨਿਹੱਕੀ ਤੇ ਭਰਾ-ਮਾਰੂ ਜੰਗ ਦੇ ਵਿਰੋਧ ਵਿੱਚ ਅੱਗੇ ਆਉਣ। ਜਥੇਬੰਦੀ ਦੇ ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਤੇ ਸੂਬਾ ਸੀਨੀਅਰ ਮੀਤ ਪ੍ਰਧਾਨ ਝੰਡਾ ਸਿੰਘ ਜੇਠੂਕੇ ਨੇ ਕਿਹਾ ਕਿ ਬਿਨਾਂ ਸ਼ੱਕ ਪਹਿਲਗਾਮ ਦੀ ਘਟਨਾ ਅਫ਼ਸੋਸਨਾਕ ਸੀ, ਪਰ ਇਸ ਨੂੰ ਬਹਾਨਾ ਬਣਾ ਕੇ ਗੁਆਂਢੀ ਮੁਲਕ ਖ਼ਿਲਾਫ਼ ਜੰਗ ਛੇੜਨ ਦੇ ਕੇਂਦਰ ਸਰਕਾਰ ਦੇ ਮਨਸੂਬੇ ਉਸ ਦੀ ਸੌੜੀ ਤੇ ਫ਼ਿਰਕੂ ਰਾਜਨੀਤੀ ਤੋਂ ਪ੍ਰੇਰਿਤ ਹਨ। ਉਨ੍ਹਾਂ ਕਿਹਾ ਕਿ ਅਤਿ ਵਿਕਸਿਤ ਹਥਿਆਰਾਂ ਨਾਲ ਲੈਸ ਦੋਵਾਂ ਪਾਸਿਆਂ ਦੀਆਂ ਫ਼ੌਜਾਂ ਦੀ ਇਹ ਜੰਗ ਦੋਵਾਂ ਮੁਲਕਾਂ ਦਾ ਵੱਡਾ ਨੁਕਸਾਨ ਕਰੇਗੀ। ਉਨ੍ਹਾਂ ਕਿਹਾ ਕਿ ਦੋਵਾਂ ਪਾਸਿਆਂ ਦੇ ਪੰਜਾਬੀ ਤੇ ਕਸ਼ਮੀਰੀ ਲੋਕ ਮਾਰ ਝੱਲਣਗੇ ਤੇ ਦੋਵੇਂ ਪਾਸੇ ਤਬਾਹੀ ਹੋਵੇਗੀ। ਕਿਸਾਨ ਆਗੂਆਂ ਨੇ ਕਿਹਾ ਕਿ ਪਾਕਿਸਤਾਨ ਅੰਦਰ ਹਮਲਿਆਂ ਦੀ ਭਾਰਤੀ ਹਾਕਮਾਂ ਦੀ ਇਹ ਕਾਰਵਾਈ ਵੱਡੀ ਜੰਗੀ ਨੂੰ ਜਨਮ ਦੇ ਸਕਦੀ ਹੈ, ਇਸ ਦੀ ਲੋਕਾਂ ਨੂੰ ਭਾਰੀ ਕੀਮਤ ਤਾਰਨੀ ਪੈਣੀ ਹੈ। ਉਨ੍ਹਾਂ ਕਿਹਾ ਕਿ ਇਸ ਲਈ ਸਭਨਾਂ ਇਨਸਾਫ਼ਪਸੰਦ ਤੇ ਅਮਨਪਸੰਦਾਂ ਨੂੰ ਜੰਗ ਰੋਕਣ ਲਈ ਫ਼ੌਰੀ ਲਾਮਬੰਦ ਹੋਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਇਸ ਫ਼ਿਰਕੂ ਰਾਸ਼ਟਰਵਾਦ ਦੀ ਓਟ ਵਿੱਚ ਸਾਮਰਾਜੀ ਹਾਕਮਾਂ ਨਾਲ ਦੇਸ਼-ਧਰੋਹੀ ਸੰਧੀਆਂ ਕਰਨ ’ਚ ਰੁੱਝੀ ਹੋਈ ਹੈ। ਉਨ੍ਹਾਂ ਕਿਹਾ ਕਿ ਲੋਕਾਂ ਨੂੰ ਜੰਗੀ ਮਾਹੌਲ ਬਣਾਉਣ ਪਿਛਲੇ ਮਨਸੂਬਿਆਂ ਨੂੰ ਸਮਝਣ ਦੀ ਲੋੜ ਹੈ।
ਜਥੇਬੰਦੀ ਨੇ ਲੋਕਾਂ ਨੂੰ ਸੱਦਾ ਦਿੱਤਾ ਹੈ ਕਿ ਉਹ ਕੇਂਦਰ ਸਰਕਾਰ ਦੀਆਂ ਫ਼ਿਰਕੂ ਜਜ਼ਬਾਤ ਭੜਕਾਉਣ ਦੀਆਂ ਕੋਸ਼ਿਸ਼ਾਂ ਖ਼ਿਲਾਫ਼ ਖੜ੍ਹੇ ਹੋਣ ਅਤੇ ਜੰਗ ਦਾ ਵਿਰੋਧ ਕਰਦਿਆਂ ਆਪਸੀ ਏਕਾ ਬਣਾਈ ਰੱਖਣ।