ਕੇਂਦਰੀ ਬਜਟ ਦੇਸ਼ ਨੂੰ ਵਿਸ਼ਵ ਸ਼ਕਤੀ ਬਣਾਉਣ ਦੀ ਨੀਂਹ: ਸਈਅਦ ਜ਼ਫਰ
ਟ੍ਰਿਬਿਉੂਨ ਨਿਉੂਜ਼ ਸਰਵਿਸ
ਅੰਮ੍ਰਿਤਸਰ, 6 ਫਰਵਰੀ
ਭਾਰਤੀ ਜਨਤਾ ਪਾਰਟੀ ਦੇ ਕੌਮੀ ਬੁਲਾਰੇ ਸਈਅਦ ਜ਼ਫ਼ਰ ਇਸਲਾਮ ਨੇ ਕਿਹਾ ਕਿ ਕੇਂਦਰੀ ਬਜਟ ਨੇ ਮਹਿਲਾ ਸ਼ਕਤੀਕਰਨ ਅਤੇ ਦੇਸ਼ ਨੂੰ ਵਿਕਾਸ ਦੇ ਰਾਹ ‘ਤੇ ਤੇਜ਼ੀ ਨਾਲ ਅੱਗੇ ਵਧਾਉਣ ਦਾ ਰਾਹ ਪੱਧਰਾ ਕੀਤਾ ਹੈ। ਜ਼ਿਲ੍ਹਾ ਭਾਜਪਾ ਦਫ਼ਤਰ ਸ਼ਹੀਦ ਹਰਬੰਸ ਲਾਲ ਖੰਨਾ ਸਮਾਰਕ ਵਿੱਚ ਪ੍ਰੈੱਸ ਕਾਨਫਰੰਸ ਦੌਰਾਨ ਭਾਜਪਾ ਦੇ ਕੌਮੀ ਬੁਲਾਰੇ ਨੇ ਕਿਹਾ ਕਿ ਇਹ ਕੇਂਦਰੀ ਬਜਟ ਭਾਰਤ ਦੀ ਤਰੱਕੀ ਅਤੇ ਦੇਸ਼ ਨੂੰ ਵਿਸ਼ਵ ਸ਼ਕਤੀ ਬਣਾਉਣ ਦੀ ਮੁਹਿੰਮ ਦੀ ਨੀਂਹ ਰੱਖੇਗਾ। ਉਨ੍ਹਾਂ ਕਿਹਾ ਕਿ ਵਿਰੋਧੀ ਧਿਰ ਕੋਲ ਬੋਲਣ ਲਈ ਕੋਈ ਮੁੱਦਾ ਨਹੀਂ ਅਤੇ ਇਸ ਕਾਰਨ ਉਹ ਬਜਟ ਨੂੰ ਨਕਾਰ ਰਹੇ ਹਨ। ਬਜਟ ‘ਚ ਸਾਰੇ ਵਰਗਾਂ ਦਾ ਧਿਆਨ ਰੱਖਿਆ ਗਿਆ ਹੈ। ਸ੍ਰੀ ਜ਼ਫਰ ਨੇ ਕਿਹਾ ਕਿ ਮੋਦੀ ਸਰਕਾਰ ਨੇ ਇਸ ਬਜਟ ਵਿੱਚ ਕਿਸਾਨਾਂ ਨੂੰ ਜੈਵਿਕ ਖੇਤੀ ਅਤੇ ਮੋਟੇ ਅਨਾਜ ਦੇ ਉਤਪਾਦਨ ਲਈ ਪ੍ਰੇਰਿਤ ਕੀਤਾ ਹੈ। ਕੇਂਦਰ ਸਰਕਾਰ ਕਿਸਾਨਾਂ ਦੇ ‘ਅੰਨਾ ਸ੍ਰੀ’ ਅਧੀਨ ਆਉਂਦੇ ਜੈਵਿਕ ਉਤਪਾਦਾਂ ਦੇ ਮੰਡੀਕਰਨ ਲਈ ਯੂਨਿਟੀ ਮਾਲ ਖੋਲ੍ਹਣ ਅਤੇ ਇਸ ਨੂੰ ਆਨਲਾਈਨ ਪੋਰਟਲ ਨਾਲ ਜੋੜਨ ਦੀ ਯੋਜਨਾ ‘ਤੇ ਕੰਮ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਦਾ ਟੀਚਾ ਭਾਰਤ ਨੂੰ ਦੁਨੀਆ ਵਿਚ ਮੋਟੇ ਅਨਾਜ ਦਾ ਨੰਬਰ ਇਕ ਦਾ ਬਰਾਮਦਕਾਰ ਬਣਾਉਣਾ ਹੈ।