ਕੁੱਟਮਾਰ ਦੇ ਮਾਮਲੇ: 21 ਜਣਿਆਂ ਖ਼ਿਲਾਫ਼ ਕੇਸ ਦਰਜ
ਲੁਧਿਆਣਾ, 2 ਜਨਵਰੀ
ਵੱਖ ਵੱਖ ਇਲਾਕਿਆਂ ਵਿੱਚ ਲੜਾਈ, ਝਗੜਿਆਂ ਅਤੇ ਕੁੱਟਮਾਰ ਦੇ ਮਾਮਲਿਆਂ ਵਿੱਚ ਪੁਲੀਸ ਨੇ 21 ਜਣਿਆਂ ਖ਼ਿਲਾਫ਼ ਵੱਖ ਵੱਖ ਧਾਰਾਵਾਂ ਤਹਿਤ ਕੇਸ ਦਰਜ ਕੀਤੇ ਹਨ। ਥਾਣਾ ਡਾਬਾ ਦੀ ਪੁਲੀਸ ਨੇ ਜੈਨ ਦਾ ਠੇਕਾ ਨੇੜੇ ਹੋਈ ਇੱਕ ਲੜਾਈ ਤੇ ਕੁੱਟਮਾਰ ਦੇ ਸਬੰਧ ਵਿੱਚ 12 ਜਣਿਆਂ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਇਸ ਸਬੰਧੀ ਜੈਨ ਦਾ ਠੇਕਾ ਥਾਣਾ ਡਾਬਾ ਨੇੜੇ ਰਹਿੰਦੇ ਸਿਮਰਨਜੀਤ ਸਿੰਘ ਨੇ ਦੱਸਿਆ ਕਿ ਉਹ ਆਪਣੇ ਦੋਸਤ ਗੁਰਸੇਵਕ ਸਿੰਘ ਨਾਲ ਗਲੀ ਦੇ ਮੋੜ ’ਤੇ ਖੜ੍ਹਾ ਸੀ ਤਾਂ ਕੁੱਝ ਲੋਕਾਂ ਨੇ ਮਿਲ ਕੇ ਰੰਜਿਸ਼ ਤਹਿਤ ਦੋਵਾਂ ’ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ ਤੇ ਜਾਨੋਂ ਮਾਰਨ ਦੀਆਂ ਧਮਕੀਆਂ ਦਿੰਦੇ ਹੋਏ ਫ਼ਰਾਰ ਹੋ ਗਏ। ਪੁਲੀਸ ਨੇ ਮਹਿੰਦਰ, ਭਰਤ, ਅਭਿਸ਼ੇਕ, ਵਿਕਾਸ, ਸੰਨੀ, ਜੀਤੀ, ਪ੍ਰੈਸੀਡੈਟ, ਲੱਡੂ ਤੇ 4 ਅਣਪਛਾਤਿਆਂ ਖ਼ਿਲਾਫ਼ ਕੇਸ ਦਰਜ ਕੀਤਾ ਹੈ।
ਇਸੇ ਤਰ੍ਹਾਂ ਥਾਣਾ ਟਿੱਬਾ ਦੀ ਪੁਲੀਸ ਨੂੰ ਨਿਊ ਸ਼ਾਸ਼ਤਰੀ ਨਗਰ ਵਾਸੀ ਆਸ਼ੀਸ਼ ਕੁਮਾਰ ਨੇ ਦੱਸਿਆ ਕਿ ਉਹ ਆਪਣੀ ਹੇਅਰ ਕਟਿੰਗ ਦੀ ਦੁਕਾਨ ’ਤੇ ਕੰਮ ਕਰ ਰਿਹਾ ਸੀ ਤਾਂ ਸੂਰਜ, ਨੰਨੀ, ਸਾਹਿਬ, ਸੋਨੂੰ ਮੋਰੀਆ, ਆਸ਼ੂ ਅਤੇ 4 ਅਣਪਛਾਤੇ ਲੜਕੇ ਦੁਕਾਨ ’ਤੇ ਆਏ ਤੇ ਉਸ ਦੀ ਕੁੱਟਮਾਰ ਕੀਤੀ। ਉਨ੍ਹਾਂ ਦੁਕਾਨ ਦੀ ਭੱਨ੍ਹ-ਤੋੜ ਵੀ ਕੀਤੀ ਪੁਲੀਸ ਨੇ ਉਕਤ ਖ਼ਿਲਾਫ਼ ਰੰਜਿਸ਼ ਤਹਿਤ ਕੁੱਟਮਾਰ ਕਰਨ ਤੇ ਜਾਨ ਤੋਂ ਮਾਰਨ ਦੀਆਂ ਧਮਕੀਆਂ ਦੇਣ ਦੇ ਦੋਸ਼ ਹੇਠ ਕੇਸ ਦਰਜ ਕੀਤਾ ਹੈ।