ਕਿੱਥੇ ਹੈ ਰਵੀ ਦੇ ਹਿੱਸੇ ਦਾ ਰਵੀ
ਅਮੋਲਕ ਸਿੰਘ
ਰਵਿੰਦਰ ਰਵੀ ਦੇ ਇੱਕ ਹੱਥ ਰੰਗ ਕਰਨ ਵਾਲਾ ਬੁਰਸ਼ ਅਤੇ ਦੂਜੇ ਹੱਥ ਪੀਐੱਚਡੀ ਸਬੰਧੀ ਅਧਿਐਨ ਕਾਰਜਾਂ ਦੀ ਫਾਈਲ ਹੈ। ਜਦੋਂ ਵੀ ਕੰਮ ਤੋਂ ਫ਼ੁਰਸਤ ਮਿਲੇ, ਉਹ ਪੜ੍ਹਦਾ ਹੈ। ਰੋਟੀ-ਰੋਜ਼ੀ ਲਈ ਇਮਾਰਤਾਂ, ਬੂਹੇ ਬਾਰੀਆਂ ਨੂੰ ਰੰਗ ਰੋਗਨ ਕਰਦਾ ਹੈ। ਉਹ ਨੀਝ ਲਾ ਕੇ ਤੱਕਦਾ ਰਹਿੰਦਾ ਹੈ ਕਿ ਇਨ੍ਹਾਂ ਦਰਵਾਜ਼ਿਆਂ, ਬੂਹੇ ਬਾਰੀਆਂ ਨੂੰ ਪਾਰ ਕਰ ਕੇ ਸੁਨੱਖੀ ਸਵੇਰ ਦੀ ਕਿਰਨ ਕਦੇ ਤਾਂ ਆਪਣਾ ਮੁਖੜਾ ਦਿਖਾਏਗੀ!
ਡੱਬਿਆਂ ਵਿਚ ਰੰਗ ਘੋਲ਼ਦੇ ਰਵਿੰਦਰ ਰਵੀ ਨੂੰ ਮਹਿਸੂਸ ਹੁੰਦਾ ਹੈ ਕਿ ਜ਼ਿੰਦਗੀ ਦੇ ਰੰਗ ਕਦੇ ਤਾਂ ਖਿੜਨਗੇ! ਅਜਿਹੀਆਂ ਸੋਚਾਂ ਦੇ ਸਾਗਰ ਵਿਚ ਤਾਰੀਆਂ ਲਾਉਂਦਾ ਉਹ ‘ਸਮਾਜ ਸੱਭਿਆਚਾਰਕ ਪਰਿਪੇਖ: ਚੋਣਵੇਂ ਨਾਵਲਾਂ ਦੇ ਪ੍ਰਸੰਗ ਵਿੱਚ’ ਵਿਸ਼ੇ ’ਤੇ ਪੀਐੱਚਡੀ ਦੀ ਤਿਆਰੀ ਦੇ ਅਧਿਐਨ ਕਾਰਜਾਂ ਵਿੱਚ ਮਸਰੂਫ਼ ਹੋ ਜਾਂਦਾ ਹੈ।
ਦਿੱਲੀ ਯੂਨੀਵਰਸਿਟੀ ਦਿੱਲੀ ਦੀ ਪ੍ਰੋਫੈਸਰ ਜਸਪਾਲ ਕੌਰ ਉਸ ਦੀ ਗਾਈਡ ਹਨ। ਰਵਿੰਦਰ ਰਵੀ ਦੇ ਆਰਥਿਕ ਸਮਾਜਿਕ ਹਾਲਾਤ ਤੋਂ ਉਹ ਜਾਣੂ ਹਨ। ਉਹ ਉਚੇਰੀਆਂ ਮਾਨਵੀ ਸਮਾਜਿਕ ਕਦਰਾਂ-ਕੀਮਤਾਂ ਦੇ ਐਨੇ ਕਦਰਦਾਨ ਹਨ ਕਿ ਉਨ੍ਹਾਂ ਰਵਿੰਦਰ ਰਵੀ ਦੀ ਆਰਥਿਕ, ਸਮਾਜਿਕ ਅਤੇ ਮਨੋਵਿਗਿਆਨਕ ਸਥਿਤੀ ਨੂੰ ਸਮਝਦਿਆਂ ਵਿਦਿਅਕ ਸਫ਼ਰ ਵਿਚ ਹਰ ਤਰ੍ਹਾਂ ਮਦਦ ਕਰਦੇ ਹਨ।
ਰਵਿੰਦਰ ਨੇ ਯੂਜੀਸੀ ਪਾਸ ਕਰ ਲਿਆ ਹੈ। ਉਹ ਹੁਣ ਪ੍ਰੋਫੈਸਰ ਦੀਆਂ ਸੇਵਾਵਾਂ ਲਈ ਪ੍ਰੀਖਿਆ ਵਿੱਚ ਬੈਠਣ ਦੀ ਯੋਗਤਾ ਰੱਖਦਾ ਹੈ। ਉਹ ਅਜਿਹੇ ਮੌਕੇ ਦੀ ਭਾਲ਼ ਕਰਦਾ ਅਖਬਾਰਾਂ ਵਿੱਚ ਛਪਦੇ ਇਸ਼ਤਿਹਾਰਾਂ ਉੱਪਰ ਨਜ਼ਰ ਰੱਖਦਾ ਹੈ। ਉਸ ਦੇ ਜੀਵਨ ਸਫ਼ਰ ’ਤੇ ਝਾਤੀ ਮਾਰਿਆਂ ਪਤਾ ਲੱਗਦਾ ਹੈ ਕਿ 22 ਅਗਸਤ 1990 ਨੂੰ ਜਨਮੇ ਰਵਿੰਦਰ ਦਾ ਡੈਡੀ ਨੰਗਲ ਹਿਮਾਚਲ ਖੇਤਰ ਨਾਲ ਸਬੰਧਿਤ ਸੀ। ਨਾ ਜਾਣੇ ਕਿਉਂ, ਇਕ ਦਿਨ ਅਜਿਹਾ ਆਇਆ ਕਿ ਰਵੀ ਦੇ ਮਾਪਿਆਂ ਦਾ ਆਪਸੀ ਤਕਰਾਰ ਵਧਦਾ-ਵਧਦਾ ਤਲਾਕ ਤੱਕ ਪਹੁੰਚ ਗਿਆ। ਕੁਝ ਅਰਸੇ ਬਾਅਦ ਹੀ ਉਸ ਦੇ ਡੈਡੀ ਸਦੀਵੀ ਵਿਛੋੜਾ ਦੇ ਗਏ। ਉਸ ਮੌਕੇ ਰਵੀ ਪੰਜਵੀਂ ਦਾ ਵਿਦਿਆਰਥੀ ਸੀ। ਉਸ ਦਾ ਭਰਾ ਉਸ ਤੋਂ ਦੋ ਸਾਲ ਛੋਟਾ ਸੀ। ਉਦੋਂ ਇਹ ਬੱਚੇ ਸਿਵਲ ਲਾਈਨਜ਼ ਲੁਧਿਆਣਾ ਆਪਣੇ ਨਾਨਕੇ ਘਰ ਆਪਣੀ ਅੰਮੜੀ ਨਾਲ਼ ਰਹਿੰਦੇ ਸਨ।
ਫਿਰ ਉਹ ਮਾਮਾ ਜੀ ਰਾਹੀਂ ਜਲੰਧਰ ਆ ਗਏ। ਰਵੀ ਦੀ ਪੜ੍ਹਾਈ ਵਿੱਚੇ ਦਮ ਤੋੜ ਗਈ। ਰਵੀ ਨੇ ਜਲੰਧਰ ਬੱਸ ਅੱਡੇ ਤੋਂ ਮਕਸੂਦਾਂ ਤੱਕ ਆਟੋ ਚਲਾਉਣਾ ਸ਼ੁਰੂ ਕੀਤਾ। ਉਸ ਵੇਲੇ ਇੱਕ ਸਵਾਰੀ ਦਾ ਕਿਰਾਇਆ ਪੰਜ ਰੁਪਏ ਹੁੰਦਾ ਸੀ। ਉਹਨੇ 2007 ਤੋਂ 2010 ਤੱਕ ਆਟੋ ਚਲਾਇਆ। ਆਟੋ ਤੋਂ ਇਲਾਵਾ ਵੇਟਰ ਵਾਲੀ ਮਜ਼ਦੂਰੀ ਵੀ ਕੀਤੀ। ਜੇ ਵੇਟਰ ਦਾ ਕੰਮ ਨਾ ਮਿਲਣਾ ਤਾਂ ਡੀਜੇ ਸਾਊਂਡ ’ਤੇ ਮਜ਼ਦੂਰੀ ਕਰਨ ਵਿਆਹ ਅਤੇ ਵੰਨ-ਸਵੰਨੀਆਂ ਪਾਰਟੀਆਂ ’ਤੇ ਚਲੇ ਜਾਣਾ। ਮੁਸ਼ਕਿਲ ਨਾਲ ਰੋਟੀ-ਰੋਜ਼ੀ ਦਾ ਹੀਲਾ ਹੋਣਾ। ਉਹਨੂੰ ਅਧਵਾਟੇ ਛੁੱਟ ਗਈ ਪੜ੍ਹਾਈ ਦਾ ਝੋਰਾ ਵੱਢ-ਵੱਢ ਖਾਂਦਾ। ਉਹਨੇ ਸਰਕਾਰੀ ਸਪੋਰਟਸ ਕਾਲਜ ਵਿੱਚ ਦਾਖ਼ਲਾ ਲਿਆ ਅਤੇ ਕੰਮ ਦੇ ਨਾਲ-ਨਾਲ਼ ਪੜ੍ਹਾਈ ਵੀ ਕਰਨ ਲੱਗਾ। ਉਹਨੇ ਸਰਦੀਆਂ ਵਿੱਚ ਡੀਜੇ ਅਤੇ ਗਰਮੀਆਂ ਵਿੱਚ ਰੰਗ ਰੋਗਨ ਕਰਨ ਦਾ ਕੰਮ ਕਰਦੇ ਰਹਿਣਾ। ਦੋਆਬਾ ਕਾਲਜ ਜਲੰਧਰ ਤੋਂ 2018 ਵਿੱਚ ਐੱਮਏ ਕੀਤੀ। 2019 ’ਚ ਦਿੱਲੀ ਯੂਨੀਵਰਸਿਟੀ ਐੱਮਫਿੱਲ ਵਿਚ ਦਾਖ਼ਲਾ ਲਿਆ। ਉਹ ਹਰਜੀਤ ਅਟਵਾਲ ਦੇ ਨਾਵਲ ‘ਜੇਠੂ’ ਵਿੱਚ ਪਰਵਾਸੀ ਚੇਤਨਾ ਬਾਰੇ ਅਧਿਐਨ ਕਰਨ ਲੱਗਾ। ਯੂਨੀਵਰਸਿਟੀ ਦੇ ਹੋਸਟਲ ਵਿਚ ਕਮਰਾ ਮਿਲਣ ਕਾਰਨ ਵਡੇਰੇ ਆਰਥਿਕ ਬੋਝ ਤੋਂ ਕੁਝ ਰਾਹਤ ਮਿਲੀ। ਅਧਿਆਪਕ ਸਾਹਿਬਾਨ ਨੂੰ ਉਸ ਮੌਕੇ ਵੀ ਰਵੀ ਦੀ ਆਰਥਿਕ ਹਾਲਤ ਅਤੇ ਮਜ਼ਦੂਰੀ ਕਰਨ ਦਾ ਪਤਾ ਸੀ। ਉਹ ਹਰ ਰੋਜ਼ ਕਲਾਸ ਲਈ ਮਜਬੂਰ ਨਹੀਂ ਸੀ ਕਰਦੇ।
ਰਵੀ ਦਿੱਲੀ ਤੋਂ ਜਲੰਧਰ ਰੇਲ ਗੱਡੀ ਰਾਹੀਂ ਬਚਦਾ-ਬਚਾਉਂਦਾ ਆਉਂਦਾ। ਜਦੋਂ ਟਿਕਟ ਚੈੱਕ ਹੋਣ ਲੱਗਣੇ, ਲੈਟਰੀਨ ਦਾ ਦਰਵਾਜ਼ਾ ਅੰਦਰੋਂ ਬੰਦ ਕਰ ਕੇ ਡੰਗ ਟਪਾਉਣਾ। ਜਲੰਧਰ ਆ ਕੇ ਦਿਹਾੜੀਆਂ ਕਰਨੀਆਂ। ਫਿਰ ਦਿੱਲੀ ਯੂਨੀਵਰਸਿਟੀ ਜਾਣਾ। ਐੱਮਫਿਲ, ਯੂਜੀਸੀ ਨੈੱਟ ਕਲੀਅਰ ਕੀਤੇ। ਹੁਣ ਪੀਐੱਚਡੀ ਕਰ ਰਿਹਾ ਹੈ। ਉਹ ਦੇਸ਼ ਭਗਤ ਯਾਦਗਾਰ ਹਾਲ ਜਲੰਧਰ ਦੀ ਭਾਈ ਸੰਤੋਖ ਸਿੰਘ ਕਿਰਤੀ ਲਾਇਬਰੇਰੀ ਵਿੱਚ ਅਧਿਐਨ ਕਰਦਾ ਹੈ। ਨਾਲ-ਨਾਲ ਉਹ ਦੇਸ਼ ਭਗਤ ਯਾਦਗਾਰ ਹਾਲ ਵਿਚ ਜਦੋਂ ਮਿਲੇ, ਰੰਗ ਰੋਗਨ ਦਾ ਕੰਮ ਕਰਦਾ ਹੈ। ਬਾਹਰ ਵੀ ਜਿੱਥੇ ਕਿਤੇ ਕੋਈ ਕੰਮ ਮਿਲੇ, ਉਹ ਖਿੜੇ ਮੱਥੇ ਕਰਦਾ ਹੈ। ਉਸ ਦਾ ਛੋਟਾ ਭਰਾ ਮੋਟਰਸਾਈਕਲ ਮਕੈਨਿਕ ਦਾ ਕੰਮ ਸਿੱਖ ਰਿਹਾ ਹੈ। ਰਵੀ ਦੀ ਮਿਹਨਤੀ ਮਾਂ ਡੇਢ ਦਹਾਕੇ ਤੋਂ ਲੋਕਾਂ ਦੀਆਂ ਕੋਠੀਆਂ ਵਿਚ ਸਫ਼ਾਈ ਦਾ ਕੰਮ ਕਰ ਰਹੀ ਹੈ। ਬਾਅਦ ਦੁਪਹਿਰ 3 ਵਜੇ ਤੋਂ ਰਾਤ 9 ਵਜੇ ਤੱਕ ਸਬਜ਼ੀ ਦੀ ਰੇਹੜੀ ਲਗਾਉਂਦੀ ਹੈ। ਉਹਦੀ ਭੈਣ ਬਾਰ੍ਹਵੀਂ ਜਮਾਤ ਵਿਚ ਪੜ੍ਹਦੀ ਹੈ ਅਤੇ ਘਰ ਦੇ ਕੰਮ ਕਾਰ ਵਿਚ ਮਾਂ ਦਾ ਸਹਾਰਾ ਬਣਦੀ ਹੈ।
ਉਸ ਦਾ ਕਹਿਣਾ ਹੈ ਕਿ ਦੇਸ਼ ਭਗਤ ਯਾਦਗਾਰ ਹਾਲ ਜਲੰਧਰ ਦੀ ਲਾਇਬਰੇਰੀ, ਇੱਥੇ ਹੁੰਦੀਆਂ ਸਰਗਰਮੀਆਂ, ਮੇਲਾ ਗ਼ਦਰੀ ਬਾਬਿਆਂ ਦਾ ਅਤੇ ਬਾਬਿਆਂ ਦਾ ਜੀਵਨ ਸੰਗਰਾਮ ਜਾਣ ਕੇ ਬਹੁਤ ਊਰਜਾ ਅਤੇ ਦੂਰਅੰਦੇਸ਼ੀ ਮਿਲਦੀ ਹੈ। ਰਵੀ ਮਹਿਸੂਸ ਕਰਦਾ ਕਿ ਉਸ ਦੇ ਗਮਾਂ ਦੇ ਦਰਦੀ ਦੇਸ਼ ਭਗਤ ਯਾਦਗਾਰ ਹਾਲ ਵਿਚ ਉਸ ਨੂੰ ਮਾਂ ਦੀ ਬੁੱਕਲ ਵਰਗਾ ਨਿੱਘ ਮਿਲਿਆ ਹੈ। ਉਸ ਮੁਤਾਬਿਕ, “ਮੈਂ ਦੇਸ਼ ਭਗਤ ਯਾਦਗਾਰ ਹਾਲ ਰੰਗ ਕਰਦਾ ਹੋਰ ਵੀ ਸਿ਼ੱਦਤ ਨਾਲ ਮਹਿਸੂਸ ਕਰਦਾ ਹਾਂ ਕਿ ਦੇਸ਼ ਭਗਤਾਂ ਨੇ ਜਿਹੋ ਜਿਹੀ ਚੰਨ ਚਾਨਣੀ ਰਾਤ ਅਤੇ ਦੁਪਹਿਰ ਖਿੜੀ ਵਰਗੇ ਦਿਨਾਂ ਦੀ ਆਜ਼ਾਦੀ ਬਾਰੇ ਸੁਫਨੇ ਲਏ ਸੀ, ਉਹ ਪੂਰੇ ਨਹੀਂ ਹੋਏ।... ਮੇਰੀ ਮਾਂ ਨੇ ਮੈਨੂੰ ਹਮੇਸ਼ਾ ਪਿਆਰ ਨਾਲ ਰਵੀ ਕਹਿ ਕੇ ਬੁਲਾਇਆ ਹੈ ਪਰ ਮੈਂ ਆਪਣੇ ਆਪ ਨਾਲ ਗੱਲਾਂ ਕਰਦਾ ਰਹਿੰਦਾ ਹਾਂ ਕਿ ‘ਰਵੀ! ਕਿੱਥੇ ਹੈ ਮੇਰੇ ਹਿੱਸੇ ਦਾ ਰਵੀ? ਕਿਹੜੇ ਬੱਦਲਾਂ ਓਹਲੇ ਛੁਪ ਗਿਆ ਮੇਰਾ ਰਵੀ?
ਸੰਪਰਕ: 98778-68710