ਕਿਸੇ ਵੀ ਕੀਮਤ ’ਤੇ ਨਹੀਂ ਚੱਲਣ ਦਿਆਂਗੇ ਬਾਇਓ ਗੈਸ ਫੈਕਟਰ: ਸੰਘਰਸ਼ ਕਮੇਟੀ
ਨੇੜਲੇ ਪਿੰਡ ਅਖਾੜਾ ਵਿੱਚ ਪਿਛਲੇ ਸਾਲ ਦੀ 30 ਅਪਰੈਲ ਤੋਂ ਚੱਲ ਰਹੇ ਲੋਕ ਸੰਘਰਸ਼ ਨੂੰ ਹੁਣ ਨਵੇਂ ਸਾਲ ਵਿੱਚ ਅੱਠ ਮਹੀਨੇ ਪੂਰੇ ਹੋਣ ’ਤੇ ਹੋਈ ਇਕੱਤਰਤਾ ਵਿੱਚ ਅੱਜ ਗੈਸ ਫੈਕਟਰੀ ਕਿਸੇ ਵੀ ਕੀਮਤ ’ਤੇ ਨਾ ਚੱਲਣ ਦਾ ਅਹਿਦ ਦੁਹਰਾਇਆ ਗਿਆ। ਧਰਨਾ ਸਥਲ ’ਤੇ ਬਾਇਓ ਗੈਸ ਫੈਕਟਰੀ ਵਿਰੋਧੀ ਸੰਘਰਸ਼ ਕਮੇਟੀ ਦੀ ਹੋਈ ਇਕੱਤਰਤਾ ਵਿੱਚ ਪ੍ਰਸ਼ਾਸਨ ਵੱਲੋਂ ਦਿੱਤੇ ਜਾ ਰਹੇ ਸੁਝਾਵਾਂ ਤੇ ਵੱਖ-ਵੱਖ ਢੰਗਾਂ ਰਾਹੀਂ ਪਾਏ ਜਾ ਰਹੇ ਦਬਾਅ ਦਾ ਨੋਟਿਸ ਲੈਂਦਿਆਂ ਕਿਹਾ ਗਿਆ ਕਿ ਅਖਾੜਾ ਗੈਸ ਫੈਕਟਰੀ ਕਿਸੇ ਵੀ ਸੂਰਤ ਵਿੱਚ ਨਹੀਂ ਚੱਲਣ ਦਿੱਤੀ ਜਾਵੇਗੀ।
ਸੰਘਰਸ਼ ਕਮੇਟੀ ਦੇ ਆਗੂ ਗੁਰਤੇਜ ਸਿੰਘ ਤੇਜ ਅਤੇ ਸੁਖਜੀਤ ਸਿੰਘ ਅਖਾੜਾ ਨੇ ਦੱਸਿਆ ਕਿ ਹੈਰਾਨੀ ਤੇ ਅਫ਼ਸੋਸ ਦੀ ਗੱਲ ਹੈ ਕਿ ਪੰਜਾਬ ਸਰਕਾਰ ਨਾਲ ਤਾਲਮੇਲ ਕਮੇਟੀ ਦੀਆਂ ਵੱਖ-ਵੱਖ ਪੱਧਰ ’ਤੇ ਹੋਈਆਂ ਅਨੇਕਾਂ ਮੀਟਿੰਗਾਂ ਵਿੱਚ ਇਹ ਸਾਬਤ ਕਰਨ ਦੇ ਬਾਵਜੂਦ ਕਿ ਇਹ ਫੈਕਟਰੀਆਂ ਜਨਸਿਹਤ ਅਤੇ ਵਾਤਾਵਰਨ ਦੀ ਤਬਾਹੀ ਦਾ ਸੰਦ ਹਨ, ਸਰਕਾਰ ਇਨ੍ਹਾਂ ਲੋਕ ਵਿਰੋਧੀ ਫ਼ੈਕਟਰੀਆਂ ਨੂੰ ਪੱਕੇ ਤੌਰ ’ਤੇ ਬੰਦ ਨਹੀਂ ਕਰ ਰਹੀ। ਹਾਈ ਕੋਰਟ ਵਿੱਚ ਪੰਜਾਬ ਸਰਕਾਰ ਵੱਲੋਂ ਅਪਣੇ ਵਕੀਲ ਰਾਹੀਂ ਸਹੀ ਪੱਖ ਨਹੀਂ ਰੱਖੇ ਜਾ ਰਹੇ। ਕੋਰਟ ਨੂੰ ਸਾਰੀ ਹਕੀਕਤ ਤੋਂ ਹਨੇਰੇ ਵਿੱਚ ਰੱਖ ਕੇ ਸਬੰਧਤ ਪਿੰਡਾਂ ਦੇ ਲੋਕਾਂ ਦੇ ਵਿਸਵਾਸ਼ ਨਾਲ ਖਿਲਵਾੜ ਕੀਤਾ ਜਾ ਰਿਹਾ ਹੈ।
ਤਾਲਮੇਲ ਕਮੇਟੀ ਵੱਲੋਂ ਇੰਨਾਂ ਫੈਕਟਰੀਆਂ ਨੂੰ ਵਿਗਿਆਨਕ ਆਧਾਰ ’ਤੇ ਕੈਂਸਰ ਫੈਕਟਰੀਆਂ ਸਾਬਤ ਕਰਨ ਦੇ ਬਾਵਜੂਦ ਪੰਜਾਬ ਸਰਕਾਰ ਜਾਣਬੁੱਝ ਕੇ ਸਮਾਂ ਟਪਾ ਰਹੀ ਹੈ। ਲੋਕ ਸਭਾ ਚੋਣਾਂ ਵਿੱਚ ਇਨ੍ਹਾਂ ਸਬੰਧਤ ਪਿੰਡਾਂ ਵੱਲੋਂ ਮੁਕੰਮਲ ਬਾਈਕਾਟ ਕਰਨ ਦੇ ਬਾਵਜੂਦ ਸਰਕਾਰ ਨੇ ਕੰਧ ’ਤੇ ਲਿਖਿਆ ਅਜੇ ਤੱਕ ਨਹੀਂ ਪੜ੍ਹਿਆ। ਉਨ੍ਹਾਂ ਕਿਹਾ ਕਿ ਪੁਲਸੀਆ ਜ਼ੋਰ ਜਬਰ ਕਿਸੇ ਵੀ ਹਾਲਤ ਵਿੱਚ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਆਗੂਆਂ ਨੇ ਦੱਸਿਆ ਕਿ 6 ਜਨਵਰੀ ਨੂੰ ਸਮੁੱਚੇ ਪਿੰਡ ਦੇ ਲੋਕਾਂ ਅਤੇ ਪੰਚਾਇਤ ਦੀ ਗੁਰਦੁਆਰਾ ਸਾਹਿਬ ਦੇ ਸਰੋਵਰ ’ਤੇ ਇੱਕਤਰਤਾ ਕੀਤੀ ਜਾਵੇਗੀ ਜਿਸ ਵਿੱਚ ਅਗਲੇ ਐਕਸ਼ਨ ਪ੍ਰੋਗਰਾਮ ਦਾ ਐਲਾਨ ਕੀਤਾ ਜਾਵੇਗਾ। ਇਕੱਤਰਤਾ ਵਿੱਚ ਜਸਬੀਰ ਸਿੰਘ, ਹਰਦੇਵ ਸਿੰਘ ਅਖਾੜਾ, ਸਵਰਨ ਸਿੰਘ, ਜਗਦੇਵ ਸਿੰਘ, ਹਰਦੀਪ ਸਿੰਘ ਦੀਪਾ, ਦਰਸ਼ਨ ਸਿੰਘ, ਮਨਿੰਦਰ ਸਿੰਘ, ਬਹਾਦਰ ਸਿੰਘ ਸਮੇਤ ਸਮੂਹ ਪੰਚਾਇਤ ਅਤੇ ਕਮੇਟੀ ਮੈਂਬਰ ਤੇ ਹੋਰ ਹਾਜ਼ਰ ਸਨ।